ਵੱਡਾ ਵਿਚੋਲਾ
ਵੀਰ ਸਿੰਘ ਥਿੰਦ
ਵਿਅੰਗ
ਅਖੇ, ਕੁੜਮੋਂ ਕੁੜਮੀਂ ਵਰਤਣਗੇ, ਵਿਚੋਲੇ ਬੈਠੇ ਤਰਸਣਗੇ...। ਲੈ ਇਉਂ ਤਾਂ ਕਿਵੇਂ ਤਰਸਣਗੇ? ਤਰਸਾ ਕੇ ਤਾਂ ਦਿਖਾਓ। ਉਹ ਹੋਰ ਹੀ ਵਿਚੋਲੇ ਸੀ ਜਿਨ੍ਹਾਂ ਨੂੰ ਵਿਆਹ ਵਾਲੇ ਕਾਰਡ ਛਪਣ ਤੋਂ ਪਹਿਲਾਂ ਮੱਖਣੀ ’ਚੋਂ ਵਾਲ ਵਾਂਗੂੰ ਕੱਢ ਦਿੱਤਾ। ਅਸੀਂ ਆਨੰਦ ਕਾਰਜ ਤਾਂ ਕੀ, ਜੇ ਵਿਆਹ ਤੋਂ ਬਾਅਦ ਭਾਜੀ ਵੰਡਣ ’ਤੇ ਵੀ ਆਪਣੀ ਘਾਟ ਮਹਿਸੂਸ ਨਾ ਕਰਵਾਈ ਤਾਂ ਇਹ ਵੀ ਕੀ ਯਾਦ ਕਰਨਗੇ। ਵਿਚੋਲੇ ਹੁੰਦੇ ਆਂ ਅਸੀਂ...।
ਗੱਲ ਇਹ ਹੋਈ ਬਈ ਕਿਸੇ ਵਿਚੋਲੇ ਨੇ ਜੁੱਤੀਆਂ ਘਸਾ-ਘਸਾ ਕੇ ਰਿਸ਼ਤਾ ਕਰਵਾਇਆ। ਮੁੰਡੇ ਵਾਲਿਆਂ ਅੱਗੇ ਕੁੜੀ ਦੀਆਂ ਤਾਰੀਫ਼ਾਂ, ਕੁੜੀ ਵਾਲਿਆਂ ਅੱਗੇ ਮੁੰਡੇ ਦੀਆਂ ਤਾਰੀਫ਼ਾਂ ਕਰ-ਕਰ ਮੂੰਹ ਦਾ ਥੁੱਕ ਵੀ ਸੁੱਕ ਗਿਆ ਤੇ ਅਗਲਿਆਂ ਨੇ ਟੁੱਕ ਤੋਂ ਡੇਲ੍ਹੇ ਵਾਂਗੂੰ ਰੋੜ੍ਹਤਾ। ਇੱਕੀਆਂ ਨੂੰ ਇਕਵੰਜਾ ਦੱਸਦਿਆਂ ਵਿਚੋਲੇ ਦੇ ਜਬਾੜ੍ਹੇ ਦੁਖਣ ਲੱਗ ਗਏ, ਜਦੋਂ ਰਸਗੁੱਲਿਆਂ ਦਾ ਵੇਲਾ ਆਇਆ ਤਾਂ ਵਿਚੋਲਣ ਘਰੇ ਚਟਣੀ ਕੁੱਟੀ ਜਾਵੇ। ਜਿਉਂ-ਜਿਉਂ ਵਿਆਹ ਨੇੜੇ ਆਇਆ, ਦੋਵੇਂ ਧਿਰਾਂ ਵਿਚੋਲੇ ਨੂੰ ਭੁੱਲ ਗਈਆਂ। ਵਿਚਾਰੇ ਬਿੰਦੇ-ਬਿੰਦੇ ਬਾਰ ਵੰਨੀ ਝਾਕਣ ਬਈ ਹੁਣ ਵੀ ਲੈਣ ਆਏ, ਹੁਣ ਵੀ...। ਹਾਰ ਕੇ ਵਿਚਾਰੇ ਮਨ ਜਿਹਾ ਮਸੋਸ ਕੇ ਰਹਿ ਗਏ। ਜੇ ਉਂਗਲ ’ਤੇ ਭਰਿੰਡ ਜਿਹੀ ਬਿਠਾਉਣ ਦੀ ਹਿੰਮਤ ਨਹੀਂ ਸੀ ਤਾਂ ਸੂਟ ਨਾਲ ਪੱਗ ਹੀ ਲਾ ਦਿੰਦੇ। ਜੇ ਇਹ ਵੀ ਨਹੀਂ ਸੀ ਦੇਣਾ ਤਾਂ ਵਿਆਹ ਦਾ ਕਾਰਡ ਹੀ ਦੇ ਦਿੰਦੇ। ਜਮ੍ਹਾਂ ਈ ਜੱਗੋਂ ਤੇਰ੍ਹਵੀਂ ਕਰ ਦਿੱਤੀ। ਕਿੱਥੇ ਵਿਚਾਰੇ ਹੁੱਬ-ਹੁੱਬ ਕੇ ਦਸਦੇ ਰਹੇ ਬਈ ਅਸੀਂ ਵਿਚੋਲੇ ਹਾਂ। ਕਿੱਥੇ ਲੋਕਾਂ ਤੋਂ ਮਖੌਲ ਕਰਵਾ ਦਿੱਤੇ।
ਇਹ ਸਭ ਕੁਝ ਦੇਖ ਕੇ ਮੇਰਾ ਮਨ ਬੜਾ ਦੁਖੀ ਹੋਇਆ ਬਈ ਅੱਜ ਇਨ੍ਹਾਂ ਨਾਲ ਹੋਈ ਹੈ, ਕੱਲ੍ਹ ਨੂੰ ਮੇਰੇ ਨਾਲ ਵੀ ਹੋ ਸਕਦੀ ਹੈ। ਆਖ਼ਰ ਮੈਂ ਵੀ ਤਾਂ ਵਿਚੋਲਾ ਹਾਂ। ਭਾਵੇਂ ਹਾਲੇ ਇੱਕ ਹੀ ਜੋੜੀ ਬਣਾਈ ਹੈ, ਪਰ ਚੀਚੀ ਦੇ ਨਾਲ ਵਾਲੀ ਉਂਗਲ ਦੇ ਪੋਟੇ ’ਤੇ ਖੱਟੇ ਰੰਗ ਦੀ ਭਰਿੰਡ ਜਿਹੀ ਬਿਠਾ ਦਿੱਤੀ ਅਗਲਿਆਂ ਨੇ। ਭਾਵੇਂ ਹੈ ਭਰਿੰਡ ਦਾ ਬੱਚਾ ਜਿਹਾ, ਪਰ ਮਾਣ ਤਾਂ ਕੀਤਾ ਅਗਲਿਆਂ ਨੇ। ਉੱਤੋਂ ਦੋ ਕਢਾਈ ਆਲੇ ਸੂਟਾਂ ਨਾਲ ਜੈਪੁਰੀ ਕੰਬਲ ਲਾ ਕੇ ਭੇਜਿਆ ਜੋ ਬੜੇ ਮਾਣ ਨਾਲ ਪੋਹ ਮਾਘ ਦੀਆਂ ਠੰਢਾਂ ’ਚ ਰਜਾਈ ਨਾਲ ਜੋੜ ਕੇ ਸੌਂਦਾ ਹਾਂ। ਸ਼ੱਕਰਪਾਰੇ, ਬੂੰਦੀ ਅਤੇ ਮੱਠੀਆਂ ਦਾ ਲਿਫ਼ਾਫ਼ਾ ਭਰਿਆ ਨਾਲ ਆਇਆ। ਪਰ ਇਨ੍ਹਾਂ ਨਾਲ ਤਾਂ ਜਮ੍ਹਾਂ ਹੀ ਜੱਗੋਂ ਤੇਰ੍ਹਵੀਂ ਕਰ ਦਿੱਤੀ।ਝੂਠੀਆਂ ਸਿਫ਼ਤਾਂ ਦੇ ਪੁਲ਼ ਤਾਂ ਬੰਨ੍ਹੇ ਹੀ, ਅਗਲੇ ਦਾ ਕੋਈ ਕਿਰਾਇਆ ਭਾੜਾ ਵੀ ਲੱਗਿਆ ਹੋਊ, ਸਮਾਂ ਵੀ ਕੱਢਿਆ ਹੋਊ, ਜੁੱਤੀਆਂ ਘਸਾਈਆਂ ਹੋਣਗੀਆਂ।
ਅੱਜ ਇਨ੍ਹਾਂ ਵਿਚਾਰਿਆਂ ਨਾਲ ਹੋਈ ਹੈ, ਕੱਲ੍ਹ ਮੇਰੇ ਨਾਲ ਵੀ, ਪਰਸੋਂ ਕਿਸੇ ਹੋਰ ਵਿਚੋਲੇ ਨਾਲ ਹੋ ਸਕਦੀ ਹੈ। ਨਾ ਹੁਣ ਤਾਂ ਹੱਸਦੇ ਫਿਰਦੇ ਹੋਣਗੇ। ਕੱਲ੍ਹ ਨੂੰ ਮੁੰਡਾ ਕੁੜੀ ਜਾਂ ਹੋਰ ਕੋਈ ਲੜ ਪਵੇ ਤਾਂ ਵਿਚੋਲੇ ਦੀ ਝੋਲੀ ਗਾਲ੍ਹਾਂ ਨਾਲ ਭਰ ਦੇਣਗੇ। ਨਾਲ ਵਿਚੋਲਣ ਨੂੰ ਘੜੀਸਣਗੇ। ਵਿਚੋਲੇ ਦੇ ਜਵਾਕ-ਜੱਲਿਆਂ ਤੱਕ ਪਹੁੰਚਣਗੇ। ਵੇਖਾ ਵੇਖੀ ਸਭ ਨੂੰ ਆਦਤ ਪੈ ਜਾਊ। ਇਹਦਾ ਮਤਲਬ ਵਿਚੋਲੇ ਇਉਂ ਹੀ ਫਿਰਦੇ ਨੇ। ਆਖ਼ਰ ਸਾਡੀ ਵੀ ਕੋਈ ਇੱਜ਼ਤ ਹੈ।ਇੱਕ ਮਾਣ ਯੋਗ ਪਦਵੀ ਹੈ ਸਾਡੀ। ਇਉਂ ਕਿਵੇਂ ਰਿਸ਼ਤੇ ਪੂਰ ਚੜ੍ਹਨਗੇ। ਸਾਰੇ ਵਿਚੋਲੇ ਦਮ ਨਹੀਂ ਤੋੜ ਜਾਣਗੇ। ਹੁਣ ਨਹੀਂ ਸਰਨਾ। ਕੁਝ ਕਰਨਾ ਹੀ ਪਊ।
ਮੈਂ ਵਿਚੋਲਾ ਯੂਨੀਅਨ ਖੜ੍ਹੀ ਕਰਾਂਗਾ, ਪਰ ਉਸ ਤੋਂ ਪਹਿਲਾਂ ਕੱਲ੍ਹ ਨੂੰ ਜ਼ੀਰੋ ਪਰਸੈਂਟ ਵੀ ਰਿਸਕ ਨਾ ਰਹੇ। ਮੈਂ ਆਪਣੇ ਕਾਇਦੇ ਕਾਨੂੰਨ ਬਣਾ ਕੇ ਹੀ ਇਸ ਕਿੱਤੇ ਨੂੰ ਅੱਗੇ ਤੋਰਾਂਗਾ। ਆਖ਼ਰ ਪੱਕੇ ਤੌਰ ’ਤੇ ਇਸ ਕਿੱਤੇ ਨੂੰ ਅਪਨਾਉਣ ਜਾ ਰਿਹਾ ਹਾਂ। ਵਿਚੋਲਗਿਰੀ ਵੀ ਇੱਕ ਖੇਡ ਹੈ, ਜੋ ਢਲਦੀ ਜਵਾਨੀ ਵਿੱਚ ਸ਼ੁਰੂ ਕੀਤੀ ਜਾਵੇ ਅਤੇ ਜਿਉਂ-ਜਿਉਂ ਬੰਦਾ ਬੁੜ੍ਹਾ ਹੁੰਦਾ ਏ ਜ਼ਿਆਦਾ ਵਧੀਆ ਖਿਡਾਰੀ ਬਣਦਾ ਹੈ। ਲੋਕ ਜ਼ਿਆਦਾ ਭਰੋਸਾ ਕਰਨ ਲਗਦੇ ਹਨ। ਮੈਂ ਵੀ ਹੁਣ ਢਲਦੀ ਉਮਰ ਵੱਲ ਹਾਂ ਅਤੇ ਕੱਲ੍ਹ ਨੂੰ ਮੇਰੇ ਨਾਲ ਇਉਂ ਹੋ ਗਈ ਤਾਂ ਮੇਰੇ ਮਨੋਬਲ ’ਤੇ ਮਾਰੂ ਅਸਰ ਪਵੇਗਾ, ਜਿਸ ਦੇ ਬੜੇ ਭੈੜੇ ਸਿੱਟੇ ਨਿਕਲਣਗੇ। ਮੈਂ ਪਤਾ ਨਹੀਂ ਕਿੰਨੇ ਘਰਾਂ ਵਿੱਚ ਘੋੜੀਆਂ ਤੇ ਸੁਹਾਗ ਗਵਾਉਣੇ ਅਤੇ ਭੰਗੜੇ ਪਵਾਉਣੇ ਹਨ। ਕਿੰਨੀਆਂ ਸੱਸਾਂ ਨੂੰ ਪਾਣੀ ਵਾਰਨ ਦਾ ਮੌਕਾ ਦੇਣਾ ਹੈ। ਕਿੰਨੀਆਂ ਸਾਲੀਆਂ ਨੂੰ ਜੀਜੇ ਦੀ ਜੁੱਤੀ ਲੁਕਾ ਕੇ ਕਮਾਈ ਦਾ ਵਸੀਲਾ ਬਣਨਾ ਹੈ। ਵਿਆਹਾਂ ਵਿੱਚ ਵਿਖਾਲੇ ਪੁਆਉਣੇ ਹਨ।ਕਿੰਨੇ ਛੁਹਾਰੇ, ਖੋਪੇ, ਬਦਾਮ, ਮਖਾਣੇ, ਦਾਖਾਂ ਸ਼ਗਨ ਦੇ ਰੂਪ ਵਿੱਚ ਵਿਕਾਉਣੀਆਂ ਹਨ। ਕਿੰਨੇ ਸੁਨਾਰਿਆਂ ਦੇ ਹਾਰ, ਕੜੇ, ਛਾਪਾਂ ਛੱਲੇ ਵਿਕਾਉਣੇ ਹਨ। ਕਿੰਨੇ ਰਿਸ਼ਤੇਦਾਰ ਇਕੱਠੇ ਕਰਵਾਉਣੇ ਹਨ। ਕਿੰਨੇ ਰੁੱਸੇ ਭਰਾਵਾਂ ਦੀਆਂ ਭੱਜੀਆਂ ਬਾਹੀਂ ਗਲ਼ ਨੂੰ ਪੁਆਉਣੀਆਂ ਹਨ। ਕਿੰਨੀਆਂ ਨਾਨਕ ਸ਼ੱਕਾਂ ਭਰਾਉਣੀਆਂ ਹਨ। ਕਿੰਨੇ ਫੁੱਫੜ ਰੁਸਾਉਣੇ ਤੇ ਫਿਰ ਮਨਵਾਉਣੇ ਹਨ। ਕਿੰਨੇ ਹਲਵਾਈਆਂ, ਕਿੰਨੇ ਪੈਲੇਸਾਂ ਵਿੱਚ ਵੇਟਰਾਂ, ਕਿੰਨੇ ਆਰਕੈਸਟਰਾ ਅਤੇ ਭੰਗੜੇ ਵਾਲਿਆਂ ਨੂੰ ਕੰਮ ਦਿਵਾਉਣਾ ਹੈ। ਕਿੰਨੀਆਂ ਕੁੜੀਆਂ ਨੂੰ ਰਿਬਨ ਕਟਵਾ ਕੇ ਪੈਸੇ ਆਪਸ ਵਿੱਚ ਵੰਡਣ ਦਾ ਸੁਨਹਿਰਾ ਮੌਕਾ ਦੇਣਾ ਹੈ।
ਮੈਂ ਕਿੱਤੇ ਵਜੋਂ ਮਾਸਟਰ ਹਾਂ, ਪਰ ਸੇਵਾਮੁਕਤ ਹੋਣ ਮਗਰੋਂ ਮੈਂ ਇਸ ਕਿੱਤੇ ਨੂੰ ਛੁੱਟੀ ਵਾਲੇ ਦਿਨ ਵੀ ਬਿਨਾਂ ਨਾਗਾ ਪਾਏ ਅੱਗੇ ਤੋਰਾਂਗਾ। ਵੈਸੇ ਵੀ, ਕਿਸੇ ਵੀ ਸਰਕਾਰੀ ਨੌਕਰੀ ਤੋਂ ਅਠਵੰਜਾ ਜਾਂ ਸੱਠ ਸਾਲ ਦੀ ਉਮਰ ਵਿੱਚ ਰਿਟਾਇਰ ਕਰ ਦਿੱਤਾ ਜਾਂਦਾ ਹੈ। ਖੇਤੀਬਾੜੀ, ਮਜ਼ਦੂਰੀ ਅਤੇ ਹੋਰ ਧੰਦਿਆਂ ਵਾਲਾ ਬੰਦਾ ਵੀ ਹਾਰਨ ਲੱਗਦਾ ਹੈ, ਪਰ ਇਹ ਕਿੱਤਾ ਅਜਿਹਾ ਹੈ ਜੋ ਉਮਰ ਵਧਣ ਨਾਲ ਸ਼ਾਇਰਾਂ ਵਾਂਗ ਵਧੇਰੇ ਭਰੋਸੇਯੋਗ ਅਤੇ ਲਾਹੇਵੰਦ ਬਣਦਾ ਹੈ। ਹੁਣ ਮੈਂ ਪੱਕਾ ਮਨ ਬਣਾ ਲਿਆ ਹੈ ਕਿ ਵਿਚੋਲਗਿਰੀ ਨੂੰ ਪੱਕੇ ਤੌਰ ’ਤੇ ਅਪਣਾ ਲਵਾਂਗਾ। ਮੈਂ ਕੋਈ ਆਮ ਵਿਚੋਲਾ ਨਹੀਂ ਬਣਾਂਗਾ। ਮੈਂ ਆਪਣਾ ਦਫ਼ਤਰ ਤਾਂ ਨਹੀਂ ਖੋਲ੍ਹਾਂਗਾ, ਪਰ ਨੈੱਟਵਰਕ ਜ਼ਰੂਰ ਫੈਲਾਵਾਂਗਾ। ਮੈਂ ਆਪਣਾ ਸਿਲਸਿਲਾ ਭਾਰਤ ਦੇ ਸਾਰੇ ਸੂਬਿਆਂ ਵਿੱਚ ਤੋਰਾਂਗਾ, ਆਖ਼ਰ ਮੈਂ ਪੜ੍ਹਿਆ ਲਿਖਿਆ ਵਿਚੋਲਾ ਹੋਵਾਂਗਾ। ਸੂਬਿਆਂ ਤੱਕ ਹੀ ਕਿਉਂ, ਮੈਂ ਆਪਣੀ ਪਹੁੰਚ ਵਿਸ਼ਵ ਪੱਧਰ ’ਤੇ ਬਣਾਵਾਂਗਾ। ਅੰਗਰੇਜ਼ ਝੱਟ ਕੁ ਦੀ ਸ਼ਾਦੀ ਤੋਂ ਅੱਕ ਚੁੱਕੇ ਹਨ। ਉਹ ਭਾਰਤੀਆਂ ਵਾਂਗੂੰ ਕਈ-ਕਈ ਦਿਨ ਦਾ ਵਿਆਹ ਸਮਾਗਮ ਕਰਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਲਵ ਮੈਰਿਜ ਦੇ ਨੁਕਸਾਨ ਅਤੇ ਵਿਚੋਲਾ ਮੈਰਿਜ ਯਾਨੀ ਕਿ ਅਰੇਂਜ ਮੈਰਿਜ ਦੇ ਗੁਣ ਦੱਸਾਂਗਾ।
ਮਿਹਨਤ ਬੇਕਾਰ ਨਾ ਜਾਵੇ, ਇਸ ਲਈ ਮੇਰੇ ਬਣਾਏ ਕੁਝ ਕਾਇਦੇ ਕਾਨੂੰਨ ਸਭ ਧਰਮਾਂ ਜਾਤੀਆਂ ’ਤੇ ਲਾਗੂ ਹੋਣਗੇ। ਇਸ ਕੰਮ ਲਈ ਮੇਰੀਆਂ ਕੁਝ ਸ਼ਰਤਾਂ ਹੋਣਗੀਆਂ, ਜੋ ਸਭ ਨੂੰ ਮੰਨਣੀਆਂ ਹੋਣਗੀਆਂ। ਮੇਰੀਆਂ ਸ਼ਰਤਾਂ ਨਾ ਮੰਨਣ ਵਾਲੇ ਲਈ ਮੇਰੀਆਂ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। ਸ਼ਰਤਾਂ ਕੁਝ ਇਸ ਤਰ੍ਹਾਂ ਹੋਣਗੀਆਂ:
ਸਭ ਤੋਂ ਪਹਿਲਾਂ ਮਾਂ-ਪਿਉ ਆਪਣੇ ਮੁੰਡੇ ਜਾਂ ਕੁੜੀ ਦੇ ਰਿਸ਼ਤੇ ਵਾਸਤੇ ਕਹਿਣਗੇ, ਮੁੰਡੇ ਜਾਂ ਕੁੜੀ ਦੀ ਫੋਟੋ ਭੇਜਣਗੇ। ਫੋਟੋ ਬਿਲਕੁਲ ਸਾਦੀ, ਬਿਨਾਂ ਮੇਕਅੱਪ ਆਮ ਕੈਮਰੇ ਵਾਲੀ ਹੋਵੇ ਨਾ ਕਿ ਫਿਲਟਰ ਲਾ ਕੇ।
ਫੋਟੋ ਸਿਰਫ਼ ਮੋਬਾਈਲ ’ਤੇ ਵਿਖਾਈ ਜਾਵੇਗੀ ਨਾ ਕਿ ਕਾਗਜ਼ ’ਤੇ। ਜੇਕਰ ਫੋਟੋ ਪਸੰਦ ਆਈ ਤਾਂ ਹੀ ਅੱਗੇ ਗੱਲ ਤੋਰੀ ਜਾਵੇਗੀ।
ਜੇਕਰ ਫੋਟੋ ਪਸੰਦ ਆ ਗਈ ਤਾਂ ਮੁੰਡੇ ਅਤੇ ਕੁੜੀ ਵਾਲਿਆਂ ਨੂੰ ਕਿਸੇ ਸਾਂਝੀ ਜਗ੍ਹਾ ਬੁਲਾ ਕੇ ਆਹਮੋ-ਸਾਹਮਣੇ ਦਿਖਾਇਆ ਜਾਵੇਗਾ। ਇਸ ਦਿਨ ਚਾਹ ਦਾ ਇੰਤਜ਼ਾਮ ਮੇਰੇ ਵੱਲੋਂ ਭਾਵ ਵਿਚੋਲੇ ਵੱਲੋਂਂ ਹੋਵੇਗਾ ਜੋ ਕਿ ਬਿਲਕੁਲ ਸਾਦਾ ਹੋਵੇਗਾ। ਜੇਕਰ ਅੱਗੇ ਗੱਲ ਬਣਦੀ ਹੈ ਤਾਂ ਭਵਿੱਖ ਵਿੱਚ ਵਿਚੋਲੇ ਵੱਲੋਂ ਕੋਈ ਖਰਚਾ ਨਹੀਂ ਕੀਤਾ ਜਾਵੇਗਾ, ਕੁੜੀ ਮੁੰਡੇ ਵਾਲੇ ਹੀ ਖਰਚਾ ਕਰਨਗੇ। ਦੋਵੇਂ ਧਿਰਾਂ ਰਾਜ਼ੀ ਹੋ ਗਈਆਂ ਤਾਂ ਮੰਗਣੀ ਦਾ ਦਿਨ ਪੱਕਾ ਕੀਤਾ ਜਾਵੇਗਾ। ਮੰਗਣੀ ਵੇਲੇ ਲੈਣ ਦੇਣ ਕਰਨ ਬਾਰੇ ਪੂਰੀ ਜਾਣਕਾਰੀ ਵਿਚੋਲੇ ਅੱਗੇ ਰੱਖੀ ਜਾਵੇਗੀ। ਮੰਗਣੀ ਤੋਂ ਬਾਅਦ ਮੁੰਡੇ ਅਤੇ ਕੁੜੀ ਵਾਲਿਆਂ ਵੱਲੋਂ ਫੋਨ ’ਤੇ ਕੀਤੀ ਜਾਣ ਵਾਲੀ ਗੱਲਬਾਤ ਦੀ ਵਿਚੋਲੇ ਨਾਲ ਚਰਚਾ ਜ਼ਰੂਰ ਕੀਤੀ ਜਾਵੇ ਜਾਂ ਵਿਚੋਲੇ ਨੂੰ ਲਾਈਨ ’ਤੇ ਲਿਆ ਜਾਵੇ। ਹਾਂ, ਮੁੰਡਾ ਕੁੜੀ ਵਿਚੋਲੇ ਦੀ ਇਜਾਜ਼ਤ ਬਿਨਾਂ ਗੱਲ ਕਰ ਸਕਣਗੇ, ਪਰ ਇੱਕ ਹੱਦ ਅੰਦਰ ਰਹਿ ਕੇ। ਵਿਆਹ ਦਾ ਕੱਪੜਾ ਲੀੜਾ ਖਰੀਦਣ ਸਮੇਂ ਕੋਸ਼ਿਸ਼ ਰਹੇ ਕਿ ਵਿਚੋਲਾ ਵਿਚੋਲਣ ਉਸ ਵਿੱਚ ਸ਼ਰੀਕ ਹੋਣ ਅਤੇ ਵਿਚੋਲੇ ਵਿਚੋਲਣ ਦੇ ਕੱਪੜੇ ਲੈਣ ਵੇਲੇ ਉਨ੍ਹਾਂ ਦੀ ਪਸੰਦ ਦਾ ਖ਼ਿਆਲ ਰੱਖਿਆ ਜਾਵੇ। ਕਈ ਵਾਰ ਪੰਦਰਾ ਜਗ੍ਹਾ ਤੋਂ ਘੁੰਮ ਕੇ ਆਏ ਸੂਟ ਵਿਚੋਲੇ ਦੇ ਮੱਥੇ ਮਾਰੇ ਜਾਂਦੇ ਹਨ ਜੋ ਕਿ ਵਿਚੋਲੇ ਨਾਲ ਅਨਿਆਂ ਮੰਨਿਆ ਜਾਵੇਗਾ ਅਤੇ ਵਿਚੋਲਾ ਮੂੰਹ ਮੋਟਾ ਕਰ ਲਵੇਗਾ।
ਜਿੱਥੋਂ ਤੱਕ ਸੱਦਾ ਪੱਤਰਾਂ ਦੀ ਗੱਲ ਹੈ ਪਹਿਲੇ ਪੰਜ ਛੇ ਸੱਦਾਂ ਪੱਤਰਾਂ ਤੋਂ ਬਾਅਦ ਅਗਲਾ ਸੱਦਾ ਪੱਤਰ ਵਿਚੋਲੇ ਨੂੰ ਦਿੱਤਾ ਜਾਵੇ ਅਤੇ ਇਹ ਸ਼ਰਤ ਦੋਹਾਂ ਧਿਰਾਂ ’ਤੇ ਲਾਗੂ ਹੋਵੇਗੀ।ਵਿਆਹ ਤੋਂ ਪਹਿਲੇ ਦਿਨ ਵਿਚੋਲਾ ਸਮੇਂ ਸਿਰ ਮੁੰਡੇ ਵਾਲਿਆਂ ਘਰ ਨਹੀਂ ਪਹੁੰਚਦਾ ਤਾਂ ਫੋਨ ਕਰਕੇ ਜਲਦੀ ਆਉਣ ਲਈ ਆਖਿਆ ਜਾਵੇ ਕਿ ਵਿਆਹ ਦੇ ਕਾਰਜ ਆਰੰਭ ਹੋ ਚੁੱਕੇ ਹਨ। ਇਹ ਰਸਮ ਕੁੜੀ ਵਾਲਿਆਂ ਵੱਲੋਂ ਵੀ ਨਿਭਾਈ ਜਾਣੀ ਲਾਜ਼ਮੀ ਹੋਵੇਗੀ। ਹਾਲਾਂਕਿ, ਵਿਚੋਲਾ ਕਿੱਥੇ ਪਹੁੰਚੇਗਾ, ਇਹ ਵਿਚੋਲੇ ਦੀ ਮਰਜ਼ੀ ਹੋਵੇਗੀ। ਬਰਾਤ ਜਾਣ ਵਾਸਤੇ ਵਿਚੋਲੇ ਲਈ ਵੱਖਰੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ। ਗੱਡੀ ਕਰਨ ਲੱਗਿਆਂ ਇਸ ਗੱਲ ਦਾ ਖ਼ਿਆਲ ਜ਼ਰੂਰ ਰੱਖਿਆ ਜਾਵੇ ਕਿ ਗੱਡੀ ਚੰਗੀ ਹਾਲਤ ’ਚ ਹੋਵੇ।
ਮਿਲਣੀ ਦਾ ਸਾਰਾ ਪ੍ਰੋਗਰਾਮ ਵਿਚੋਲੇ ਦੀ ਦੇਖ-ਰੇਖ ਹੇਠ ਹੋਵੇਗਾ। ਅਰਦਾਸ ਮਗਰੋਂ ਖਾਣ ਪੀਣ ਵੇਲੇ ਮੁੰਡਾ, ਉਸ ਦੇ ਮਾਤਾ ਪਿਤਾ ਅਤੇ ਖ਼ਾਸ ਰਿਸ਼ਤੇਦਾਰਾਂ ਲਈ ਲੱਗੇ ਮੇਜ਼ ਕੁਰਸੀਆਂ ਵਿੱਚ ਵਿਚੋਲੇ ਵਿਚੋਲਣ ਦੀ ਕੁਰਸੀ ਜ਼ਰੂਰ ਹੋਵੇ। ਇਨ੍ਹਾਂ ਮੇਜ਼ ਕੁਰਸੀਆਂ ’ਤੇ ਬੈਠਣ ਵਾਲੇ ਮਹਿਮਾਨ ਭਾਵੇਂ ਖ਼ਾਸ ਹੋਣਗੇ, ਪਰ ਕੋਈ ਵੀ ਵਿਚੋਲੇ ਦੀ ਇਜਾਜ਼ਤ ਬਿਨਾਂ ਖਾਣਾ ਸ਼ੁਰੂ ਨਹੀਂ ਕਰੇਗਾ। ਜੇਕਰ ਕਿਸੇ ਖ਼ਾਸ ਰਿਸ਼ਤੇਦਾਰ ਨੂੰ ਇਹ ਸ਼ਰਤਾਂ ਮੰਨਣ ਵਿੱਚ ਕੋਈ ਮੁਸ਼ਕਿਲ ਹੈ ਤਾਂ ਉਹ ਇਨ੍ਹਾਂ ਕੁਰਸੀਆਂ ’ਤੇ ਨਾ ਬੈਠ ਕੇ ਆਪਣਾ ਖੁੱਲ੍ਹਾ ਖਾ ਪੀ ਸਕਦਾ ਹੈ।
ਆਨੰਦ ਕਾਰਜਾਂ ਸਵੇਰੇ ਕਰਨੇ ਹਨ ਜਾਂ ਦੁਪਹਿਰੇ, ਵਿਚੋਲੇ ਨੂੰ ਅਗਾਊਂ ਸੂਚਨਾ ਦੇਣੀ ਹੋਵੇਗੀ। ਆਨੰਦ ਕਾਰਜ ਵੇਲੇ ਵਿਚੋਲਾ ਵਿਚੋਲਣ ਨਾਲ ਹੋਣਗੇ। ਆਨੰਦ ਕਾਰਜ ਮਗਰੋਂ ਰੰਗਾਰੰਗ ਪ੍ਰੋਗਰਾਮ ਵਿੱਚ ਖ਼ਾਸ ਰਿਸ਼ਤੇਦਾਰਾਂ ਦੇ ਨਾਲ-ਨਾਲ ਵਿਚੋਲੇ ਦਾ ਨਾਮ ਉਚੇਚੇ ਤੌਰ ’ਤੇ ਲਿਆ ਜਾਵੇ, ਸਗੋਂ ਵਾਰ-ਵਾਰ ਲਿਆ ਜਾਵੇ ਅਤੇ ਜੋੜੀ ਬਣਾਉਣ ਲਈ ਧੰਨਵਾਦੀ ਸ਼ਬਦ ਆਖੇ ਜਾਣ। ਮੇਰੇ ਵੱਲੋਂ ਕਰਵਾਏ ਜਾਣ ਵਾਲੇ ਸਭ ਰਿਸ਼ਤਿਆਂ ਲਈ ਮੇਰੇ ਵੱਲੋਂ ਟਾਈਮ ਟੇਬਲ ਦਿੱਤਾ ਜਾਵੇਗਾ। ਦੋਵੇਂ ਧਿਰਾਂ ਵਾਸਤੇ ਉਸ ਸਮਾਂ ਸੂਚੀ ਦਾ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਕਿਉਂਕਿ ਸਾਬਕਾ ਮਾਸਟਰ ਵਿਚੋਲਾ ਹਰ ਕੰਮ ਸਮੇਂ ਸਿਰ ਕਰਨਾ ਚਾਹੁੰਦਾ ਹੈ।
ਬਰਾਤ ਵਾਪਸ ਖ਼ਾਸ ਕਰਕੇ ਡੋਲੀ ਵਾਲੀ ਕਾਰ ਜਦ ਘਰ ਪਹੁੰਚ ਜਾਵੇਗੀ ਤਾਂ ਵਿਚੋਲਾ ਮੁੱਢਲੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਵੇਗਾ। ਵਿਚੋਲੇ ਨੂੰ ਜੋ ਵੀ ਕੱਪੜਾ ਲੀੜਾ ਜਾਂ ਮਠਿਆਈ ਵਗੈਰਾ ਦੇਣੀ ਹੈ, ਬਰਾਤ ਵਾਪਸੀ ਦੇ ਤੁਰੰਤ ਬਾਅਦ ਦੇਣੀ ਹੋਵੇਗੀ। ਰਾਤ ਠਹਿਰਨ ਜਾਂ ਆਪਣੇ ਘਰ ਪਰਤਣ ਦਾ ਹੱਕ ਵਿਚੋਲੇ ਦਾ ਰਾਖਵਾਂ ਹੋਵੇਗਾ। ਵਿਆਹ ਦੇ ਗੀਤ ਸ਼ੁਰੂ ਹੋਣ ਤੋਂ ਲੈ ਕੇ ਵਿਆਹ ਮੁਕੰਮਲ ਹੋਣ ਤੱਕ ਕਿਤੇ ਵੀ, ਕਦੇ ਵੀ, ਕਿਸੇ ਵੱਲੋਂ ਵੀ ਇਹ ਬੋਲੀ ਪਾਉਣ ਦੀ ਮਨਾਹੀ ਹੋਵੇਗੀ ਕਿ ‘ਕੁੜਮੋਂ ਕੁੜਮੀਂ ਵਰਤਣਗੇ, ਵਿਚੋਲੇ ਬੈਠੇ ਤਰਸਣਗੇ।’
ਕੁਝ ਹੋਰ ਗੱਲਾਂ ਦਾ ਉਚੇਚਾ ਖ਼ਿਆਲ ਰੱਖਣਾ ਹੋਵੇਗਾ:
w ਵਿਚੋਲੇ ਵੱਲੋਂ ਮੁੰਡੇ-ਕੁੜੀ ਦੀ ਦੱਸ ਪਾਉਣ ਤੋਂ ਪਹਿਲੀ ਜਾਂ ਦੂਜੀ ਫੇਰੀ ਉੱਤੇ ਹੀ ਦੋਵੇਂ ਧਿਰਾਂ ਵੱਲੋਂ ਨਾਮ, ਉਮਰ, ਪੜ੍ਹਾਈ, ਪਸੰਦ ਅਤੇ ਲੈਣ ਦੇਣ ਪੁੱਛ ਦੱਸ ਲਿਆ ਜਾਵੇ। ਪਾਣੀ ਵਾਰਨ ਦੀ ਰਸਮ ਤੋਂ ਬਾਅਦ ਵਿਚੋਲਾ ਕਿਸੇ ਵੀ ਹਾਲਤ ਵਿੱਚ ਜ਼ਿੰਮੇਵਾਰ ਨਹੀਂ ਹੋਵੇਗਾ।
w ਖਾਣ ਪੀਣ ਜਾਂ ਅਜਿਹੀ ਕਿਸੇ ਵੀ ਮੰਗ ਦੀ ਚਰਚਾ ਵਿਆਹ ਤੋਂ ਪਹਿਲਾਂ ਹੀ ਕਰ ਲਈ ਜਾਵੇ। ਬਾਅਦ ’ਚ ਕੋਈ ਵਿਚੋਲੇ ਨੂੰ ਇਹ ਨਾ ਕਹੇ ਕਿ ਉਨ੍ਹਾਂ ਆਹ ਚੀਜ਼ ਨਹੀਂ ਦਿੱਤੀ ਜਾਂ ਅਹੁ ਚੀਜ਼ ਨਹੀਂ ਦਿੱਤੀ।
w ਕਿਸੇ ਵੀ ਰਸਮ ਰਿਵਾਜ, ਖਾਣ ਪੀਣ ਆਦਿ ਤੋਂ ਮੁੰਡੇ ਦਾ ਜੀਜਾ, ਮਾਸੜ ਜਾਂ ਫੁੱਫੜ ਨਾਰਾਜ਼ ਹੁੰਦਾ ਹੈ ਤਾਂ ਉਨ੍ਹਾਂ ਦਾ ਉਲਾਂਭਾ ਵਿਚੋਲਾ ਨਹੀਂ ਸੁਣੇਗਾ ਸਗੋਂ ਉਹ ਆਪਣੀ ਸ਼ਿਕਾਇਤ ਮੁੰਡੇ ਦੇ ਪਿਓ ਕੋਲ ਦਰਜ ਕਰਵਾਉਣਗੇ।
w ਕੱਲ੍ਹ ਨੂੰ ਕੋਈ ਦਾਜ ਦੀ ਚੀਜ਼ ਮਾੜੀ ਜਾਂ ਸਸਤੀ ਨਿਕਲਦੀ ਹੈ ਤਾਂ ਵਿਚੋਲਾ ਜ਼ਿੰਮੇਵਾਰ ਨਹੀਂ ਹੋਵੇਗਾ।
w ਜੇਕਰ ਕੁੜੀ ਜਾਂ ਮੁੰਡੇ ਦਾ ਸੁਭਾਅ ਗਰਮ ਜਾਂ ਸੜੀਅਲ ਨਿਕਲਦਾ ਹੈ ਤਾਂ ਵਿਚੋਲਾ ਜ਼ਿੰਮੇਵਾਰ ਨਹੀਂ ਹੋਵੇਗਾ। ਹਾਂ, ਵਿਚੋਲਾ ਉਨ੍ਹਾਂ ਨੂੰ ਮਿੱਠਾ ਖਾਣ ਅਤੇ ਠੰਢਾ ਪੀਣ ਦੀ ਸਲਾਹ ਦੇ ਸਕਦਾ ਹੈ ਉਹ ਵੀ ਫੋਨ ’ਤੇ। ਕੋਈ ਧਿਰ ਵੀ ਵਿਚੋਲੇ ਨੂੰ ਪੇਸ਼ ਹੋਣ ਲਈ ਮਜਬੂਰ ਨਹੀਂ ਕਰੇਗੀ।
w ਜੇਕਰ ਮੁੰਡਾ ਕੁੜੀ, ਸੱਸ ਨੂੰਹ ਜਾਂ ਨਨਾਣ ਭਰਜਾਈ ਕਿਸੇ ਗੱਲ ਨੂੰ ਲੈ ਕੇ ਲੜਦੇ ਜਾਂ ਕਲੇਸ਼ ਕਰਦੇ ਹਨ ਤਾਂ ਵਿਚੋਲੇ ਨੂੰ ਕੋਈ ਮੰਦਾ ਚੰਗਾ ਜਾਂ ਗਾਲ੍ਹ ਨਹੀਂ ਕੱਢੇਗਾ। ਅਜਿਹਾ ਸਲੂਕ ਕੀਤਾ ਤਾਂ ਵਿਚੋਲਾ ਮਾਣਹਾਨੀ ਦਾ ਕੇਸ ਕਰਨ ਦਾ ਹੱਕਦਾਰ ਹੋਵੇਗਾ।
w ਰੱਬ ਨਾ ਕਰੇ, ਜੇਕਰ ਕਿਤੇ ਜਾ ਕੇ ਤਲਾਕ ਦੀ ਸਮੱਸਿਆ ਆ ਵੀ ਜਾਂਦੀ ਹੈ ਤਾਂ ਵਿਚੋਲੇ ਨੂੰ ਗਵਾਹ ਬਣਾ ਕੇ ਅਦਾਲਤਾਂ ਦੇ ਚੱਕਰ ਨਹੀਂ ਕਢਾਏ ਜਾਣਗੇ।
w ਜੇਕਰ ਤਲਾਕ ਹੋ ਵੀ ਜਾਂਦਾ ਹੈ ਤਾਂ ਵਿਚੋਲੇ ਨੂੰ ਪਾਈ ਗਈ ਛਾਪ, ਸੂਟਾਂ ਜਾਂ ਦਿੱਤੀ ਗਈ ਮਠਿਆਈ ਵਾਪਸੀ ਦੀ ਮੰਗ ਕਰਨ ਦਾ ਕੋਈ ਹੱਕ ਕਿਸੇ ਵੀ ਧਿਰ ਕੋਲ ਨਹੀਂ ਹੋਵੇਗਾ।
ਅਜਿਹੀਆਂ ਹੋਰ ਗੱਲਾਂ ਵੀ ਬਿਲਕੁਲ ਨਾ ਕੀਤੀਆਂ ਜਾਣ ਜਿਨ੍ਹਾਂ ਨਾਲ ਵਿਚੋਲੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੇ।
ਸੰਪਰਕ: 94163-63622