ਸਕੂਲੀ ਖੇਡਾਂ ’ਚ ਛਾਇਆ ਦੀਵਾਨਾ ਦਾ ਅੰਮ੍ਰਿਤਪਾਲ ਸਿੰਘ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 30 ਨਵੰਬਰ
ਪਿੰਡ ਦੀਵਾਨਾ ਦੇ ਖੇਡ ਮੈਦਾਨ ਦੇ ਉਪਰਾਲੇ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਇਥੋਂ ਦੇ ਖਿਡਾਰੀ ਅੰਮ੍ਰਿਤਪਾਲ ਸਿੰਘ ਨੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਨਾਮਣਾ ਖੱਟਿਆ ਹੈ। ਲਖਨਊ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਹੋਏ ਕੌਮੀ ਸਕੂਲੀ ਮੁਕਾਬਲਿਆਂ ਵਿੱਚ ਉਸ ਨੇ ਲੰਬੀ ਛਾਲ ਵਿੱਚ ਦੇਸ਼ ਭਰ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
15 ਸਾਲਾ ਅੰਮ੍ਰਿਤਪਾਲ ਸਿੰਘ ਨੇ ਅੰਡਰ-17 ਦੇ ਲੌਂਗ ਜੰਪ ਮੁਕਾਬਲੇ ਵਿੱਚ ਪੰਜਾਬ ਵੱਲੋਂ ਭਾਗ ਲਿਆ ਸੀ ਅਤੇ ਉਹ ਦੂਜੇ ਨੰਬਰ ’ਤੇ ਰਿਹਾ ਹੈ। ਉਹ ਪਿਛਲੇ ਢਾਈ ਸਾਲ ਤੋਂ ਇਸ ਖੇਡ ਮੈਦਾਨ ਵਿੱਚ ਕੋਚ ਬਲਕਾਰ ਸਿੰਘ ਤੋਂ ਸਿਖਲਾਈ ਲੈ ਰਿਹਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਜ਼ੋਨ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਉਹ ਅੱਗੇ 7 ਦਸੰਬਰ ਤੋਂ ਹੋਣ ਜਾ ਰਹੀ ਭੁਵਨੇਸ਼ਵਰ ਵਿੱਚ ਹੋਣ ਜਾ ਰਹੀ ਰਾਸ਼ਟਰੀ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਵੀ ਭਾਗ ਲਵੇਗਾ।
ਕੋਚ ਬਲਕਾਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਤੋਂ ਇਲਾਵਾ ਇੱਕ ਹੋਰ ਖਿਡਾਰੀ ਦਿਲਪ੍ਰੀਤ ਸਿੰਘ ਪੁਣੇ ਵਿੱਚ ਅੰਡਰ-14 ਦੇ ਰਾਸ਼ਟਰੀ ਸਕੂਲੀ ਮੁਕਾਬਲਿਆਂ ਵਿੱਚ 80 ਮੀਟਰ ਹਰਡਲਜ਼ ਰੇਸ ਵਿੱਚ ਭਾਗ ਲਵੇਗਾ ਅਤੇ ਉਸ ਤੋਂ ਵੀ ਤਗ਼ਮੇ ਦੀ ਉਮੀਦ ਹੈ।
ਪਿੰਡ ਦੇ ਸਰਪੰਚ ਰਣਧੀਰ ਨੇ ਇਸ ਪ੍ਰਾਪਤੀ ’ਤੇ ਖਿਡਾਰੀ ਅੰਮ੍ਰਿਤਪਾਲ ਉਸ ਦੇ ਕੋਚ ਅਤੇ ਖੇਡ ਮੈਦਾਨ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਖਿਡਾਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਹਰ ਸਹੂਲਤ ਵਿੱਚ ਮਦਦ ਕੀਤੀ ਜਾਵੇਗੀ।