ਵੱਖਰੀ ਪਛਾਣ ਦੀ ਪ੍ਰਤੀਕ ਦਸਤਾਰ
ਧਰਮਿੰਦਰ ਸਿੰਘ (ਚੱਬਾ)
ਦਸਤਾਰ ਵਿਅਕਤੀ ਦੇ ਸਵੈਮਾਣ, ਇੱਜ਼ਤ ਆਬਰੂ ਤੇ ਵੱਖਰੀ ਪਛਾਣ ਦੀ ਪ੍ਰਤੀਕ ਹੈ। ਦਸਤਾਰ ਬੰਨ੍ਹਣ ਦਾ ਰਿਵਾਜ ਭਾਵੇਂ ਹਜ਼ਾਰਾਂ ਸਾਲਾਂ ਤੋਂ ਹੈ, ਪਰ ਸਿੱਖਾਂ ਵਿੱਚ ਦਸਤਾਰ ਸਜਾਉਣ ਦਾ ਆਧੁਨਿਕ ਢੰਗ ਬਹੁਤ ਬਾਅਦ ਵਿੱਚ ਵਿਕਸਤ ਹੋਇਆ। ਪਹਿਲਾਂ ਉਸ ਸਮੇਂ ਦੇ ਰਿਵਾਜ ਮੁਤਾਬਿਕ ਗੁਰੂ ਸਾਹਿਬਾਨ ਸੇਲੀ ਟੋਪੀ ਪਹਿਨਦੇ ਸਨ। ਗੁਰੂ ਅਰਜਨ ਦੇਵ ਜੀ ਹਰ ਸਾਲ ਦੀਵਾਲੀ ’ਤੇ ਚੰਗਾ ਕੰਮ ਕਰਨ ਵਾਲੇ ਮਸੰਦਾਂ ਨੂੰ ਸਿਰੋਪਾਉ ਬਖ਼ਸ਼ਿਸ਼ ਕਰਦੇ ਸਨ। ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ:
ਕਾਇਆ ਕਿਰਦਾਰ ਅਉਰਤ ਯਕੀਨਾ।। ਰੰਗ ਤਮਾਸੇ ਮਾਣਿ ਹਕੀਨਾ।। ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ।।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬੜੀ ਸੁੰਦਰ ਦਸਤਾਰ ਸਜਾਉਂਦੇ ਸਨ। ਗੁਰੂ ਦਰਬਾਰ ਦੇ ਢਾਡੀ ਅਬਦੁੱਲੇ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਦਸਤਾਰ ਨੂੰ ਜਹਾਂਗੀਰ ਦੀ ਦਸਤਾਰ ਤੋਂ ਵੀ ਸੁੰਦਰ ਦਸਤਾਰ ਦਾ ਦਰਜਾ ਦਿੱਤਾ ਹੈ, ਜੋ ਬੜੇ ਹੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ।
ਦੋ ਤਲਵਾਰੀਂ ਬੱਧੀਆਂ
ਇੱਕ ਮੀਰੀ ਦੀ ਇੱਕ ਪੀਰੀ ਦੀ।
ਇੱਕ ਅਜ਼ਮਤ ਦੀ ਇੱਕ ਰਾਜ ਦੀ
ਇੱਕ ਰਾਖੀ ਕਰੇ ਵਜ਼ੀਰ ਦੀ।
ਪੱਗ ਤੇਰੀ ਕੀ ਜਹਾਂਗੀਰ ਦੀ।
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ। ਇਸੇ ਲਈ ਹਰ ਹਿੰਦੂ ਘਰ ਵਿੱਚੋਂ ਇੱਕ ਪੁੱਤਰ ਨੂੰ ਸਿੱਖ ਬਣਾਉਣ ਦੀ ਰੀਤ ਸ਼ੁਰੂ ਹੋਈ। ਜਦ ਔਰੰਗਜ਼ੇਬ ਨੇ ਪੱਗੜੀ ਨੂੰ ਰਾਜ ਸੱਤਾ ਦੀ ਪ੍ਰਤੀਕ ਦੱਸ ਕੇ ਆਮ ਜਨਤਾ ਦੇ ਪੱਗੜੀ ਬੰਨ੍ਹਣ ’ਤੇ ਰੋਕ ਲਗਾ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਪੰਜ ਕਕਾਰਾਂ ਵਿੱਚ ਇੱਕ, ਦਸਤਾਰ ਸਜਾਉਣੀ ਵੀ ਲਾਜ਼ਮੀ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਂਦੇ ਸਨ। ਸੁੰਦਰ ਦਸਤਾਰ ਸਜਾਉਣ ਵਾਲੇ ਨੂੰ ਇਨਾਮ ਦਿੰਦੇ ਸਨ। ਜਿਸ ਥਾਂ ਦਸਤਾਰ ਸਜਾਉਣ ਦੇ ਮੁਕਾਬਲੇ ਹੁੰਦੇ ਸਨ, ਉਸ ਥਾਂ ਗੁਰਦੁਆਰਾ ਦਸਤਾਰ ਅਸਥਾਨ ਸੁਸ਼ੋਭਿਤ ਹੈ। ਗੁਰੂ ਸਾਹਿਬ ਨੇ ਪੀਰ ਬੁੱਧੂ ਸ਼ਾਹ ਜੀ ਤੇ ਮਾਤਾ ਭਾਗ ਕੌਰ ਜੀ ਨੂੰ ਹੱਥੀਂ ਦਸਤਾਰਾਂ ਭੇਟ ਕੀਤੀਆਂ ਸਨ। ਨਿਹੰਗ ਸਿੰਘਾਂ ਵੱਲੋਂ ਗੋਲ ਦੁਮਾਲੇ ਸਜਾਏ ਜਾਂਦੇ ਹਨ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਬੜੀ ਸੁੰਦਰ ਦਸਤਾਰ ਸਜਾਉਂਦੇ ਸਨ। ਅੰਗਰੇਜ਼ ਰਾਜ ਸਮੇਂ ਪੱਗੜੀ ਸੰਭਾਲ ਜੱਟਾ ਲਹਿਰ ਵੀ ਚੱਲੀ। ਇਹ ਗੀਤ ਲੋਕਾਂ ਵਿੱਚ ਦੇਸ਼ਭਗਤੀ ਦਾ ਜਜ਼ਬਾ ਭਰਦਾ ਸੀ। ਅੰਗਰੇਜ਼ ਹਕੂਮਤ ਨੇ ਬੁਖ਼ਲਾ ਕੇ ਇਹ ਗੀਤ ਲਿਖਣ ਵਾਲੇ ਕਵੀ ਬਾਂਕੇ ਦਿਆਲ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ, ਪਰ ਲੋਕਾਂ ਦੇ ਰੋਹ ਨੂੰ ਦੇਖਦਿਆਂ ਰਿਹਾਅ ਕਰਨਾ ਪਿਆ ਸੀ।
ਦੂਜੀ ਆਲਮੀ ਜੰਗ ਸਮੇਂ ਅੰਗਰੇਜ਼ ਅਧਿਕਾਰੀਆਂ ਨੇ ਸਿੱਖ ਫ਼ੌਜੀਆਂ ਨੂੰ ਸਿਰਾਂ ’ਤੇ ਲੋਹੇ ਦੇ ਹੈਲਮਟ ਪਾਉਣੇ ਲਾਜ਼ਮੀ ਕਰ ਦਿੱਤੇ ਸਨ ਕਿ ਅਸੀਂ ਸਿਰ ’ਚ ਗੋਲੀ ਲੱਗਣ ਕਰਕੇ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਨਹੀਂ ਦੇ ਸਕਦੇ, ਪਰ ਸਦਕੇ ਜਾਈਏ ਸਿੱਖ ਫ਼ੌਜੀਆਂ ਦੇ ਜਿਨ੍ਹਾਂ ਨੇ ਅੰਗਰੇਜ਼ ਅਧਿਕਾਰੀਆਂ ਨੂੰ ਇਹ ਲਿਖ ਕੇ ਦਿੱਤਾ ਸੀ ਕਿ ਸਿਰ ਵਿੱਚ ਗੋਲੀ ਲੱਗਣ ਕਰਕੇ ਕੋਈ ਸ਼ਹੀਦ ਸਿੱਖ ਫ਼ੌਜੀ ਪੈਨਸ਼ਨ ਲੈਣ ਦਾ ਹੱਕਦਾਰ ਨਹੀਂ ਹੋਵੇਗਾ, ਪਰ ਅਸੀਂ ਦਸਤਾਰ ਉਤਾਰ ਕੇ ਹੈਲਮਟ ਨਹੀਂ ਪਾਵਾਂਗੇ। ਇਹ ਸੀ ਦਸਤਾਰ ਦਾ ਪਿਛਲਾ ਇਤਿਹਾਸ। ਇਸ ਤੋਂ ਬਾਅਦ ਸਮਾਂ ਬੜੀ ਤੇਜ਼ੀ ਨਾਲ ਬਦਲਿਆ ਹੈ ਤੇ ਬਦਲ ਰਿਹਾ ਹੈ। ਸਮੇਂ ਦੇ ਚੱਲਦੇ ਅੱਜ ਫਰਾਂਸ, ਆਸਟਰੇਲੀਆ, ਕੈਨੇਡਾ, ਦੁਬਈ, ਇਟਲੀ, ਇੰਗਲੈਂਡ ਤੇ ਲਗਭਗ 100 ਤੋਂ ਵੀ ਜ਼ਿਆਦਾ ਮੁਲਕਾਂ ਵਿੱਚ ਸਿੱਖ ਭਾਈਚਾਰਾ ਵੱਸਿਆ ਹੋਇਆ ਹੈ।ਉਸਾਮਾ ਬਿਨ ਲਾਦੇਨ ਵੱਲੋਂ 9-11 ਦੇ ਹਮਲੇ ਪਿੱਛੋਂ ਸਿੱਖ ਗ਼ਲਤ ਪਛਾਣ ਕਾਰਨ ਲਗਾਤਾਰ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਅਮਰੀਕਾ ਵਿੱਚ ਤਕਰੀਬਨ 9 ਲੱਖ ਤੋਂ ਵੀ ਜ਼ਿਆਦਾ ਸਿੱਖ ਵੱਸੇ ਹੋਏ ਹਨ, ਪਰ ਅਮਰੀਕਾ ਦੇ ਜ਼ਿਆਦਾਤਰ ਗੋਰੇ ਪਹਿਰਾਵੇ ਕਰਕੇ ਸਿੱਖਾਂ ਨੂੰ ਮੁਸਲਮਾਨ ਹੀ ਸਮਝਦੇ ਹਨ।
ਉੱਥੋਂ ਦੇ ਲੋਕਾਂ ਵੱਲੋਂ ਕਿਸੇ ਸਿੱਖ ਦੀ ਕੁੱਟਮਾਰ ਅਤੇ ਨਸਲੀ ਟਿੱਪਣੀਆਂ ਆਦਿ ਦੀਆਂ ਘਟਨਾਵਾਂ ਕਈ ਵਾਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਹਨ। ਖ਼ੈਰ, ਇਹ ਤਾਂ ਵਿਦੇਸ਼ੀ ਧਰਤੀ ਹੈ।
ਸਾਡੇ ਦੇਸ਼ ਵਿੱਚ ਵੀ ਸੰਨ ਚੁਰਾਸੀ ਦੇ ਕਤਲੇਆਮ ਦੌਰਾਨ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ’ਤੇ ਜੋ ਕਹਿਰ ਟੁੱਟਿਆ, ਉਹ ਤਾਂ ਕਹਿਣ ਤੋਂ ਪਰ੍ਹੇ ਹੈ। ਲੁੱਟਾਂ-ਖੋਹਾਂ, ਡਕੈਤੀਆਂ, ਬਲਾਤਕਾਰ, ਅੱਗਜ਼ਨੀ, ਕਤਲੋਗਾਰਤ ਤੇ ਸਿੱਖਾਂ ਦੀਆਂ ਪੱਗਾਂ ਉਤਾਰ ਕੇ ਗਲਾਂ ਵਿੱਚ ਟਾਇਰ ਪਾ ਕੇ ਜਿਊਂਦੇ ਜੀਅ ਸਾੜਿਆ ਗਿਆ। ਇਸ ਹੌਲਨਾਕ ਘਟਨਾਕ੍ਰਮ ਨੂੰ ਸੁਰਜੀਤ ਪਾਤਰ ਨੇ ਆਪਣੇ ਸ਼ਬਦਾਂ ਵਿੱਚ ਇਉਂ ਬਿਆਨ ਕੀਤਾ ਹੈ:
ਜਿੱਥੋਂ ਤੱਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ,
ਚੌਕ ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ।
ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ:
ਕੰਘਾਂ ਦੋਨੋ ਵਕਤ ਕਰ, ਪਾਗ ਚੁਨਹਿ ਕਰ ਬਾਂਧਈ।
ਭਾਈ ਦਯਾ ਸਿੰਘ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ:
ਕੰਘਾਂ ਦ੍ਵੈ ਕਾਲ ਕਰੇ ਪਾਗ ਚੁਨਕਿ ਬਾਂਧੈ।
ਡਾ. ਮਨਜੀਤ ਸਿੰਘ ਲਿਖਦੇ ਹਨ:
ਜਦ ਪੂਰਨ ਜੋਗੀ ਬਣ ਸਿਆਲਕੋਟ ਜਾਂਦਾ ਹੈ ਤਾਂ ਰਾਜਾ ਸਲਵਾਨ ਸ਼ਰਮਿੰਦਗੀ ਦੇ ਅਹਿਸਾਸ ਵਿੱਚ ਪੂਰਨ ਨੂੰ ਰਾਜ ਭਾਗ ਸੰਭਾਲਣ ਲਈ ਕਹਿੰਦਾ ਹੈ।
ਹੇ ਹੁਕਮ ਕੀਤਾ ਰਾਜੇ ਉਸ ਵੇਲੇ,
ਘਰ ਚੱਲ ਮੇਰੇ ਆਖੇ ਲੱਗ ਪੁੱਤਾ।
ਕੁੰਜੀ ਫੜ ਤੂੰ ਦਸਤ ਖਜ਼ਾਨਿਆਂ ਦੀ,
ਪਹਿਨ ਬੈਠ ਤੂੰ ਹੁਕਮ ਦੀ ਪੱਗ ਪੁੱਤਾ।
ਪ੍ਰੋ. ਆਸਾ ਸਿੰਘ ਘੁੰਮਣ ਇੱਕ ਜਗ੍ਹਾ ਲਿਖਦੇ ਹਨ: ‘ਪੱਗ ਹਿੰਦੋਸਤਾਨੀਆਂ ਦੀ ਨਿਸ਼ਾਨੀ ਹੈ।’ ਇਸ ਸਭ ਦੇ ਬਾਵਜੂਦ ਵਿਸ਼ਵ ਪੱਧਰ ’ਤੇ ਸਿੱਖਾਂ ਨੂੰ ਇਕੱਲਿਆਂ ਹੀ ਸੰਘਰਸ਼ ਕਰਨਾ ਪੈ ਰਿਹਾ ਹੈ। ਫਰਾਂਸ ਵਿੱਚ ਤਿਤਨੂਈ ਕਾਨੂੰਨ ਤਹਿਤ ਉੱਥੋਂ ਦੇ ਸਕੂਲਾਂ ਕਾਲਜਾਂ ਵਿੱਚ ਸਿੱਖ ਬੱਚਿਆਂ ਦੇ ਦਸਤਾਰ ਜਾਂ ਪਟਕਾ ਬੰਨ੍ਹ ਕੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੋਰ ਮੁਲਕਾਂ ਵਿੱਚ ਵੀ ਸਿੱਖਾਂ ਨੂੰ ਦਸਤਾਰ ਸਬੰਧੀ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਧਰ ਪੰਜਾਬ ਵਿੱਚ ਵੀ ਨੌਜਵਾਨ ਦਸਤਾਰ ਦੀ ਮਹੱਤਤਾ ਤੋਂ ਅਣਜਾਣ ਹੋਏ ਜਾਪਦੇ ਹਨ। ਕੁਝ ਟੀ.ਵੀ. ਦੇ ਪ੍ਰਭਾਵ ਕਰਕੇ ਨੌਜਵਾਨ ਪੀੜ੍ਹੀ ਦਾ ਝੁਕਾਅ ਫੈਸ਼ਨਪ੍ਰਸਤੀ ਹੋ ਗਿਆ ਹੈ। ਦੂਜਾ ਧਰਨੇ, ਰੋਸ ਰੈਲੀਆਂ ਦੌਰਾਨ ਸੁਰੱਖਿਆ ਬਲਾਂ ਵੱਲੋਂ ਰੋਲੀਆਂ ਜਾਂਦੀਆਂ ਪੱਗਾਂ ਦਾ ਵੀ ਸਰਕਾਰਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਦਸਤਾਰ ਸਿਖਲਾਈ ਸੰਸਥਾਵਾਂ ਤੇ ਹਰ ਪੰਥ ਦਰਦੀ ਦਾ ਫ਼ਰਜ਼ ਬਣਦਾ ਹੈ ਕਿ ਦਸਤਾਰ
ਨੂੰ ਵਿਸ਼ਵ ਪੱਧਰ ’ਤੇ ਚਮਕਾਈਏ। ਆਉ ਸਾਰੇ ਮਿਲ ਕੇ ਹੰਭਲਾ ਮਾਰ ਕੇ ਪੂਰੇ ਵਿਸ਼ਵ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਈਏ।
ਈ-ਮੇਲ: dharmindersinghchabba@gmail.com