For the best experience, open
https://m.punjabitribuneonline.com
on your mobile browser.
Advertisement

ਵੱਖਰੀ ਸੋਚ

04:09 AM May 25, 2025 IST
ਵੱਖਰੀ ਸੋਚ
Advertisement

ਅਮਰੀਕ ਸੈਦੋਕੇ
ਕਥਾ ਪ੍ਰਵਾਹ

Advertisement

ਮੈਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਜੋ ਵੀ ਕਿਤਾਬ ਮਿਲਦੀ, ਮੈਂ ਦੋ ਚਾਰ ਦਿਨਾਂ ਵਿੱਚ ਪੜ੍ਹ ਕੇ ਹੀ ਸਾਹ ਲੈਂਦਾ। ਐਸੀ ਲਗਨ ਲੱਗੀ, ਮੇਰੀ ਕਿਤਾਬਾਂ ਨਾਲ ਦੋਸਤੀ ਗੂੜ੍ਹੀ ਹੁੰਦੀ ਗਈ। ਜਿਵੇਂ ਦੋਸਤ, ਦੋਸਤ ਲਈ ਚੰਗਾ ਰਾਹ ਦਸੇਰਾ ਬਣਦਾ ਹੈ, ਉਵੇਂ ਹੀ ਮੇਰੇ ਲਈ ਇਹ ਕਿਤਾਬਾਂ ਵੀ ਰਾਹ ਦਸੇਰਾ ਬਣ ਗਈਆਂ। ਮੇਰੇ ਗਿਆਨ ਵਿੱਚ ਵਾਧਾ ਹੋਣ ਲੱਗਾ।
ਕੁਝ ਸਮਾਂ ਪਾ ਕੇ ਮੇਰੀ ਜ਼ਿੰਦਗੀ ਵਿੱਚ, ਉਹ ਪਲ ਆਏ ਜਦੋਂ ਮੇਰੀ ਦੋਸਤੀ ਉਨ੍ਹਾਂ ਸੱਜਣਾਂ ਸੰਗ ਹੋ ਗਈ, ਜੋ ਅੰਧ-ਵਿਸ਼ਵਾਸ ਦੀ ਪੱਟੜੀ ਤੋਂ ਪਰ੍ਹੇ, ਸਾਹਿਤ ਦੇ ਬੂਟੇ ਥੱਲੇ ਆਪਣੀ ਜ਼ਿੰਦਗੀ ਦਾ ਆਨੰਦ ਲੈ ਰਹੇ ਸਨ। ਜੈਸੀ ਸੰਗਤ ਵੈਸੀ ਰੰਗਤ। ਮੈਂ ਵੀ ਸਾਹਿਤ ਦੇ ਰੰਗ ਵਿੱਚ ਰੰਗਿਆ ਗਿਆ। ਮੈਂ ਆਪਣੀ ਅਤੇ ਪਰਿਵਾਰ ਦੀ ਜ਼ਿੰਦਗੀ ਗੁਜ਼ਾਰਨ ਲਈ ਰਾਜਗਿਰੀ (ਪੱਕੀ ਉਸਾਰੀ) ਦਾ ਕਿੱਤਾ ਅਪਣਾ ਲਿਆ। ਮਿਸਤਰੀ ਹੋਣ ਕਰਕੇ ਭਾਂਤ-ਭਾਂਤ ਦੇ ਲੋਕਾਂ ਨਾਲ ਵਾਹ ਪੈਂਦਾ ਰਹਿੰਦਾ। ਨਵੇਂ-ਨਵੇਂ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਨਵੀਆਂ-ਨਵੀਆਂ ਸਮੱਸਿਆਵਾਂ ਨਾਲ ਵਾਹ ਪੈਣ ਲੱਗਾ।ਨਵੀਆਂ-ਨਵੀਆਂ ਸਮੱਸਿਆਵਾਂ ਨੂੰ ਤੱਕਿਆ। ਕਈ ਗ਼ਰੀਬੀ ਦੇ ਸਤਾਇਆਂ ਨੇ ਆਪਣੀ ਜ਼ਿੰਦਗੀ ਦੇ ਦੁੱਖ ਰੋਣੇ। ਕਈਆਂ ਨੇ ਕਹਿਣਾ, ‘‘ਬਾਈ ਮਿਸਤਰੀ ਸਰੀਰ ਬਣ ਲੈਣ ਦੇ, ਫੇਰ ਕੰਮ ਦੀਆਂ ਹਨੇਰੀਆਂ ਲਿਆ ਦੇਵਾਂਗੇ। ... ਨੂੰ ਰਾਤ ਇਨ੍ਹਾਂ ਤੋਂ ਫੜ ਕੇ ਪੈਸੇ ਦੇ ਕੇ ਆਇਆ, ਸਾਮਾਨ ਅਜੇ ਤੱਕ ਨਹੀਂ ਫੜਾ ਕੇ ਗਿਆ। ਕਹਿੰਦਾ ਰੇਡ ਨਾ ਪੈ ਜੇ, ਹੋਰ ਕਿਤੇ ਪੁੁਲੀਸ ਦਾ ਮੱਥਾ ਝੁਲਸਣਾ ਪੈ ਜੇ। ਪੈਰ-ਪੈਰ ’ਤੇ ਚੁਗਲ ਖੋਰ ਬੈਠੇ ਨੇ।’’ ਮੈਂ ਬਥੇਰਾ ਨਸ਼ੇ ਤੋਂ ਵਰਜਣਾ, ਪਰ ਉਨ੍ਹਾਂ ਨੇ ਆਪਣੀ ਆਦਤ ਤੋਂ ਮਜਬੂਰ ਹੋਇਆਂ ਆਖਣਾ ‘ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ’। ਬਹੁਤੇ ਲੋਕ ਲੱਕ ਤੋੜ ਮਿਹਨਤ ਕਰਨ ਲਈ ਖੁਰਾਕ ਪੂਰੀ ਨਾ ਮਿਲਣ ਕਰਕੇ ਨਸ਼ਿਆਂ ਦਾ ਸਹਾਰਾ ਲੈਂਦੇ ਸੀ।
ਉਨ੍ਹਾਂ ਦਿਨਾਂ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਜੋ ਵਾਰ-ਵਾਰ ਮੇਰੇ ਦਿਮਾਗ਼ ਵਿੱਚ ਦਸਤਕ ਦੇ ਰਹੀ ਹੈ। ਇਹ ਕੋਈ ਤੇਰ੍ਹਾਂ ਚੌਦਾਂ ਵਰ੍ਹੇ ਪਹਿਲਾਂ ਦੀ ਗੱਲ ਹੋਵੇਗੀ। ਮੈਂ ਸਾਡੇ ਲਾਗਲੇ ਪਿੰਡ ਗੁਰਮੀਤ ਸਿੰਘ ਦੇ ਮਕਾਨ ਦੀ ਉਸਾਰੀ ਕਰ ਰਿਹਾ ਸੀ। ਕੰਧਾਂ ਲੈਂਟਰ ਤੱਕ ਉਸਾਰਨ ਲਈ ਕਾਫ਼ੀ ਸਮਾਂ ਲੰਘ ਗਿਆ। ਜਿਸ ਦਿਨ ਉਸਾਰੀ ਦਾ ਕੰਮ ਖ਼ਤਮ ਹੋਇਆ, ਦੁਪਹਿਰ ਵੇਲੇ ਅਸੀਂ ਕਾਲਬ ਦਾ ਸਾਮਾਨ ਲੈੈਣ ਲਈ ਨੇੜਲੇ ਸ਼ਹਿਰ ਜਾਣਾ ਸੀ। ਦੁਪਹਿਰ ਵੇਲੇ ਰੋਟੀ ਅਤੇ ਚਾਹ ਪਾਣੀ ਛਕ ਕੇ ਸ਼ਹਿਰ ਨੂੰ ਤੁਰਨ ਲੱਗੇ ਤਾਂ ਘਰ ਵਾਲੇ ਗੁਰਮੀਤ ਸਿਹੁੰ ਨੇ ਮੇਰੇ ਕੋਲ ਆ ਕੇ ਕਿਹਾ, ‘‘ਮਿਸਤਰੀ, ਆਪਾਂ ਕੁਝ ਕੁ ਸਮਾਂ ਰੁਕ ਕੇ ਚੱਲਦੇ ਹਾਂ। ਚਾਹ ਬਣ ਲੈਣ ਦੇ, ਲੇਬਰ ਵਾਲੇ ਵੀ ਲੇਟ ਹੀ ਤੁਰਨਗੇ। ਖੇਤੋਂ ਟਰੈਕਟਰ ਅਜੇ ਵਾਪਸ ਨਹੀਂ ਆਇਆ।’’ ਮੈਂ ਸੋਚਾਂ ਵਿੱਚ ਹੀ ਗੁਆਚ ਗਿਆ, ‘ਚਾਹ ਹੁਣ ਤਾਂ ਪੀਤੀ ਹੈ, ਦੁਬਾਰਾ ਚਾਹ ਬਣਨ ਦਾ ਕੀ ਰਾਜ਼ ਹੈ?’
ਕਾਫ਼ੀ ਸਮੇਂ ਬਾਅਦ ਗੁਰਮੀਤ ਦੀ ਪਤਨੀ ਨੇ ਉਸ ਨੂੰ ਇਸ਼ਾਰੇ ਨਾਲ ਸਮਝਾ ਕੇ ਵੱਡੀ ਸਾਰੀ ਕੇਤਲੀ ਕੰਧੋਲੀ ਉੱਪਰ ਰੱਖੀ। ਆਪ ਰਸੋਈ ਵਿੱਚ ਵਾਪਸ ਚਲੀ ਗਈ। ਗੁਰਮੀਤ ਨੇ ਕੇਤਲੀ ਮੈਨੂੰ ਫੜਾਉਂਦਿਆਂ ਕਿਹਾ, ‘‘ਬਾਈ ਆਪਾਂ ਚੱਲੀਏ।’’ ਆਪ ਕਿੱਕ ਮਾਰ ਕੇ ਮੋਟਰਸਾਈਕਲ ਸਟਾਰਟ ਕਰ ਲਿਆ। ਮੈਂ ਕਾਮਿਆਂ ਨੂੰ ਦੁਕਾਨ ਵਾਲੇ ਦਾ ਨਾਂ ਦੱਸਦਿਆਂ ਕਿਹਾ, ‘‘ਉੱਥੇ ਆ ਜਾਇਓ।’’ ਅਤੇ ਆਪ ਮੋਟਰ ਸਾਈਕਲ ’ਤੇ ਗੁਰਮੀਤ ਮਗਰ ਬੈਠ ਕੇ ਸ਼ਹਿਰ ਵੱਲ ਨੂੰ ਚੱਲ ਪਿਆ। ਹੋਰ ਗੱਲਾਂ ਬਾਤਾਂ ਕਰਦੇ ਸ਼ਹਿਰ ਪਹੁੰਚ ਕੇ ਗੁਰਮੀਤ ਨੇ ਕਿਹਾ, ‘‘ਆਪਾਂ ਇੱਥੋਂ ਬਿਸਕੁਟ ਲੈਣੇ ਨੇ’’। ਅਸੀਂ ਦੁਕਾਨ ’ਤੇ ਰੁਕ ਗਏ। ਅੰਦਾਜ਼ੇ ਮੁਤਾਬਿਕ ਦੋ ਢਾਈ ਸੌ ਰੁਪਏ ਦੇ ਬਿਸਕੁਟ ਖਰੀਦ ਕੇ ਮੈਨੂੰ ਫੜਾ ਦਿੱਤੇ। ਉਸ ਨੇ ਚਾਹ ਕਿੱਥੇ ਫੜਾਉਣੀ ਹੈ, ਮੇਰੇ ਨਾਲ ਕੋਈ ਵੀ ਗੱਲ ਸਾਂਝੀ ਨਾ ਕੀਤੀ। ਸ਼ਹਿਰ ਦੀ ਦਾਣਾ ਮੰਡੀ ਪਹੁੰਚ ਕੇ ਮੈਂ ਦੇਖਿਆ ਕਿ ਸਵੇਰੇ ਪਿੰਡਾਂ ਵਿੱਚ ਰੱਬ ਦੇ ਦਰਸ਼ਨ ਕਰਾਉਣ ਦਾ ਢੰਗ ਰਚਾਉਂਦੇ ਅਖੌਤੀ ਸਾਧਾਂ ਦੇ ਕਈ ਟੋਲੇ ਕਾਫ਼ੀ ਜਗ੍ਹਾ ਮੱਲੀ ਬੈਠੇ ਸਨ, ਜੋ ਮਹਿੰਗੀਆਂ ਗੱਡੀਆਂ ਵਿੱਚ ਪਹੁੰਚਦੇ ਹਨ। ਗੁਰਮੀਤ ਨੇ ਸਾਹਮਣੇ ਬੈਠੇ ਟੋਲੇ ਦੇ ਮੁਖੀ ਦੇ ਚਰਨੀਂ ਹੱਥ ਲਾਏ, ਜੋ ਵੱਡੀ ਸਾਰੀ ਗੋਗੜ ਅਤੇ ਕੁਇੰਟਲ ਦੀ ਖੰਡ ਦੀ ਬੋਰੀ ਵਾਂਗ ਕਾਫ਼ੀ ਥਾਂ ਰੋਕੀ ਬੈਠਾ ਸੀ। ਚਾਹ ਅਤੇ ਬਿਸਕੁਟਾਂ ਵਾਲਾ ਲਿਫ਼ਾਫ਼ਾ ਵੀ ਕੋਲ ਹੀ ਟਿਕਾ ਦਿੱਤਾ। ਮੈਂ ਵੀ ਦੂਰੋਂ ਹੀ ਫਤਹਿ ਬੁਲਾ ਕੇ ਗੁਰਮੀਤ ਕੋਲ ਹੀ ਬੈਠ ਗਿਆ। ਲੋਕਾਂ ਦੀ ਕਾਫ਼ੀ ਭੀੜ ਜੁੜੀ ਹੋਈ ਸੀ।
ਕੁਝ ਸੱਜਣ ਬੈਠੇ ਅਤੇ ਕੁਝ ਤੁਰ ਗਏ। ਲੱਗਦਾ ਸੀ ਜਿਵੇਂ ਦੜ੍ਹੇ ਸੱਟੇ ਵਾਲੇ ਹੋਣ। ਚੌਕੜੀ ਮਾਰੀ ਬੈਠੇ ਸਾਧ ਨੇ ਗੁਰਮੀਤ ਦੇ ਦੋਵੇਂ ਹੱਥ ਮੋਢਿਆਂ ’ਤੇ ਰੱਖਦਿਆਂ ਪੁੱਛਿਆ, ‘‘ਵਾਹ ਭਗਤਾ ਕਿਵੇਂ ਇੱਛਾ ਜਾਗੀ, ਸੰਤਾਂ ਦੀ ਸੇਵਾ ਕਰਨ ਦੀ? ਕਿਵੇਂ ਪਤਾ ਲੱਗਿਆ, ਇਸ ਸਥਾਨ ਦਾ?’’ ਗੁਰਮੀਤ ਨੇ ਕਿਹਾ, ‘‘ਮਹਾਰਾਜ, ਤੁਹਾਡੇ ਸੰਤ ਸਵੇਰੇ ਪ੍ਰਭਾਤ ਫੇਰੀ ਪਾਉਣ ਜਾਂਦੇ ਨੇ, ਉਨ੍ਹਾਂ ਤੋਂ ਪਤਾ ਲੱਗਿਆ ਇਸ ਟਿਕਾਣੇ ਦਾ ਜੀ। ਸੋਚਿਆ ਚੱਲੋ ਸੰਤਾਂ ਦੀ ਸੇਵਾ ਕਰ ਆਈਏ।’’ ਉਸ ਨੇ ਮੇਰੇ ਵੱਲ ਹੱਥ ਕਰਕੇ ਪੁੱਛਿਆ, ‘‘ਕਾਕਾ ਜੀ, ਇਹ ਸੱਜਣ ਕਿਵੇਂ ਚੁੱਪ ਹੀ ਬੈਠਾ ਏ?’’ ਗੁਰਮੀਤ ਨੇ ਦੱਸਿਆ, ‘‘ਬਾਬਾ ਜੀ, ਇਹ ਬਾਈ ਮਿਸਤਰੀ ਆ, ਜੋ ਆਪਣੇ ਮਕਾਨ ਦੀ ਉਸਾਰੀ ਕਰਦੈ।’’ ਬਾਬੇ ਨੇ ਗੁਰਮੀਤ ਵੱਲ ਤੱਕਦਿਆਂ ਕਿਹਾ, ‘‘ਭਗਤਾ ਤੇਰਾ ਨਾਮ ਕੀ ਹੈ?’’ ‘‘ਜੀ ਮੇਰਾ ਨਾਮ ਗੁਰਮੀਤ ਸਿੰਘ ਹੈ,’’ ਗੁਰਮੀਤ ਨੇ ਉੱਪਰ ਮੂੰਹ ਕਰਦਿਆਂ ਕਿਹਾ।
‘‘ਤੇਰੇ ਮੱਥੇ ਦੀਆਂ ਲਕੀਰਾਂ ਬਹੁਤ ਕੁਝ ਹੋਰ ਦੱਸਦੀਆਂ ਨੇ ਭਗਤਾ।’’ ਗੁਰਮੀਤ ਨੇ ਬਾਬੇ ਵੱਲ ਤੱਕਦਿਆਂ ਕਿਹਾ, ‘‘ਮਹਾਰਾਜ, ਕੀ ਦੱਸਦੀਆਂ ਨੇ ਲਕੀਰਾਂ?’’ ਗੁਰਮੀਤ ਸਿੰਹਾਂ ਤੇਰੇ ਪਰਿਵਾਰ ਦੇ ਮੈਂਬਰ ਕਿੰਨੇ ਨੇ?’’ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦਿਆਂ ਕਿਹਾ। ‘‘ਜੀ ਮੇਰੇ ਦੋ ਲੜਕੀਆਂ, ਪਤਨੀ ਅਤੇ ਮਾਤਾ ਪਿਤਾ ਜੀ ਹਨ।’’ ‘‘ਹਾਂ ਹਾਂ ਭਗਤਾ, ਮੈਂ ਵੀ ਇਹੋ ਸੋਚਦਾਂ, ਮੱਥੇ ਦੀਆਂ ਲਕੀਰਾਂ ਕੁਝ ਹੋਰ ਦੱਸਦੀਆਂ ਪਈਆਂ ਨੇ।’’
ਮੈਂ ਸੋਚਣ ਲੱਗਿਆ, ‘ਹੁਣ ਠੱਗ ਹੋਰ ਅੱਗੇ ਵਧੇਗਾ, ਫਸਾਊ ਆਪਣੇ ਜਾਲ ਵਿੱਚ।’ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ। ਜਦੋਂ ਮੀਆਂ ਬੀਵੀ ਰਾਜ਼ੀ, ਕੀ ਕਰੇਗਾ ਕਾਜ਼ੀ।
‘‘ਬੱਲੇ-ਬੱਲੇ ਮੈਂ ਵੀ ਭਗਤਾ ਇਹੋ ਸੋਚਦਾਂ। ਘਰ ਵਿੱਚ ਇਸੇ ਸਾਲ ਖ਼ੁਸ਼ੀਆਂ ਆਉਣ ਵਾਲੀਆਂ ਹਨ। ਭਗਤਾ ਦੇ ਆਗਿਆ, ਲਾ ਦੇਈਏ ਜੰਗਲਾਂ ਵਿੱਚ ਮੰਗਲ? ਬੰਨ੍ਹੀ ਜਾਵੇ ਦਰਾਂ ’ਚ ਨਿੰਮ? ਵੱਜਣ ਘਰ ਵਿੱਚ ਕਿਲਕਾਰੀਆਂ? ਲੱਗ ਜਾਣ ਰੰਗ ਭਾਗ? ਹੋ ਜੇ ਪਿਉ ਦਾਦੇ ਦੀ ਕੁਲ ’ਚ ਵਾਧਾ? ਇਸ ਦਰਬਾਰ ’ਚੋਂ ਕੋਈ ਖਾਲੀ ਨਹੀਂ ਮੁੜਿਆ। ਮੰਨੇਂ ਫੇਰ ਸੰਤਾਂ ਨੂੰ?’’ ਗੁਰਮੀਤ ਮੋਮ ਵਾਂਗ ਪਿਘਲ ਕੇ ਬਾਬੇ ਦੇ ਚਰਨਾਂ ਵਿੱਚ ਢਹਿ ਪਿਆ। ਮੈਂ ਸਮਝ ਗਿਆ ਕਿ ਸਾਧ ਨੇ ਇਸ ਨੂੰ ਆਪਣੇ ਵੱਸ ਕਰ ਲਿਆ। ਮੁਖੀ ਨੇ ਆਪਣੇ ਟੋਲੇ ਦੇ ਬੰਦੇ ਨੂੰ ਪੁੱਛਿਆ।
‘‘ਸੰਤੋ, ਚਾਹ ਗਰਮ ਨਹੀਂ ਹੋਈ! ਫੜਾਉ ਭਗਤਾਂ ਨੂੰ,’’ ਕਦੇ-ਕਦੇ ਸਾਧ ਤਿਰਛੀ ਨਜ਼ਰ ਨਾਲ ਮੈਨੂੰ ਵੀ ਤੱਕ ਲੈਂਦਾ। ‘‘ਗੁਰਮੀਤ ਸਿੰਹਾਂ ਤੈਨੂੰ ਥੋੜ੍ਹੀ ਜਿਹੀ ਸੇਵਾ ਲਾਉਣੀ ਹੈ। ਅੱਜ ਤੋਂ ਘਰ ਵਿੱਚ ਨੌਂ ਨਿਧਾਂ ਬਾਰਾਂ ਸਿਧਾਂ ਹੋਣਗੀਆਂ। ਪਰਮਾਤਮਾ ਤੇਰੇ ਘਰ ਭਲੀ ਕਰੂ। ਦੇਖੀਂ ਕਿਵੇਂ ਸੜਦੇ ਨੇ ਲੋਕ। ਕਿਸੇ ਕੋਲ ਗੱਲ ਨਹੀਂ ਕਰਨੀ,’’ ਗੁਰਮੀਤ ਦੇ ਮੂੰਹ ਨੇੜੇ ਮੂੰਹ ਕਰਕੇ ਸਾਧ ਨੇ ਕਿਹਾ।
ਗੁਰਮੀਤ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਪੁੱਛਿਆਂ, ‘‘ਬਾਬਾ ਜੀ, ਕੀ ਸੇਵਾ ਹੈ?’’
‘‘ਕੋਈ ਬਹੁਤੀ ਨਹੀਂ ਭਗਤਾ, ਬੱਸ ਇੱਕ ਪੀਪਾ ਘਿਉ ਦਾ ਅਤੇ ਖੰਡ ਦਾ ਗੱਟਾ। ਅਗਲੇ ਸਾਲ ਸਾਰੇ ਸੰਤ ਭਗਤ ਤੇਰੇ ਘਰ ਲੰਗਰ ਛਕਣਗੇ। ਜਦੋਂ ਬੱਚੇ ਰਣਜੀਤ ਸਿੰਹੁ ਨੇ ਮਾਰੀਆਂ ਕਿਲਕਾਰੀਆਂ, ਇਹ ਸਾਮਾਨ ਹਵਨ ਤੋਂ ਇੱਕ ਦਿਨ ਪਹਿਲਾਂ ਇਸ ਅਸਥਾਨ ’ਤੇ ਛੱਡ ਜਾਣਾ। ਹਵਨ ’ਤੇ ਜਿਸ ਤਰ੍ਹਾਂ ਮੈਂ ਆਖਿਆ, ਉਸ ਤਰ੍ਹਾਂ ਘਿਉ ਪਾਉਣਾ ਭੁੱਲਣਾ ਨਹੀਂ ਭਗਤਾ।’’ ‘‘ਠੀਕ ਜੀ ਮਹਾਰਾਜ,’’ ਗੁਰਮੀਤ ਨੇ ਕਿਹਾ। ਜਦੋਂ ਅਸੀਂ ਉੱਠ ਕੇ ਵਾਪਸ ਆਉਣ ਲੱਗੇ ਤਾਂ ਉਸ ਨੇ ਮੈਨੂੰ ਵੀ ਕਿਹਾ, ‘‘ਭਗਤਾ, ਤੂੰ ਵੀ ਜ਼ਰੂਰ ਪਹੁੰਚੀਂ।’’ ਪਰ ਹਵਨ ’ਤੇ ਘਿਉ ਪਾਉਣ ਲਈ ਮੈਨੂੰ ਨਹੀਂ ਕਿਹਾ।
ਇਸ ਮਗਰੋਂ ਅਸੀਂ ਕਾਲਬ ਵਾਲੀ ਦੁਕਾਨ ’ਤੇ ਪਹੁੰਚੇ ਤਾਂ ਲੇਬਰ ਵਾਲੇ ਮਜ਼ਦੂਰ ਸਾਮਾਨ ਟਰਾਲੀ ਵਿੱਚ ਰੱਖ ਰਹੇ ਸਨ ਅਤੇ ਸਾਡੀ ਉਡੀਕ ਕਰ ਰਹੇ ਸਨ। ਅਸੀਂ ਵਾਪਸ ਪਰਤ ਰਹੇ ਸੀ। ਗੁਰਮੀਤ ਨੇ ਰਸਤੇ ਵਿੱਚ ਮੈਨੂੰ ਪੁੱਛਿਆ, ‘‘ਮਿਸਤਰੀ, ਕਿਵੇਂ ਲੱਗੀਆਂ ਬਾਬੇ ਦੀਆਂ ਗੱਲਾਂ?’’ ਮੈਂ ਸਮਝਾਇਆ, ‘‘ਬਾਈ ਜੀ, ਇਨ੍ਹਾਂ ਨੇ ਸਾਰਿਆਂ ਨੂੰ ਲੱਕੜ ਦੇ ਮੁੰਡੇ ਦੇਣੇ ਹੁੰਦੇ ਨੇ। ਪਰ ਕੁਦਰਤ ਦਾ ਨਿਯਮ ਹੈ, ਬਰਾਬਰਤਾ 50 ਫ਼ੀਸਦੀ ਲੜਕੇ ਅਤੇ 50 ਫ਼ੀਸਦੀ ਲੜਕੀਆਂ। ਇਹ ਚਾਤਰ ਲੋਕ ਅਜਿਹੇ ਗੱਲਾਂ ਦੇ ਜਾਲ ਬੁਣ ਕੇ ਫਸਾਉਂਦੇ ਹਨ। ਜਿਹੜਾ ਇਨ੍ਹਾਂ ਦੇ ਚੁੰਗਲ ਵਿੱਚ ਫਸ ਗਿਆ, ਉਸ ਦੀ ਘੈਂਅ-ਘੈਂਅ, ਤੇ ਬਾਬੇ ਦੀ ਜੈ-ਜੈ।’’
ਗੁਰਮੀਤ ਸੋਚਾਂ ਦੀ ਘੁੰਮਣ-ਘੇਰੀ ਵਿੱਚ ਫਸ ਗਿਆ।
ਘਰ ਵਾਪਸ ਆ ਲੇਬਰ ਵਾਲੇ ਚਾਹ ਪੀ ਕੇ, ਕਾਲਬ ਦਾ ਸਮਾਨ ਲਾਹੁਣ ਲੱਗ ਪਏ। ਉਦੋਂ ਮੈਨੂੰ ਘਰ ਵਾਲੇ ਸ਼ਾਮ ਨੂੰ ਤੁਰਨ ਵੇਲੇ, ਦੁੱਧ ਦਾ ਗਲਾਸ ਪੀਣ ਲਈ ਦਿੰਦੇ ਸਨ। ਗੁਰਮੀਤ ਨੇ ਆਪਣੀ ਪਤਨੀ ਕੁਲਦੀਪ ਨੂੰ ਕਿਹਾ, ‘‘ਮੈਡਮ, ਅੱਜ ਮਿਸਤਰੀ ਲਈ ਦੁੱਧ ਗਰਮ ਨਾ ਕਰਿਉ? ਅਸੀਂ ਬਾਹਰਲੇ ਘਰੇ ਕੁਝ ਵਿਚਾਰਨਾ ਹੈ। ਅੱਗੇ ਵੀ, ਤੀਜੇ ਚੌਥੇ ਦਿਨ ਇਹ ਸਿਲਸਿਲਾ ਚੱਲਦਾ ਸੀ।’’
ਅੱਜ ਬਾਬੇ ਬਾਰੇ ਗੱਲਾਂ ਕਰਨ ਦੀ ਗੁਰਮੀਤ ਅੰਦਰ ਕਾਫ਼ੀ ਖਿੱਚ ਸੀ। ਮੇਰੀ ਰਾਇ ਲੈਣੀ ਉਸ ਨੇ ਜ਼ਰੂਰੀ ਸਮਝੀ ਕਿਉਂਕਿ ਉਸ ਨੂੰ ਪਤਾ ਸੀ ਕਿ ਬਾਈ ਮਿਸਤਰੀ ਵੱਖਰੀ ਸੋਚ ਦਾ ਮਾਲਕ ਹੈ, ਜਿਸ ਨੇ ਬਾਬੇ ਨੂੰ ਵੀ ਅਣਗੌਲਿਆ ਕਰ ਦਿੱਤਾ ਹੈ। ਮੈਂ ਤੇ ਗੁਰਮੀਤ ਕਾਫ਼ੀ ਸਮਾਂ ਬਾਹਰਲੇ ਘਰ ਬੈਠੇ ਗੱਲਾਂਬਾਤਾਂ ਕਰਦੇ ਰਹੇ। ਮੈਨੂੰ ਬਿਨਾਂ ਦੱਸੇ ਹੀ ਉਹ ਕਿਤੇ ਚਲਿਆ ਗਿਆ। ਬਹੁਤ ਚਿਰ ਵਾਪਸ ਨਾ ਆਇਆ। ਮੈਂ ਉਸ ਨੂੰ ਉਡੀਕਦਿਆਂ ਫੋਨ ਕੀਤਾ, ‘‘ਓ ਭਰਾਵਾ, ਕਿੱਥੇ ਲੋਪ ਹੋ ਗਿਆ ਤੂੰ? ਮੈਂ ਵੀ ਆਪਣੇ ਪਿੰਡ ਪਹੁੰਚਣਾ ਏ।’’ ਉਹ ਪਲਾਂ ਵਿੱਚ ਹੀ ਮੇਰੇ ਕੋਲ ਤੋਰੀ ਵਾਂਗ ਮੂੰਹ ਲਟਕਾਈ ਪਹੁੰਚ ਗਿਆ। ਮੈਂ ਹੈਰਾਨ ਹੁੰਦਿਆਂ ਪੁੱਛਿਆ, ‘‘ਕੀ ਗੱਲ ਹੋ ਗਈ? ਮਿਰਜ਼ੇ ਦੀ ਬੱਕੀ ਵਾਂਗ ਖਾਲੀ ਹੀ ਤੁਰਿਆ ਆਉਨੈ।’’
ਉਹ ਮਸੋਸੇ ਮਨ ਨਾਲ ਉਦਾਸ ਲਹਿਜੇ ਵਿੱਚ ਬੋਲਿਆ, ‘‘ਕਾਹਦਾ ਯਾਰ ਮਿਸਤਰੀ, ਮੈਂ ਦੇਸੀ ਆਂਡੇ ਉਬਾਲ ਕੇ ਜਦੋਂ ਤੁਹਾਡੇ ਵੱਲ ਤੁਰਿਆ ਤਾਂ ਮੈਡਮ ਨੇ ਆਵਾਜ਼ ਮਾਰ ਕੇ ਕਿਹਾ, ‘ਸਿੰਮੂ ਦੇ ਪਾਪਾ ਅੱਜ ਤਾਂ ਜੇਠਾ ਵੀਰਵਾਰ ਹੈ’।’’ ਮੇਰੇ ਹੋਸ਼ ਉੱਡ ਗਏ ਇਹ ਬੋਲ ਸੁਣ ਕੇ। ਪੜ੍ਹ ਲਿਖ ਕੇ ਵੀ ਇਹ ਪਰਿਵਾਰ ਫਰੇਬੀ ਸਾਧਾਂ ਕੋਲ ਧੱਕੇ ਤਾਂ ਖਾ ਹੀ ਰਿਹਾ ਹੈ। ਹੁਣ ਦਿਨਾਂ ਬਾਰੇ ਵੀ ਵੱਡੇ-ਵੱਡੇ ਵਹਿਮਾਂ ਭਰਮਾਂ ਦੀ ਬੇੜੀ ਵਿੱਚ ਸਵਾਰ ਨੇ ਇਹ ਲੋਕ। ਕੀ ਕੀਤਾ ਜਾਵੇ ਇਨ੍ਹਾਂ ਦਾ, ਇੱਕੀਵੀਂ ਸਦੀ ਵਿੱਚ ਵੀ?
ਮੈਂ ਹੱਸਦੇ ਨੇ ਕਿਹਾ, ‘‘ਮਿੱਤਰਾ, ਕਿਤੇ ਆਂਡੇ ਬਾਹਰ ਤਾਂ ਨਹੀਂ ਸੁੱਟ ਦਿੱਤੇ?’’ ਕਹਿੰਦਾ, ‘‘ਨਹੀਂ ਉਸੇ ਬਰਤਨ ਵਿੱਚ ਪਏ ਨੇ, ਜਿਸ ਵਿੱਚ ਉਬਾਲੇ ਸਨ।’’ ਮੈਂ ਉਸ ਨੂੰ ਕਿਹਾ, ‘‘ਚੁੱਕ ਲਿਆ। ਮੇਰੇ ਲਈ ਕੋਈ ਮੰਗਲਵਾਰ, ਵੀਰਵਾਰ ਮਾਅਨੇ ਨਹੀਂ ਰੱਖਦੇ। ਸਭ ਦਿਨ ਇੱਕ ਬਰਾਬਰ ਹੀ ਹਨ।’’ ਉਸ ਨੇ ਆਂਡੇ ਅਤੇ ਕੌੜਾ ਪਾਣੀ ਲਿਆ ਕੇ ਮੰਜੇ ’ਤੇ ਰੱਖਦਿਆਂ ਕਿਹਾ, ‘‘ਮਿਸਤਰੀ ਤੂੰ ਹੀ ਪੀ, ਅੱਜ ਤੈਨੂੰ ਇਕੱਲੇ ਨੂੰ ਹੀ ਰਾਂਝਾ ਰਾਜੀ ਕਰਨਾ ਪੈਣਾ ਏ।’’ ਅਤੇ ਕਹਿਣ ਲੱਗਿਆ, ‘‘ਕਿਵੇਂ ਲੱਗੀਆਂ ਤੈਨੂੰ ਬਾਬੇ ਦੀਆਂ ਗੱਲਾਂ?’’ ਮੈਂ ਉਸ ਨੂੰ ਦੱਸਿਆ, ‘‘ਇਹ ਸਾਧ ਸਭ ਘਰ ਦੀ ਕਬੀਲਦਾਰੀ ਤੋਂ ਭਗੌੜੇ ਹੋ ਕੇ, ਇਹੋ ਜਿਹੇ ਵਿਹਲੜਾਂ ਨਾਲ ਸਾਂਝ ਪਾ ਲੈਂਦੇ ਹਨ। ਆਪਣੀਆਂ ਗੱਲਾਂਬਾਤਾਂ ਦੇ ਜਾਲ ਵਿੱਚ ਕਈਆਂ ਨੂੰ ਫਸਾ ਲੈਂਦੇ ਹਨ। ਇਹ ਚੁਸਤ ਆਦਮੀ ਦੀ ਅੱਖ ਪਰਖ ਕੇ ਪਾਸਾ ਵੱਟ ਜਾਂਦੇ ਹਨ। ਮੈਂ ਇਨ੍ਹਾਂ ਨੂੰ ਸੰਤ ਨਹੀਂ, ਡਾਕੂਆਂ ਦਾ ਟੋਲਾ ਸਮਝਦਾ ਹਾਂ। ਇਹ ਫਰੇਬੀ ਸਾਧ, ਕਰੋੜਾਂ ਦੇ ਮਾਲਕ ਬਣ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ ਤੇ ਆਪਣੇ ਭੋਲੇ ਲੋਕ ਗੁਰਬਤ ਦੀ ਜ਼ਿੰਦਗੀ ਬਸਰ ਕਰਦੇ ਹਨ।’’ ਮੇਰੇ ਕੋਲ ਬੈਠਾ ਗੁਰਮੀਤ ਹਾਂ ਵਿੱਚ ਸਿਰ ਹਿਲਾ ਰਿਹਾ ਸੀ। ਮੈਂ ਆਪਣਾ ਕੰਮ ਨੇਪਰੇ ਚਾੜ੍ਹ ਸਾਈਕਲ ਅੰਦਰਲੇ ਘਰੋਂ ਚੁੱਕਣਾ ਸੀ।ਗੁਰਮੀਤ ਮੇਰੇ ਨਾਲ ਹੀ ਆ ਗਿਆ। ਜਦੋਂ ਮੈਂ ਸਾਈਕਲ ਚੁੱਕ ਕੇ ਤੁਰਨ ਲੱਗਿਆ ਤਾਂ ਗੁਰਮੀਤ ਦੇ ਘਰੋਂ ਕੁੜੀ ਕੁਲਦੀਪ ਕੌਰ ਉਹ ਬਰਤਨ ਸਾਫ਼ ਕਰ ਰਹੀ ਸੀ ਜਿਸ ਵਿੱਚ ਗੁਰਮੀਤ ਨੇ ਅੱਜ ਆਂਡੇ ਉਬਾਲੇ ਸਨ। ਮੈਂ ਹੱਸਦੇ ਨੇ ਕਿਹਾ, ‘‘ਕੁਲਦੀਪ, ਜੇ ਵੀਰਵਾਰ ਦਾ ਕਰਕੇ ਇਹ ਬਰਤਨ ਬੇਕਾਰ ਹੋ ਗਿਆ ਹੈ ਤਾਂ ਇਹ ਵੀ ਮੇਰੇ ਸਾਈਕਲ ਦੀ ਟੋਕਰੀ ਵਿੱਚ ਹੀ ਰੱਖ ਦਿਉ।’’ ਉਹ ਮੁਸਕੜੀਏਂ ਹੱਸਣ ਲੱਗ ਪਈ। ਮੈਥੋਂ ਉਨ੍ਹਾਂ ਨੂੰ ਸਮਝਾਉਣ ਤੋਂ ਰਿਹਾ ਨਾ ਗਿਆ। ਮੈਂ ਕੋਲ ਪਏ ਮੰਜੇ ’ਤੇ ਬੈਠਦਿਆਂ ਦੱਸਿਆ, ‘‘ਜਦੋਂ ਦੀ ਦੁਨੀਆ ਸਾਜੀ ਹੈ ਬਾਈ ਗੁਰਮੀਤ, ਹਜ਼ਾਰਾਂ ਹੀ ਸਦੀਆਂ ਪਹਿਲਾਂ ਸਾਡੇ ਖੋਜੀਆਂ, ਵਿਗਿਆਨੀਆਂ, ਵਿਦਵਾਨਾਂ ਅਤੇ ਸਿਧਾਂਤਕਾਰਾਂ ਨੇ ਪਹਿਲਾਂ ਸਕਿੰਟ, ਮਿੰਟ, ਘੰਟੇ, ਪਹਿਰ, ਦਿਨਾਂ ਦੇ ਨਾਮ, ਹਫ਼ਤੇ, ਦੇਸੀ ਤੇ ਅੰਗਰੇਜ਼ੀ ਮਹੀਨੇ, ਸੰਗਰਾਂਦ, ਪੁੰਨਿਆ, ਮੱਸਿਆ ਬਣਾਏ ਅਤੇ ਆਪਾਂ ਨੂੰ ਜਿਊਣ ਦਾ ਰਾਹ ਦੱਸਿਆ। ਕੋਈ ਦਿਨ ਮਾੜਾ ਨਹੀਂ ਹੁੰਦਾ, ਇਨਸਾਨ ਦੀ ਸੋਚ ਮਾੜੀ ਹੈ। ਜੇ ਮੰਗਲਵਾਰ ਜਾਂ ਵੀਰਵਾਰ ਨੂੰ ਜਨਮਿਆ ਬੱਚਾ ਉੱਚ ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦੇ ’ਤੇ ਪਹੁੰਚ ਜਾਵੇ ਤਾਂ ਦਿਨ ਵੱਡਾ ਜਾਂ ਸੋਚ ਵੱਡੀ ਹੈ।’’ ਬੈਠਾ ਪਰਿਵਾਰ ਮੇਰੇ ਮੂੰਹ ਵੱਲ ਇਸ ਤਰ੍ਹਾਂ ਤੱਕ ਰਿਹਾ ਸੀ, ਜਿਵੇਂ ਦਾਣਾ ਮੰਡੀ ਵਿੱਚ ਬੈਠਾ ਸਾਧ ਗੁਰਮੀਤ ਦੇ ਮੱਥੇ ਦੀਆਂ ਲਕੀਰਾਂ ਤੱਕ ਰਿਹਾ ਸੀ।
ਗੁਰਮੀਤ ਨੇ ਕਿਹਾ, ‘‘ਮਿਸਤਰੀ ਸਾਬ, ਕਾਸ਼! ਇਹ ਗੱਲਾਂ ਕਿਸੇ ਨੇ ਪਹਿਲਾਂ ਦੱਸੀਆਂ ਹੁੰਦੀਆਂ ਜਾਂ ਧਾਰਮਿਕ ਰਹਿਬਰ ਵੀ ਇਨ੍ਹਾਂ ਗੱਲਾਂ ਬਾਰੇ ਸੁਚੇਤ ਕਰਦੇ ਤਾਂ ਉਨ੍ਹਾਂ ਡਾਕੂਆਂ ਦੇ ਚੱਕਰ ਵਿੱਚ ਮੈਂ ਨਾ ਪੈਂਦਾ।’’ ਕੁਲਦੀਪ ਨੇ ਗੰਭੀਰ ਹੁੰਦਿਆਂ ਕਿਹਾ, ‘‘ਵੀਰ ਜੀ, ਤੁਸੀਂ ਦਲੀਲਾਂ ਨਾਲ ਸਾਡੇ ਦਿਮਾਗ਼ ਦੇ ਕਿਵਾੜ ਹੀ ਖੋਲ੍ਹ ਦਿੱਤੇ। ਅਸੀਂ ਅੱਜ ਤੋਂ ਕਿਸੇ ਵੀ ਬੂਬਨੇ ਸਾਧ ’ਤੇ ਵਿਸਵਾਸ਼ ਅਤੇ ਵਹਿਮ-ਭਰਮ ਨਹੀਂ ਕਰਾਂਗੇ। ਤੁਸੀਂ ਗੱਲਾਂ ਦੇ ਨਾਲ-ਨਾਲ ਗੰਧਲੇ ਦਿਮਾਗ਼ ਦੇ ਜਾਲੇ ਵੀ ਸਾਫ਼ ਕਰ ਦਿੱਤੇ ਨੇ।’’ ਇਹ ਆਖ ਬਰਤਨ ਚੁੱਕ ਕੇ ਉਹ ਰਸੋਈ ਵੱਲ ਨੂੰ ਚੱਲ ਪਈ। ਮੈਂ ਸਾਈਕਲ ਦੇ ਪੈਡਲ ਮਾਰਦਾ-ਮਾਰਦਾ ਪਿੰਡ ਵੱਲ ਨੂੰ ਰਵਾਨਾ ਹੋਣ ਲੱਗਾ। ਮੈਨੂੰ ਇਸ ਤਰ੍ਹਾਂ ਦੇ ਭੁਲੇਖੇ ਪੈਣ ਲੱਗੇ, ਜਿਵੇਂ ਗੁਰਮੀਤ ਸਿੰਹੁ ਮਗਰੋਂ ਮੇਰੀ ਸੋਚ ਅਤੇ ਸਾਈਕਲ ਦੀ ਰਫ਼ਤਾਰ ਤੱਕ ਰਿਹਾ ਹੋਵੇ।
ਸੰਪਰਕ: 97795-27418

Advertisement
Advertisement

Advertisement
Author Image

Ravneet Kaur

View all posts

Advertisement