ਹਰਪ੍ਰੀਤ ਕੌਰ ਸੰਧੂਜ਼ਿੰਦਗੀ ਵਿੱਚ ਅਕਸਰ ਅਜਿਹੇ ਬਹੁਤ ਸਾਰੇ ਮੌਕੇ ਆਉਂਦੇ ਹਨ ਜਦੋਂ ਤੁਹਾਡੇ ਆਪਣੇ ਤੁਹਾਨੂੰ ਬਹੁਤ ਤਕਲੀਫ਼ ਦਿੰਦੇ ਹਨ। ਇਸ ਸਮੇਂ ਇਹ ਤੁਹਾਡੇ ਆਪਣੇ ਹੱਥ ਵਿੱਚ ਹੁੰਦਾ ਹੈ ਕਿ ਤੁਸੀਂ ਉਸ ਦੁੱਖ ਨੂੰ ਸਹਿਣ ਕਰਕੇ ਉਨ੍ਹਾਂ ਨੂੰ ਮੁਆਫ਼ ਕਰ ਦੇਣਾ ਹੈ ਜਾਂ ਫਿਰ ਉਨ੍ਹਾਂ ਤੋਂ ਬਦਲਾ ਲੈਣਾ ਹੈ। ਬਦਲਾ ਲੈਣ ਤੋਂ ਭਾਵ ਉਨ੍ਹਾਂ ਨੂੰ ਤਕਲੀਫ਼ ਦੇਣਾ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਨ੍ਹਾਂ ਨੇ ਤੁਹਾਨੂੰ ਤਕਲੀਫ਼ ਦਿੱਤੀ ਹੈ।ਅਕਸਰ ਲੋਕ ਸਾਹਮਣੇ ਵਾਲੇ ਦੇ ਵਿਹਾਰ ਦਾ ਮੁਕਾਬਲਾ ਉਸੇ ਤਰੀਕੇ ਨਾਲ ਕਰਨ ਦੀ ਸੋਚਦੇ ਹਨ, ਜਿਸ ਤਰ੍ਹਾਂ ਉਸ ਨੇ ਕੀਤਾ ਹੈ। ਇਸ ਨੂੰ ਵਾਰੀ ਦਾ ਵੱਟਾ ਵੀ ਕਹਿ ਸਕਦੇ ਹਾਂ। ਜਦੋਂ ਤਕਲੀਫ਼ ਹੁੰਦੀ ਹੈ ਤਾਂ ਇੰਝ ਲੱਗਦਾ ਹੈ ਕਿ ਮੈਨੂੰ ਤਕਲੀਫ਼ ਦੇ ਕੇ ਇਹ ਸੌਖਾ ਕਿਉਂ ਰਹੇ। ਬਸ ਇੱਥੋਂ ਹੀ ਸ਼ੁਰੂ ਹੁੰਦਾ ਹੈ ਦੂਸਰੇ ਨੂੰ ਤਕਲੀਫ਼ ਦੇਣ ਦਾ ਖੇਡ। ਉਹ ਖੇਡ ਜਿਸ ਵਿੱਚ ਦੂਸਰੇ ਨੂੰ ਤਕਲੀਫ਼ ਘੱਟ ਹੁੰਦੀ ਹੈ ਤੇ ਆਪਣੇ ਆਪ ਨੂੰ ਜ਼ਿਆਦਾ। ਜਦੋਂ ਵੀ ਅਸੀਂ ਕਿਸੇ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਅਸੀਂ ਖ਼ੁਦ ਪਰੇਸ਼ਾਨ ਹੁੰਦੇ ਹਾਂ। ਆਪ ਪਰੇਸ਼ਾਨ ਹੋਏ ਬਗੈਰ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ।ਇਸ ਤਰ੍ਹਾਂ ਇਹ ਖੇਡ ਕਦੀ ਮੁੱਕਦਾ ਹੀ ਨਹੀਂ। ਬਦਲਾ ਲੈਣ ਦੀ ਨੀਤੀ ਹਮੇਸ਼ਾਂ ਦੋਵੇਂ ਧਿਰਾਂ ਨੂੰ ਤਕਲੀਫ਼ ਦਿੰਦੀ ਹੈ। ਇੱਕ ਦੂਜੇ ਨੂੰ ਦੁੱਖ ਦੇਣ ਦੇ ਚੱਕਰ ਵਿੱਚ ਦੋਵੇਂ ਦੁਖੀ ਰਹਿੰਦੇ ਹਨ। ਇਸੇ ਲਈ ਸਾਡੇ ਧਰਮ ਗ੍ਰੰਥ ਇਹ ਕਹਿੰਦੇ ਹਨ ਕਿ ਮੁਆਫ਼ ਕਰ ਦੇਣ ਵਾਲਾ ਵੱਡਾ ਹੁੰਦਾ ਹੈ। ਮੁਆਫ਼ ਕਰ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਮਜ਼ੋਰ ਹੋ। ਮੁਆਫ਼ ਕਰ ਦੇਣ ਦਾ ਮਤਲਬ ਇਹ ਹੈ ਕਿ ਤੁਸੀਂ ਉਸ ਨਾਲੋਂ ਮਜ਼ਬੂਤ ਹੋ। ਉਹ ਵਿਅਕਤੀ ਜਿਸ ਨੇ ਤੁਹਾਨੂੰ ਤਕਲੀਫ਼ ਦਿੱਤੀ ਹੈ, ਤੁਹਾਡੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦਾ।ਅਸੀਂ ਕਿਸੇ ਨੂੰ ਉਦੋਂ ਹੀ ਮੁਆਫ਼ ਕਰ ਸਕਦੇ ਹਾਂ ਜਦੋਂ ਉਸ ਨੂੰ ਤੇ ਉਸ ਦੇ ਵਿਹਾਰ ਨੂੰ ਦਿਲੋਂ ਵਿਸਾਰ ਦਈਏ। ਜਦ ਤੱਕ ਅਸੀਂ ਉਸ ਨੂੰ ਦਿਲੋਂ ਭੁਲਾ ਨਹੀਂ ਦਿੰਦੇ, ਉਸ ਨੂੰ ਮੁਆਫ਼ ਨਹੀਂ ਕਰ ਸਕਦੇ। ਜੋ ਵਿਅਕਤੀ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਸੁੱਖ ਨਹੀਂ ਦਿੰਦਾ, ਤੁਹਾਡੇ ਲਈ ਤਕਲੀਫ਼ ਦਾ ਕਾਰਨ ਬਣਦਾ ਹੈ, ਉਸ ਨੂੰ ਭੁੱਲ ਜਾਣਾ ਹੀ ਬਿਹਤਰ ਹੈ। ਅਜਿਹੇ ਵਿਅਕਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਰੱਖਣਾ ਸਮਝਦਾਰੀ ਨਹੀਂ। ਭਾਵੇਂ ਅਸੀਂ ਉਸ ਨਾਲ ਹਿਸਾਬ ਬਰਾਬਰ ਕਰਨ ਦੀ ਹੀ ਕੋਸ਼ਿਸ਼ ਕਰੀਏ, ਪਰ ਅਸੀਂ ਆਪਣੇ ਆਪ ਨੂੰ ਉਹ ਘਟਨਾ ਯਾਦ ਕਰਵਾਉਂਦੇ ਰਹਿੰਦੇ ਹਾਂ ਜਿਸ ਵਿੱਚ ਸਾਨੂੰ ਤਕਲੀਫ਼ ਹੋਈ ਹੈ।ਕਿਸੇ ਨੂੰ ਮੁਆਫ਼ ਕਰ ਦੇਣ ਦਾ ਮਤਲਬ ਹੁੰਦਾ ਹੈ, ਉਸ ਨੂੰ ਨਜ਼ਰਅੰਦਾਜ਼ ਕਰ ਦੇਣਾ। ਇਹ ਗੱਲ ਯਕੀਨਨ ਸੱਚ ਹੈ ਕਿ ਜਦੋਂ ਕਿਸੇ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਉਹ ਆਪਣੇ ਆਪ ਖ਼ਤਮ ਹੋ ਜਾਂਦਾ ਹੈ। ਤੁਹਾਡਾ ਕਿਸੇ ਨੂੰ ਦਿੱਤਾ ਹੋਇਆ ਨਕਾਰਾਤਮਕ ਪ੍ਰਤੀਕਰਮ ਵੀ ਇਹ ਜ਼ਾਹਿਰ ਕਰਦਾ ਹੈ ਕਿ ਉਸ ਦਾ ਤੁਹਾਡੇ ਲਈ ਕੋਈ ਮਹੱਤਵ ਹੈ। ਜੇਕਰ ਤੁਸੀਂ ਕੋਈ ਪ੍ਰਤੀਕਰਮ ਨਹੀਂ ਦਿੰਦੇ ਤਾਂ ਉਹ ਵਿਅਕਤੀ ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ। ਉਸ ਦਾ ਆਪਣੀਆਂ ਨਜ਼ਰਾਂ ਵਿੱਚ ਹੀ ਵੱਕਾਰ ਘਟ ਜਾਣਾ, ਇਸ ਤੋਂ ਵੱਡੀ ਕੋਈ ਸਜ਼ਾ ਨਹੀਂ ਹੋ ਸਕਦੀ।ਬਜ਼ੁਰਗ ਕਹਿੰਦੇ ਹਨ ਕਿ ਜਿਹੜਾ ਇੱਕ ਵਾਰ ਤੁਹਾਡੇ ਨਾਲ ਮਾੜਾ ਵਿਹਾਰ ਕਰੇ ਜਾਂ ਤੁਹਾਨੂੰ ਧੋਖਾ ਦੇਵੇ, ਉਹ ਮੁੜ ਸੋਨੇ ਦਾ ਬਣ ਕੇ ਵੀ ਆ ਜਾਵੇ, ਉਸ ’ਤੇ ਕਦੀ ਭਰੋਸਾ ਨਾ ਕਰੋ। ਉਸ ਦੇ ਮਨ ਵਿੱਚ ਕਿਤੇ ਨਾ ਕਿਤੇ ਕਿਸੇ ਕੋਨੇ ਵਿੱਚ ਕੁੜੱਤਣ ਜ਼ਰੂਰ ਹੁੰਦੀ ਹੈ। ਉਹ ਉਸ ਕੁੜੱਤਣ ਨੂੰ ਕਿਸੇ ਨਾ ਕਿਸੇ ਦਿਨ ਜ਼ਾਹਰ ਵੀ ਜ਼ਰੂਰ ਕਰੇਗਾ। ਜਦੋਂ ਇੱਕ ਵਾਰ ਕਿਸੇ ਦਾ ਅਸਲ ਰੂਪ ਵੇਖ ਹੀ ਲਿਆ, ਫਿਰ ਉਸ ਨੂੰ ਵਾਰ-ਵਾਰ ਮੌਕੇ ਦੇਣ ਦਾ ਕੀ ਫਾਇਦਾ।ਜੇ ਤੁਸੀਂ ਕਿਸੇ ਤੋਂ ਬਦਲਾ ਨਹੀਂ ਲੈਂਦੇ ਜਾਂ ਉਸ ਨੂੰ ਸਜ਼ਾ ਨਹੀਂ ਦਿੰਦੇ ਤਾਂ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਤੁਸੀਂ ਕਿਸੇ ਪੱਖੋਂ ਉਸ ਤੋਂ ਘੱਟ ਹੋ। ਇਸ ਦਾ ਅਰਥ ਦਰਅਸਲ ਇਹ ਹੈ ਕਿ ਤੁਸੀਂ ਹਰ ਪੱਖੋਂ ਉਸ ਨਾਲੋਂ ਜ਼ਿਆਦਾ ਮਜ਼ਬੂਤ ਹੋ। ਉਸ ਵਿਅਕਤੀ ਦੀ ਤੁਹਾਡੇ ਲਈ ਕੋਈ ਅਹਿਮੀਅਤ ਨਹੀਂ। ਤੁਹਾਡੇ ਲਈ ਅਹਿਮੀਅਤ ਆਪਣੇ ਮਨ ਦੇ ਸਕੂਨ ਦੀ ਹੈ। ਜੇਕਰ ਕੋਈ ਤੁਹਾਡੇ ’ਤੇ ਬੇਬੁਨਿਆਦ ਇਲਜ਼ਾਮ ਲਾਉਂਦਾ ਹੈ, ਪਰ ਤੁਹਾਨੂੰ ਪਤਾ ਹੈ ਕਿ ਤੁਸੀਂ ਸੱਚੇ ਹੋ ਤਾਂ ਉਸ ਨੂੰ ਸਫ਼ਾਈ ਦੇਣ ਦੀ ਕੋਈ ਜ਼ਰੂਰਤ ਨਹੀਂ।ਅਜਿਹੇ ਬੰਦੇ ਨੂੰ ਸਫ਼ਾਈ ਦੇਣ ਦਾ ਮਤਲਬ ਇਹ ਹੈ ਕਿ ਉਸ ਦੀ ਗੱਲ ਨੂੰ ਮਹੱਤਵ ਦਿੱਤਾ ਜਾਂਦਾ ਹੈ। ਅਸੀਂ ਆਪਣੀਆਂ ਨਜ਼ਰਾਂ ਵਿੱਚ ਸੱਚੇ ਹੋਣੇ ਚਾਹੀਦੇ ਹਾਂ। ਕੋਈ ਕੀ ਕਹਿੰਦਾ ਹੈ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਵੈਸੇ ਵੀ ਜਿਸ ਨੇ ਤੁਹਾਡੇ ’ਤੇ ਭਰੋਸਾ ਕਰਨਾ ਹੈ, ਉਸ ਨੇ ਤੁਹਾਡੇ ਸਫ਼ਾਈ ਦਿੱਤੇ ਬਿਨਾਂ ਵੀ ਤੁਹਾਡੇ ’ਤੇ ਭਰੋਸਾ ਕਰ ਲੈਣਾ ਹੈ ਅਤੇ ਜਿਸ ਨੇ ਤੁਹਾਡਾ ਭਰੋਸਾ ਨਹੀਂ ਕਰਨਾ, ਉਸ ਨੇ ਤੁਹਾਡੇ ਸਫ਼ਾਈ ਦੇਣ ’ਤੇ ਵੀ ਭਰੋਸਾ ਨਹੀਂ ਕਰਨਾ। ਉਹ ਆਪਣਾ ਮਨ ਪਹਿਲਾਂ ਹੀ ਬਣਾ ਚੁੱਕਾ ਹੁੰਦਾ ਹੈ।ਆਪਣੀ ਊਰਜਾ ਨੂੰ ਇਨ੍ਹਾਂ ਗੱਲਾਂ ਵਿੱਚ ਵਿਅਰਥ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਇਸ ਊਰਜਾ ਨੂੰ ਕਿਸੇ ਚੰਗੇ ਪਾਸੇ ਲਾਈਏ। ਜੇ ਅਸੀਂ ਹਰ ਕਿਸੇ ਨਾਲ ਉਲਝਦੇ ਰਹਾਂਗੇ ਤੇ ਉਸ ਕੋਲ ਸਫ਼ਾਈਆਂ ਦਿੰਦੇ ਰਹਾਂਗੇ ਤਾਂ ਫਿਰ ਉਹ ਕੰਮ ਕਦੋਂ ਕਰਾਂਗੇ ਜੋ ਅਸੀਂ ਮਿੱਥੇ ਹੋਏ ਹਨ। ਇਸ ਤਰੀਕੇ ਨਾਲ ਅਸੀਂ ਆਪਣੀ ਮੰਜ਼ਿਲ ’ਤੇ ਕਦੀ ਨਹੀਂ ਪਹੁੰਚ ਸਕਦੇ। ਯਾਦ ਰੱਖੋ ਹਿੰਮਤੀ ਬੰਦਾ ਇਸ ਗੱਲ ਦੀ ਪਰਵਾਹ ਕਦੇ ਨਹੀਂ ਕਰਦਾ ਕਿ ਕੋਈ ਉਸ ਦੇ ਬਾਰੇ ਕੀ ਕਹਿੰਦਾ ਹੈ। ਉਸ ਦੇ ਸਾਹਮਣੇ ਸਿਰਫ਼ ਉਸ ਦਾ ਉਦੇਸ਼ ਹੁੰਦਾ ਹੈ ਤੇ ਉਹ ਲਗਾਤਾਰਤਾ ਨਾਲ ਉਸ ਦੀ ਪ੍ਰਾਪਤੀ ਲਈ ਯਤਨ ਵਿੱਚ ਲੱਗਾ ਰਹਿੰਦਾ ਹੈ।ਆਪਣੇ ਮਨ ਦੇ ਸਕੂਨ ਲਈ, ਆਪਣੇ ਮਨ ਦੀ ਸ਼ਾਂਤੀ ਲਈ, ਆਪਣੀ ਤਰੱਕੀ ਲਈ, ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਜਿਹੀਆਂ ਨਕਾਰਾਤਮਕ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ। ਅਜਿਹੇ ਲੋਕ ਜੋ ਤੁਹਾਨੂੰ ਨਾ ਪਸੰਦ ਕਰਦੇ ਹਨ, ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਤੁਹਾਨੂੰ ਲੀਹ ਤੋਂ ਹਟਾਇਆ ਜਾਵੇ। ਉਹ ਤੁਹਾਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦਾ ਯਤਨ ਕਰਦੇ ਰਹਿਣਗੇ। ਅਜਿਹੇ ਵਿੱਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੋ। ਜੋ ਬੰਦਾ ਤੁਹਾਡੀਆਂ ਨਜ਼ਰਾਂ ਵਿੱਚ ਮਹੱਤਵਪੂਰਨ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਲਈ ਨਜ਼ਰਅੰਦਾਜ਼ ਕਰਨ ਤੋਂ ਵੱਡੀ ਕੋਈ ਸਜ਼ਾ ਨਹੀਂ ਹੋ ਸਕਦੀ।ਕਿਸੇ ਨੂੰ ਸਜ਼ਾ ਦੇਣ ਲਈ ਜ਼ਰੂਰੀ ਨਹੀਂ ਹੈ ਕਿ ਬੋਲ ਕੇ ਆਪਣੀ ਊਰਜਾ ਵਿਅਰਥ ਗਵਾਈ ਜਾਵੇ। ਅਜਿਹੇ ਬੰਦੇ ਦਾ ਇੱਕੋ ਇਲਾਜ ਹੈ ਕਿ ਉਸ ਵੱਲ ਧਿਆਨ ਦੇਣਾ ਹੀ ਬੰਦ ਕਰ ਦਿਓ। ਉਸ ਨਾਲ ਹਰ ਤਰ੍ਹਾਂ ਦਾ ਸਬੰਧ ਖ਼ਤਮ ਕਰ ਦਿਓ। ਉਸ ਦੀ ਕਿਸੇ ਗੱਲ ਦਾ ਕੋਈ ਪ੍ਰਤੀਕਰਮ ਨਾ ਦਿਓ। ਉਸ ਨੂੰ ਜਾਣਨ ਵਾਲੇ ਕਿਸੇ ਵਿਅਕਤੀ ਕੋਲ ਉਸ ਬਾਰੇ ਜ਼ਿਕਰ ਵੀ ਨਾ ਕਰੋ। ਇਸ ਤਰ੍ਹਾਂ ਤੁਸੀਂ ਆਪਣਾ ਸਕੂਨ ਬਣਾਏ ਰੱਖੋਗੇ ਤੇ ਜ਼ਿੰਦਗੀ ਵਿੱਚ ਅੱਗੇ ਵਧੋਗੇ।ਯਾਦ ਰੱਖੋ ਅਸੀਂ ਬਹੁਤ ਥੋੜ੍ਹੇ ਸਮੇਂ ਲਈ ਇਸ ਦੁਨੀਆ ਵਿੱਚ ਆਏ ਹਾਂ। ਪਤਾ ਨਹੀਂ ਕਦੋਂ ਉੱਪਰੋਂ ਬੁਲਾਵਾ ਆ ਜਾਣਾ ਹੈ। ਬਹੁਤ ਕੁਝ ਹੈ ਜੋ ਅਸੀਂ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਕਰਨਾ ਵੀ ਚਾਹੀਦਾ ਹੈ। ਆਪਣਾ ਸਮਾਂ ਆਪਣੀ ਊਰਜਾ ਉਸ ਕੰਮ ਵਿੱਚ ਲਾਓ ਜੋ ਤੁਸੀਂ ਕਰਨਾ ਚਾਹੁੰਦੇ ਹੋ। ਦੂਜੇ ਕੀ ਸੋਚਦੇ ਹਨ, ਇਹ ਤੁਹਾਡਾ ਮਸਲਾ ਨਹੀਂ। ਤੁਹਾਡਾ ਮਸਲਾ ਇਹ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਬਸ ਸ਼ਾਂਤ ਆਪਣੇ ਕੰਮ ਵਿੱਚ ਲੱਗੇ ਰਹੋ। ਜ਼ਿੰਦਗੀ ਨੂੰ ਸਕੂਨ ਨਾਲ ਜਿਊਣ ਦਾ ਇਹੀ ਮੰਤਰ ਹੈ।ਸੰਪਰਕ: 90410-73310