ਲਖਵੀਰ ਸਿੰਘ ਚੀਮਾਮਹਿਲ ਕਲਾਂ, 3 ਫਰਵਰੀਸਿੱਖਾਂ ਦੀ ਸ਼ਹਾਦਤ ਨਾਲ ਜੁੜਿਆ ਵੱਡਾ ਘੱਲੂਘਾਰਾ ਇਤਿਹਾਸ ਦੇ ਸਭ ਤੋਂ ਵੱਡੇ ਸਾਕਿਆਂ ਵਿੱਚੋਂ ਇੱਕ ਹੈ, ਜਿਸ ਵਿੱਚ ਲਗਪਗ ਅੱਧੀ ਸਿੱਖ ਕੌਮ ਸ਼ਹੀਦ ਹੋ ਗਈ ਸੀ। 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਨਾਲ ਸਿੱਖਾਂ ਦੀ ਹੋਈ ਇਹ ਲੜਾਈ ਮਾਲੇਰਕੋਟਲਾ ਦੇ ਕੁੱਪ ਰਹੀੜੇ ਤੋਂ ਸ਼ੁਰੂ ਹੋ ਕੇ ਬਰਨਾਲਾ ਦੇ ਪਿੰਡ ਗਹਿਲ ਵਿਖੇ ਖ਼ਤਮ ਹੋਈ ਸੀ। ਇਸ ਲੜਾਈ ਵਿਚਕਾਰ ਪਿੰਡ ਕੁਤਬਾ-ਬਾਹਮਣੀਆਂ ਵਿਖੇ ਦੋਵੇਂ ਧਿਰਾਂ ਦਰਮਿਆਨ ਗਹਿਗੱਚ ਯੁੱਧ ਹੋਇਆ ਸੀ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਵਰ੍ਹੇ ਕੁਤਬਾ ਨਿਵਾਸੀ ਧਾਰਮਿਕ ਸਮਾਗਮ ਕਰਵਾਉਂਦੇ ਆ ਰਹੇ ਹਨ, ਪਰ ਸਰਕਾਰਾਂ ਵੱਲੋਂ ਸ਼ਹੀਦਾਂ ਦੀ ਕੋਈ ਯਾਦਗਾਰ ਨਾ ਬਣਾਏ ਜਾਣ ਤੋਂ ਪਿੰਡ ਵਾਸੀ ਬਹੁਤ ਖ਼ਫ਼ਾ ਹਨ। ਸਮੇਂ ਦੀਆਂ ਸਰਕਾਰਾਂ ਵਲੋਂ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਐਲਾਨ ਸਿਰਫ਼ ਐਲਾਨ ਬਣ ਕੇ ਹੀ ਰਹਿ ਗਏ। ਅੱਕੇ ਪਿੰਡ ਵਾਸੀਆਂ ਨੇ ਇਸ ਵਾਰ ਧਾਰਮਿਕ ਸਮਾਗਮ ਮੌਕੇ ਸਿਆਸੀ ਵਿਅਕਤੀਆਂ ਦੇ ਬੋਲਣ ’ਤੇ ਪੂਰਨ ਪਾਬੰਦੀ ਲਗਾਈ ਹੈ।ਸਮਾਗਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ‘ਅਤਿ ਵੱਡਾ ਘੱਲੂਘਾਰਾ’ ਪਿੰਡ ਦੇ ਲੋਕਾਂ ਨੇ ਬਣਾਇਆ ਹੈ। ਜਦਕਿ ਪਾਣੀ ਦੀ ਢਾਬ ਦੀ ਜਗ੍ਹਾ ਦੀ ਸੰਭਾਲ ਵੀ ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਕੀਤੀ ਜਾ ਰਹੀ ਹੈ। ਇਨ੍ਹਾਂ ਦੋਵੇਂ ਥਾਵਾਂ ’ਤੇ ਸ਼ਹੀਦਾਂ ਨੂੰ ਹਰ ਵਰ੍ਹੇ ਸਮਾਗਮ ਕਰਵਾ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਮੌਕੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓਐੱਸਡੀ ਸੰਦੀਪ ਸੰਧੂ, ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਐੱਸਜੀਪੀਸੀ ਦੇ ਪ੍ਰਧਾਨ ਵੀ ਆਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦੇ ਐਲਾਨ ਵੀ ਕਰਦੇ ਰਹੇ। ਹਾਲਾਂਕਿ ਕਿਸੇ ਨੇਤਾ ਨੇ ਵਾਅਦਾ ਪੂਰਾ ਨਹੀਂ ਕੀਤਾ। ਪਿੰਡ ਨੂੰ ਆਉਣ ਵਾਲੀ ਸੜਕ ਤੱਕ ਚੌੜੀ ਨਹੀਂ ਕੀਤੀ ਗਈ। ਇਨ੍ਹਾਂ ਕਾਰਨਾਂ ਕਰਕੇ ਲੋਕ ਸਿਆਸਤਦਾਨਾਂ ਤੋਂ ਅੱਕ ਚੁੱਕੇ ਹਨ ਅਤੇ ਧਾਰਮਿਕ ਸਮਾਗਮ ਦੌਰਾਨ ਸਟੇਜ ਤੋਂ ਨਾ ਬੋਲਣ ਦੇਣ ਦਾ ਫ਼ੈਸਲਾ ਕੀਤਾ ਹੈ।ਉਨ੍ਹਾਂ ਦੱਸਿਆ ਕਿ 3 ਫਰਵਰੀ ਤੋਂ ਸਮਾਗਮ ਸ਼ੁਰੂ ਹਨ, ਜਿਨ੍ਹਾਂ ਦੀ ਸਮਾਪਤੀ 9 ਫਰਵਰੀ ਨੂੰ ਹੋਵੇਗੀ। 8 ਅਤੇ 9 ਨੂੰ ਢਾਬੀ, ਕਵੀਸ਼ਰ ਅਤੇ ਪ੍ਰਚਾਰਕ ਸੰਗਤਾਂ ਨੂੰ ਸਿੱਖ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕਰਨਗੇ।