ਸ਼ਾਹਕੋਟ: ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਨਰੋਤਮ ਸਿੰਘ ਤੇ ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਹੇਠ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਪੰਜਾਬੀ ਵਿਭਾਗ ਵੱਲੋਂ ਕਰਵਾਏ ਇਸ ਸਮਾਗਮ ’ਚ ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀ ਇਤਿਹਾਸਿਕ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਆਦਰਸ਼ ਨਾਗਰਿਕ ਬਣ ਕੇ ਜੀਵਨ ਦੀ ਮੰਜ਼ਿਲ ਸਰ ਕਰਨ ਵਾਸਤੇ ਸਖਤ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ। ਨੌਵੀਂ ਦੀ ਖੁਸ਼ਲੀਨ ਕੌਰ ਨੇ ਵਿਸਾਖੀ ਬਾਰੇ ਵਿਚਾਰ ਸਾਂਝੇ ਕੀਤੇ। ਬਾਰ੍ਹਵੀਂ ਦੀ ਐਸ਼ਵੀਨ ਕੌਰ ਨੇ ਕਵਿਤਾ ਅਤੇ ਨਵਜੋਤ ਕੌਰ ਨੇ ਵਿਸਾਖੀ ਨਾਲ ਸਬੰਧਿਤ ਸਵਾਲ ਵਿਦਿਆਰਥੀਆਂ ਅੱਗੇ ਰੱਖੇ। -ਪੱਤਰ ਪ੍ਰੇਰਕ