ਸਕੂਲਾਂ ’ਚ ਵਿਸਾਖੀ ਉਤਸ਼ਾਹ ਨਾਲ ਮਨਾਈ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਅਪਰੈਲ
ਪੰਜਾਬ ਦੇ ਸੱਭਿਆਚਾਰ ਦਾ ਇਕ ਵਿਸ਼ੇਸ਼ ਰੰਗ ਅੱਜ ਕਣਕ ਦੇ ਖੇਤਾਂ ਵਿਚ ਦੇਖਣ ਨੂੰ ਮਿਲਿਆ ਜਿੱਥੇ ਸਕਾਲਰ ਫ਼ੀਲਡ ਸਕੂਲ ਦੇ ਬੱਚੇ ਪੂਰੇ ਸੱਭਿਆਚਾਰਕ ਰੰਗ ਵਿਚ ਰੰਗੇ ਨਜ਼ਰ ਆਏ। ਵਿਸਾਖੀ ਰੰਗ ਵਿਚ ਰੰਗੇ ਸਕਾਲਰ ਫ਼ੀਲਡ ਪਬਲਿਕ ਸਕੂਲ ਦੇ ਬੱਚੇ ਭੰਗੜੇ ਦੇ ਪੂਰੇ ਸਾਜ਼ ਨਾਲ ਲੈ ਕੇ ਕਣਕ ਦੇ ਖੇਤਾਂ ਵਿਚ ਵਿਸਾਖੀ ਦਾ ਤਿਉਹਾਰ ਮਨਾਉਣ ਆਏ ਸਨ ਇੱਥੇ ਉਨ੍ਹਾਂ ਢੋਲ ਦੇ ਡੱਗਿਆਂ ਤੇ ਡਫਲੀ ਦੀ ਤਾਲ ਵਿਚ ਵਿਸਾਖੀ ਦੇ ਗੀਤ ਵੀ ਗਾਏ। ਬੱਚੇ ਗੀਤ ਗਾ ਰਹੇ ਸਨ ‘ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’।
ਡਾ. ਗੁਰਮੀਤ ਕੱਲਰਮਾਜਰੀ ਨੇ ਕਿਹਾ ਕਿ ਰੁੱਤਾਂ ਬਦਲ ਰਹੀਆਂ ਹਨ, ਵਿਸਾਖੀ ਦੇ ਖ਼ਾਸ ਦਿਹਾੜੇ ਇਹ ਗੀਤ ਦੀਆਂ ਸੱਤਰਾਂ ਪੰਜਾਬੀ ਦੇ ਨਾਮਵਰ ਕਵੀ ਧਨੀ ਰਾਮ ਚਾਤ੍ਰਿਕ ਨੇ ਲਿਖੀਆਂ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਮਾਡਲ ਸਕੂਲ ਦੁੱਧਨਸਾਧਾਂ ਵਿੱਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।
ਸਮਾਗਮ ਦੌਰਾਨ ਬੱਚਿਆਂ ਵੱਲੋਂ ਗਿੱਧਾ ਭੰਗੜਾ ਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਬੱਚਿਆਂ ਅਤੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸੇ ਤਰ੍ਹਾਂ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਵਿੱਚ ਪ੍ਰਿੰਸੀਪਲ ਨਵਤੇਜ ਸਿੰਘ ਦੀ ਅਗਵਾਈ ਹੇਠ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ।
ਮੂਨਕ (ਕਰਮਵੀਰ ਸਿੰਘ ਸੈਣੀ): ਕਰਨਲ ਪਬਲਿਕ ਸਕੂਲ ਚੂੜਲ ਕਲਾਂ ਵਿੱਚ ਵਿਦਿਆਰਥੀਆਂ ਵੱਲੋਂ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਦੀਆਂ ਵਿਸਾਖੀ ਨਾਲ ਸਬੰਧਤ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਪ੍ਰਿੰਸੀਪਲ ਸੰਜੀਵ ਡਬਰਾਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ। ਗਰੁੱਪ ਦੇ ਡਾਇਰੈਕਟਰ ਕਰਨਲ (ਸੇਵਾਮੁਕਤ) ਓਪੀ ਰਾਠੀ ਅਤੇ ਚੰਦਰ ਕਲਾਂ ਰਾਠੀ ਵੀ ਮੌਜੂਦ ਰਹੇ ਜਿਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਮੰਚ ਸੰਚਾਲਕ ਦੀ ਭੂਮਿਕਾ ਸ਼ਾਲੂ ਸਿੰਗਲਾ ਨੇ ਨਿਭਾਈ।