ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਰਾਇਸ਼ੁਮਾਰੀ ’ਤੇ ਵਿਚਾਰ ਕਰ ਰਹੇ ਨੇ ਕੁਕੀ
ਅਨਿਮੇਸ਼ ਸਿੰਘ
ਨਵੀਂ ਦਿੱਲੀ, 13 ਮਾਰਚ
ਮਨੀਪੁਰ ਦੇ ਦੌਰੇ ’ਤੇ ਆਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਟੀਮ ਨਾਲ ਵਾਰਤਾ ਨਾਕਾਮ ਰਹਿਣ ਤੋਂ ਬਾਅਦ ਕੁਕੀ ਸਮੂਹ ਮਨੀਪੁਰ ਦੇ ਕਬਾਇਲੀ ਬਹੁ-ਗਿਣਤੀ ਵਾਲੇ ਇਲਾਕਿਆਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿਵਾਉਣ ਲਈ ਸੰਭਾਵੀ ਰਾਇਸ਼ੁਮਾਰੀ ’ਤੇ ਵਿਚਾਰ ਕਰ ਰਹੇ ਹਨ।
ਸੂਤਰਾਂ ਨੇ ਹਾਲਾਂਕਿ ਦੱਸਿਆ ਕਿ ਫਿਲਹਾਲ ਕੋਈ ਠੋਸ ਤਜਵੀਜ਼ ਅਜੇ ਸਾਹਮਣੇ ਨਹੀਂ ਆਈ ਪਰ ਗ੍ਰਹਿ ਮੰਤਰਾਲੇ ਦੀ ਟੀਮ ਨਾਲ ਦੂਜੇ ਗੇੜ ਦੀ ਗੱਲਬਾਤ ਦੇ ਨਤੀਜਿਆਂ ਮਗਰੋਂ ਕੁਕੀ ਸਮੂਹ ਇਸ ’ਤੇ ਵਿਚਾਰ ਕਰ ਸਕਦੇ ਹਨ। 11 ਮਾਰਚ ਨੂੰ ਪਹਿਲੇ ਗੇੜ ਦੀ ਗੱਲਬਾਤ ਨਾਕਾਮ ਹੋ ਗਈ ਸੀ। ਉਨ੍ਹਾਂ ਹਾਲਾਂਕਿ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਗ੍ਰਹਿ ਮੰਤਰਾਲੇ ਦੀ ਟੀਮ ਨਾਲ ਗੱਲਬਾਤ ਦੌਰਾਨ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਪ੍ਰਾਪਤ ਕਰਨ ਲਈ ਰਾਏਸ਼ੁਮਾਰੀ ਕਰਾਉਣ ਦੇ ਮਤੇ ’ਤੇ ਚਰਚਾ ਹੋਈ ਸੀ। ਕੁਕੀ ਸਮੂਹਾਂ ਵੱਲੋਂ ਰਾਇਸ਼ੁਮਾਰੀ ਦੇ ਮਤੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਗ੍ਰਹਿ ਮੰਤਰਾਲੇ ਦੀ ਟੀਮ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਪ੍ਰਸ਼ਾਸਨ ਨੂੰ ਸਪੱਸ਼ਟ ਨਿਰਦੇਸ਼ ਦਿੱਤਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇਣ ਦੀ ਉਨ੍ਹਾਂ ਦੀ ਮੰਗ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਸੂਤਰਾਂ ਨੇ ਦੱਸਿਆ ਕਿ ਮਤਾ ਇਸ ਤੱਥ ਦੇ ਆਧਾਰ ’ਤੇ ਉੱਭਰਿਆ ਹੈ ਕਿ ਗੁਆਂਢੀ ਨਾਗਾਲੈਂਡ ਦਾ ਵਿਚਾਰ ਵੀ ਰਾਇਸ਼ੁਮਾਰੀ ਰਾਹੀਂ ਪੈਦਾ ਹੋਇਆ ਸੀ। (ਇਹ ਰਾਇਸ਼ੁਮਾਰੀ 1951 ’ਚ ਹੋਈ ਸੀ ਹਾਲਾਂਕਿ ਸਰਕਾਰ ਨੇ ਇਸ ਨੂੰ ਅਸਵੀਕਾਰ ਕਰ ਦਿੱਤਾ ਸੀ ਕਿਉਂਕਿ ਇਹ ਮੂਲ ਰੂਪ ’ਚ ਵੱਖਰੇ ਨਾਗਾ ਮੁਲਕ ਲਈ ਸੀ।) ਇਸ ਲਈ ਮਨੀਪੁਰ ਦੇ ਮਾਮਲੇ ’ਚ ਕੁਕੀਆਂ ਨੂੰ ਸਿਰਫ਼ ਰਾਜ ਅੰਦਰ ਉਨ੍ਹਾਂ ਦੇ ਖੇਤਰ ਲਈ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਵੋਟ ਕਰਨ ਦੀ ਲੋੜ ਹੈ ਜਿੱਥੇ ਕਬਾਇਲੀ ਬਹੁਗਿਣਤੀ ਹੈ। ਦੂਜੇ ਪਾਸੇ ਕੁਕੀ ਜਥੇਬੰਦੀਆਂ ਵੱਲੋਂ 8 ਮਾਰਚ ਨੂੰ ਦਿੱਤਾ ਬੰਦ ਦਾ ਸੱਦਾ ਅੱਜ ਵੀ ਜਾਰੀ ਰਿਹਾ।