ਸਕੂਲਾਂ ਨੂੰ ਫੰਡਾਂ ਦੀ ਘਾਟ ਨਹੀਂ ਆਉਣ ਦਿਆਂਗੇ: ਪਠਾਣਮਾਜਰਾ
ਪੱਤਰ ਪ੍ਰੇਰਕ
ਦੇਵੀਗੜ੍ਹ, 11 ਅਪਰੈਲ
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਹਾਈ ਸਕੂਲ ਦੁੱਧਨਸਾਧਾਂ ਅਤੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਬਿੰਜਲ ਵਿੱਚ ਬਣੇ ਕਮਰਿਆਂ ਦੇ ਉਦਘਾਟਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਕੀਤੇ। ਉਦਘਾਟਨੀ ਸਮਾਰੋਹ ਵਾਲੇ ਸਕੂਲਾਂ ਵੱਲੋਂ ਵਿੱਦਿਅਕ ਪ੍ਰਦਰਸ਼ਨੀਆਂ, ਦੇਸ਼ ਭਗਤੀ ਗੀਤ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਗਤੀਵਿਧੀਆਂ ਰਾਹੀਂ ਮਾਪਿਆਂ ਅਤੇ ਪਤਵੰਤਿਆਂ ਨੂੰ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਜਾਗਰੂਕ ਕੀਤਾ ਗਿਆ।
ਇਨ੍ਹਾਂ ਉਦਘਾਟਨ ਸਮਾਰੋਹਾਂ ਵਿੱਚ ਹਰਜਸ਼ਨ ਪਠਾਣਮਾਜਰਾ ਨੇ ਪੰਜਾਬ ਸਰਕਾਰ ਦੇ ਵੱਲੋਂ ਇਸ ਵਾਰ ਬਜਟ ਵਿੱਚ ਸਿੱਖਿਆ ਲਈ ਰੱਖੇ 12 ਫ਼ੀਸਦ ਵਾਧੇ ਵਾਲੇ ਬਜਟ, ਸਕੂਲਾਂ ਵਿੱਚ ਕੈਂਪਸ ਮੈਨੇਜਰ ਅਤੇ ਸਕਿਓਰਿਟੀ ਗਾਰਡਾਂ ਦੀਆਂ ਅਸਾਮੀਆਂ ਭਰਨ, ਅਧਿਆਪਕਾਂ ਦੀ ਮਿਆਰੀ ਸਿਖਲਾਈ ਲਈ ਫਿਨਲੈਂਡ ਅਤੇ ਸਿੰਘਾਪੁਰ ਭੇਜੇ ਜਾਣ ਬਾਰੇ ਮਾਪਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਨੇ ਸਾਲਾਨਾ ਇਮਤਿਹਾਨਾਂ ਵਿੱਚ ਅੱਵਲ ਰਹਿਣ ਵਾਲੇ, ਸਹਿ ਅਕਾਦਮਿਕ ਕਿਰਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਤੇ ਬਿਜ਼ਨਸ ਬਲਾਸਟਰ ਸਕੀਮਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਵੀ ਕੀਤੀ। ਇਨ੍ਹਾਂ ਸਮਾਗਮਾਂ ਵਿੱਚ ਗੁਰਪ੍ਰੀਤ ਸਿੰਘ ਗੁਰੀ ਪੀ.ਏ., ਸਿਮਰਜੀਤ ਸਿੰਘ ਸੋਹਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦੁੱਧਨਸਾਧਾਂ, ਬਲਜੀਤ ਕੌਰ ਬੀਪੀਈਓ ਦੇਵੀਗੜ੍ਹ ਤੋਂ ਇਲਾਵਾ ਦੋਵਾਂ ਸਕੂਲਾਂ ਦੇ ਪ੍ਰਿੰਸੀਪਲ, ਇੰਚਾਰਜ ਅਤੇ ਹੋਰ ਸਟਾਫ ਵੀ ਮੌਜੂਦ ਸਨ।