ਵੱਖ ਵੱਖ ਥਾਵਾਂ ’ਤੇ ਉਤਸ਼ਾਹ ਨਾਲ ਮਨਾਈ ਈਦ-ਉਲ-ਜ਼ੁਹਾ

ਬਠਿੰਡਾ ਵਿੱਚ ਬਕਰੀਦ ਦੇ ਤਿਉਹਾਰ ਮੌਕੇ ਨਮਾਜ਼ ਅਦਾ ਕਰਦੇ ਹੋਏ ਮੁਸਲਿਮ ਸਮਾਜ ਦੇ ਲੋਕ।-ਫੋਟੋ: ਪਵਨ ਸ਼ਰਮਾ

ਪੱਤਰ ਪ੍ਰੇਰਕ
ਬਠਿੰਡਾ, 12 ਅਗਸਤ
ਅੱਜ ਬਠਿੰਡਾ ਵਿੱਚ ਈਦ-ਉਲ-ਜੁਹਾ ਬਕਰੀਦ ਦਾ ਤਿਉਹਾਰ ਮੁਸਲਿਮ ਸਮਾਜ ਵੱਲੋਂ ਸ਼ਹਿਰ ਦੀ ਆਵਾ ਬਸਤੀ ਸਣੇ ਸ਼ਹਿਰ ਦੀ ਹਾਜੀ ਰਤਨ ਦਾਣਾ ਮੰਡੀ ਕੋਲ ਮਸਜਿਦ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਤੇ ਨਵਾਜ਼ ਅਦਾ ਕੀਤੀ ਗਈ। ਇਸ ਮੌਕੇ ਮੁਸਲਿਮ ਸਮਾਜ ਦੇ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਲੱਗ ਕੇ ਬਕਰੀਦ ਦੀ ਵਧਾਈ ਦਿੱਤੀ। ਇਸ ਮੌਕੇ ਬਾਜ਼ਾਰ ਵੀ ਸਜੇ। ਬਕਰੀਦ ਮੌਕੇ ਮੌਲਵੀ ਮੁਹੰਮਦ ਗ਼ੁਲਾਮ ਅਸ਼ਰਫ਼ ਮਿਸ ਵਾਹ ਵੱਲੋਂ ਇਸ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਤੇ ਇਸ ਮੌਕੇ ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਧਾਰਾ 370 ਤੋੜਨ ਦਾ ਕੋਈ ਫ਼ਰਕ ਨਹੀਂ। ਬਠਿੰਡਾ ਵਿੱਚ ਬਕਰੀਦ ਮੇਲੇ ’ਚ ਵੱਧ ਤੋਂ ਵੱਧ ਸ਼ਮੂਲੀਅਤ ਹੋਈ। ਇਸ ਮੌਕੇ ਰੇਂਜ ਦੀ ਆਈਜੀ ਐਮਐਫ ਫ਼ਾਰੂਕ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਗਲੇ ਮਿਲ ਕੇ ਬਕਰੀਦ ਦੀ ਵਧਾਈ ਦਿੱਤੀ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ) ਅੱਜ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਵੱਲੋਂ ਇਥੋਂ ਦੀ ਜਾਮਾ ਮਸਜਿਦ ਵਿੱਚ ਈਦ ਦੀ ਨਮਾਜ ਅਦਾ ਕੀਤੀ ਗਈ। ਇਸ ਮੌਕੇ ਹਾਜ਼ੀ ਮੁਹੰਮਦ ਹਸਰਤ ਕੁਰੈਸ਼ੀ, ਡਾ. ਸਈਅਦ ਮੁਹੰਮਦ ਨੇਤਾ ਜੀ, ਰਾਜਾ ਖਾਨ, ਅਕਬਰ ਅਲੀ, ਅਨਵਰ ਅਲੀ ਹੋਰਾਂ ਨੇ ਈਦ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁਸਲਮਾਨ ਭਰਾਵਾਂ ਨੂੰ ਮੁਬਾਰਕਬਾਦ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਹਨੀ ਫੱਤਣਵਾਲਾ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਤੇ ਰਲ ਮਿਲ ਕੇ ਤਿਉਹਾਰ ਮਨਾਉਣੇ ਸਮਾਜ ਦੇ ਭਲੇ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਹਰਪਾਲ ਸਿੰਘ ਬੇਦੀ, ਵਕੀਲ ਚੰਦ ਦਾਬੜਾ, ਸਰਬਜੀਤ ਸਿੰਘ ਦਰਦੀ, ਜਗਦੇਵ ਸਿੰਘ, ਮਨਿੰਦਰ ਸਿੰਘ ਆਦਿ ਨੇ ਮੁਬਾਰਕਬਾਦ ਦਿੱਤੀ।
ਮਾਨਸਾ (ਪੱਤਰ ਪ੍ਰੇਰਕ) ਈਦ-ਉਲ-ਜੂਹਾ ਦਾ ਤਿਉਹਾਰ ਈਦਗਾਹ ਮਾਨਸਾ ’ਚ ਮੌਲਵੀ ਹਾਜੀ ਹਾਫਿਜ਼ ਉਮਰਦੀਨ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਹਾਜੀ ਉਮਰਦੀਨ ਵੱਲੋਂ ਦੂਰ-ਦੁਰਾਡੇ ਤੋਂ ਪਹੁੰਚੇ ਹੋਏ ਇਕੱਠ ਨੂੰ ਕੁਰਬਾਨੀ ਦੀ ਮਹੱਤਤਾ ਬਾਰੇ ਦੱਸਿਆ ਕਿ ਰੱਬ ਨੇ ਰਜ਼ਰਤ ਇਬਰਾਹੀਮ ਦਾ ਇੱਕ ਇਮਤਿਹਾਨ ਲਿਆ। ਉਨ੍ਹਾਂ ਦੱਸਿਆ ਕਿ ਤਿਉਹਾਰ ਈਦ-ਉੱਲ-ਜੂਹਾ ਪੂਰੀ ਦੁਨੀਆਂ ’ਚ ਹਰ ਸਾਲ ਮਨਾਇਆ ਜਾਂਦਾ ਹੈ।
ਜ਼ੀਰਾ (ਪੱਤਰ ਪ੍ਰੇਰਕ) ਜ਼ੀਰਾ ਦੇ ਕੋਟ ਈਸੇ ਖਾਂ ਸੜਕ ’ਤੇ ਸਥਿਤ ਜਾਮਾ ਮਸਜਿਦ ਵਿੱਚ ਮੁਸਲਿਮ ਕਮੇਟੀ ਜ਼ੀਰਾ ਵੱਲੋਂ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਈਦ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਜ਼ੀਰਾ ਦੇ ਮੁਸਲਿਮ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਸ਼ਾਮਲ ਹੋਏ। ਇਸ ਮੌਕੇ ਮੌਲਵੀ ਜ਼ਮੀਲ ਖਾਨ ਦੀ ਅਗਵਾਈ ਹੇਠ ਨਮਾਜ਼ ਅਦਾ ਕਰਨ ਉਪਰੰਤ ਸਭ ਨੇ ਇੱਕ ਦੂਸਰੇ ਦੇ ਗਲੇ ਲੱਗ ਕੇ ਤੇ ਮੂੰਹ ਮਿੱਠਾ ਕਰਵਾ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਮੌਲਵੀ ਜ਼ਮੀਲ ਖਾਨ ਨੇ ਈਦ ਦੇ ਤਿਉਹਾਰ ਸਬੰਧੀ ਜਾਣਕਾਰੀ ਦਿੱਤੀ।
ਸ਼ਹਿਣਾ (ਪੱਤਰ ਪ੍ਰੇਰਕ) ਸ਼ਹਿਣਾ ’ਚ ‘‘ਈਦ-ਉਲ-ਜੂਹਾ (ਬਕਰੀਦ)’’ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਈਦ ਨੂੰ ਲੈਕੇ ਮੁਸਲਮਾਨ ਭਾਈਚਾਰੇ ਵੱਲੋਂ ਇੱਕ-ਦੂਜੇ ਨੂੰ ਈਦ ਦੀ ਵਧਾਈ ਦਿੱਤੀ ਅਤੇ ਨਮਾਜ ਅਦਾ ਕੀਤੀ। ਥਾਣਾ ਸ਼ਹਿਣਾ ਦੇ ਐਸ.ਐਚ.ਓ. ਸਰਦਾਰਾ ਸਿੰਘ ਨੇ ਪੁਲੀਸ ਪਾਰਟੀ ਨਾਲ ਸਖਤ ਸਰੁੱਖਿਆਂ ਪ੍ਰਬੰਧ ਕੀਤੇ ਹੋਏ ਸਨ।