ਸਕੂਲ ਸਿੱਖਿਆ ਦੀ ਸਥਿਤੀ
ਦੇਸ਼ ਵਿੱਚ ਸਿੱਖਿਆ ਦੀ ਸਥਿਤੀ ਬਾਰੇ ਸਾਲਾਨਾ (ਏਐੱਸਈਆਰ) ਰਿਪੋਰਟ-2024 ਵਿੱਚ ਉੱਤਰੀ ਖਿੱਤੇ ਵਿੱਚ ਦਿਹਾਤੀ ਸਕੂਲ ਸਿੱਖਿਆ ਬਾਰੇ ਰਲੀ-ਮਿਲੀ ਜਿਹੀ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਗਣਿਤ ਅਤੇ ਡਿਜੀਟਲ ਸਾਖਰਤਾ ਮੁਤੱਲਕ ਹਾਂਦਰੂ ਸੰਕੇਤ ਮਿਲੇ ਹਨ ਜਦੋਂਕਿ ਪੜ੍ਹਨ ਦੀ ਕੁਸ਼ਲਤਾ ਵਿੱਚ ਅਜੇ ਵੀ ਕੋਈ ਸੁਧਾਰ ਦੇਖਣ ਨੂੰ ਨਹੀਂ ਮਿਲ ਸਕਿਆ। ਪੰਜਾਬ ਵਿੱਚ ਖ਼ਾਸ ਤੌਰ ’ਤੇ ਸਰਕਾਰੀ ਸਕੂਲਾਂ ਨੇ ਜ਼ਿਆਦਾਤਰ ਪੱਖਾਂ ਦੇ ਲਿਹਾਜ਼ ਤੋਂ ਰਾਸ਼ਟਰੀ ਔਸਤ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਰਿਪੋਰਟ ਮੁਤਾਬਿਕ, ਤੀਜੀ ਜਮਾਤ ਦੇ ਸਿਰਫ਼ 34 ਫ਼ੀਸਦੀ ਬੱਚੇ ਹੀ ਦੂਜੀ ਜਮਾਤ ਦੀ ਕਿਤਾਬ ਪੜ੍ਹਨ ਦੇ ਸਮੱਰਥ ਹਨ ਜੋ ਬਹੁਤੀ ਚੰਗੀ ਔਸਤ ਨਹੀਂ ਕਹੀ ਜਾ ਸਕਦੀ ਪਰ ਗਣਿਤ ਦੇ ਜਮ੍ਹਾਂ ਅਤੇ ਵੰਡ ਦੇ ਸਵਾਲ ਹੱਲ ਕਰਨ ਵਿੱਚ ਕੁਝ ਸੁਧਾਰ ਹੋਇਆ ਹੈ। ਪੰਜਾਬ ਵਿੱਚ ਬੱਚੇ ਦੇ ਸ਼ੁਰੂਆਤੀ ਸਾਲਾਂ ਦੀ ਸਿੱਖਿਆ ਉੱਪਰ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਜੋ ਇਸ ਗੱਲ ਤੋਂ ਨਜ਼ਰ ਆ ਰਿਹਾ ਹੈ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਦਾਖ਼ਲੇ 85 ਫ਼ੀਸਦੀ ਤੱਕ ਪਹੁੰਚ ਗਏ ਹਨ। ਬਹਰਹਾਲ, ਪੜ੍ਹਨ ਦੇ ਖੱਪੇ ਫ਼ਿਕਰਮੰਦੀ ਦਾ ਸਬਬ ਬਣੇ ਹੋਏ ਹਨ ਜਿਸ ਤੋਂ ਸੰਕੇਤ ਮਿਲ ਰਹੇ ਹਨ ਕਿ ਬੁਨਿਆਦੀ ਸਾਖਰਤਾ ਦੀਆਂ ਵਿਵਸਥਾਵਾਂ ਵਿੱਚ ਕਮੀਆਂ ਮੌਜੂਦ ਹਨ।
ਹਰਿਆਣਾ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਸਿੱਖਿਆ ਪ੍ਰਾਪਤੀਆਂ ਵਿੱਚ ਭਰਵਾਂ ਵਾਧਾ ਹੋਇਆ ਹੈ ਅਤੇ ਗਣਿਤ ਦੀ ਕੁਸ਼ਲਤਾ ਪੱਖੋਂ ਇਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਉਂਝ, ਪੜ੍ਹਨ ਦੀ ਯੋਗਤਾ ਦੇ ਮਾਮਲੇ ਵਿੱਚ ਹਰਿਆਣਾ ਪੰਜਾਬ ਅਤੇ ਹਿਮਾਚਲ ਨਾਲੋਂ ਅਜੇ ਵੀ ਪਿਛਾਂਹ ਚੱਲ ਰਿਹਾ ਹੈ। ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ’ਚ ਆਈ ਗਿਰਾਵਟ ਦਰਸਾਉਂਦੀ ਹੈ ਕਿ ਮਹਾਮਾਰੀ ਕਾਰਨ ਬਣੇ ਰੁਝਾਨ ਨੂੰ ਮੋੜਾ ਪੈ ਰਿਹਾ ਹੈ ਜਿਸ ਨੇ ਦਿਹਾਤੀ ਸਕੂਲਾਂ ’ਚ ਮਿਆਰ ਸਬੰਧੀ ਧਾਰਨਾਵਾਂ ਤੇ ਬੁਨਿਆਦੀ ਢਾਂਚੇ ’ਤੇ ਸਵਾਲ ਖੜ੍ਹੇ ਕੀਤੇ ਹਨ। ਹਿਮਾਚਲ ਪ੍ਰਦੇਸ਼ ਨੇ ਇਸ ਮਾਮਲੇ ’ਚ ਨਿਰੰਤਰ ਸ਼ਾਨਦਾਰੀ ਕਾਰਗੁਜ਼ਾਰੀ ਦਿਖਾਈ ਹੈ। ਅੱਠਵੀਂ ਜਮਾਤ ਦੇ 84.2 ਪ੍ਰਤੀਸ਼ਤ ਵਿਦਿਆਰਥੀਆਂ ਨੇ ਪੜ੍ਹਨ ਦੀ ਉੱਚ ਯੋਗਤਾ ਦਾ ਮੁਜ਼ਾਹਰਾ ਕੀਤਾ ਹੈ ਤੇ ਗਣਿਤ ’ਚ ਵੀ ਲੰਮੀ ਛਾਲ ਮਾਰੀ ਹੈ। ਇਹ ਭਾਰਤ ਦੇ ਚੋਟੀ ਦੇ ਰਾਜਾਂ ਵਿੱਚ ਸ਼ੁਮਾਰ ਹੈ। ਭੂਗੋਲਿਕ ਚੁਣੌਤੀਆਂ ਦੇ ਬਾਵਜੂਦ ਰਾਜ ’ਚ ਅਧਿਆਪਕਾਂ ਦੀ ਢੁੱਕਵੀਂ ਗਿਣਤੀ ਤੇ ਬੁਨਿਆਦੀ ਢਾਂਚੇ ਦਾ ਸੁਧਾਰ, ਬਾਕੀਆਂ ਲਈ ਆਦਰਸ਼ ਹੈ। ਜੰਮੂ ਕਸ਼ਮੀਰ ਵੱਧ ਬਾਰੀਕ ਤਸਵੀਰ ਪੇਸ਼ ਕਰਦਾ ਹੈ। ਦਾਖ਼ਲਿਆਂ ਦੀ ਦਰ ਭਾਵੇਂ ਉੱਚੀ ਹੈ ਪਰ ਲਿਖਣ-ਪੜ੍ਹਨ ਦੇ ਪੱਖ ਤੋਂ ਇਹ ਕੌਮੀ ਔਸਤ ਨਾਲੋਂ ਪੱਛਡਿ਼ਆ ਹੋਇਆ ਹੈ। ਵਧ ਰਿਹਾ ਡਿਜੀਟਲ ਖੱਪਾ ਵੀ ਚਿੰਤਾ ਦਾ ਵਿਸ਼ਾ ਹੈ ਜਿੱਥੇ ਲੜਕੇ ਸਮਾਰਟਫੋਨ ਵਰਤੋਂ ਅਤੇ ਡਿਜੀਟਲ ਸਾਖਰਤਾ ਦੇ ਮਾਮਲੇ ’ਚ ਲੜਕੀਆਂ ਤੋਂ ਅੱਗੇ ਨਿਕਲ ਰਹੇ ਹਨ।
ਏਐੱਸਈਆਰ ਮੁਤਾਬਿਕ ਬੁਨਿਆਦੀ ਸਿੱਖਿਆ ’ਚ ਯੋਜਨਾਬੱਧ ਢੰਗ ਨਾਲ ਦਖ਼ਲ ਦੇਣ ਦੀ ਲੋੜ ਹੈ। ਪੰਜਾਬ ਅਤੇ ਹਰਿਆਣਾ ਵਿੱਚ ਖ਼ਾਸ ਤੌਰ ’ਤੇ, ਤਰਜੀਹ ਪੜ੍ਹਨ ਦੀ ਯੋਗਤਾ ਨੂੰ ਬਿਹਤਰ ਕਰਨਾ ਹੋਣੀ ਚਾਹੀਦੀ ਹੈ। ਅਧਿਆਪਕਾਂ ਦੀ ਸਿਖਲਾਈ ਤੇ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਕਰ ਕੇ ਅਤੇ ਨੀਤੀ ਦੀ ਨਿਰੰਤਰ ਸਮੀਖਿਆ ਰਾਹੀਂ ਕਾਬਲੀਅਤ ਦੇ ਇਸ ਖੱਪੇ ਨੂੰ ਪੂਰਿਆ ਜਾ ਸਕਦਾ ਹੈ।