ਵੰਨਸੁਵੰਨੇ ਆਪਣਿਆਂ ਵਿਚ ਘੁਲ਼ੀ ਹੋਈ ਮੈਂ - ‘ਮੈਂ ਤੇ ਮੇਰੇ’
ਗੁਰਬਚਨ ਸਿੰਘ ਭੁੱਲਰ
ਪਾਠਕ ਜਦੋਂ ਕਿਸੇ ਲੇਖਕ ਦੀ ਕੋਈ ਗਲਪ ਰਚਨਾ ਪੜ੍ਹਦਾ ਹੈ, ਉਹਦਾ ਵਾਹ ਕਲਪਿਤ ਪਾਤਰਾਂ ਨਾਲ ਪੈਂਦਾ ਹੈ। ਜੇ ਰਚਨਾ ਵਿਚ ਲੇਖਕ ਹਾਜ਼ਰ ਹੋਵੇ ਵੀ, ਉਹ ਪਾਤਰ ਦਾ ਭੇਖ ਧਾਰਿਆ ਹੋਣ ਕਰਕੇ ਬੇਪਛਾਣ ਰਹਿੰਦਾ ਹੈ। ਜੀਵਨੀ ਤੇ ਸਵੈਜੀਵਨੀ ਦੀ ਵਡਿਆਈ ਇਹ ਹੈ ਕਿ ਪਾਠਕ ਨੂੰ ਉਸ ਵਿਚੋਂ ਲੇਖਕ ਦੇ ਸਿੱਧੇ ਦਰਸ਼ਨ-ਦੀਦਾਰ ਹੁੰਦੇ ਹਨ। ਸਵੈਜੀਵਨੀ ਵਿਚ ਇਹ ਗੱਲ ਲੇਖਕ ਦੀ ਸਚਿਆਰਗੀ ਉੱਤੇ ਨਿਰਭਰ ਕਰਦੀ ਹੈ ਕਿ ਉਹ ਸਵੈ ਉੱਤੇ ਹੀ ਕਿੰਨਾ ਕੁ ਟਿਕਿਆ ਰਹਿੰਦਾ ਹੈ ਤੇ ਦਿਸਹੱਦੇ ਤੱਕ ਫੈਲੇ ਹੋਏ ਜੀਵਨ ਨੂੰ ਤੇ ਉਸ ਵਿਚ ਵਿਚਰਦੇ ਆਪਣਿਆਂ-ਬਿਗਾਨਿਆਂ ਨੂੰ ਕਿਸ ਹੱਦ ਤੱਕ ਕਲਮ ਦੇ ਕਲਾਵੇ ਵਿਚ ਲੈਂਦਾ ਹੈ। ਵੈਸੇ ਲੇਖਕ ਲਈ ਸਵੈ ਉੱਤੇ ਬਹੁਤਾ ਟਿਕਣਾ ਸੰਭਵ ਨਹੀਂ ਹੁੰਦਾ ਕਿਉਂਕਿ ਕੋਈ ਮਨੁੱਖ ਜੀਵਨ ਵਿਚ ਏਨਾ ਇਕੱਲਾ ਨਹੀਂ ਹੁੰਦਾ ਕਿ ਉਹਦੇ ਜੀਵਨ ਦਾ ਵੱਡਾ ਹਿੱਸਾ ਆਪਣਿਆਂ ਦੇ ਨਾਲ-ਨਾਲ ਬਿਗਾਨਿਆਂ ਨੇ ਵੀ ਮੱਲਿਆ ਹੋਇਆ ਨਾ ਹੋਵੇ। ਪਾਠਕ ਲਈ ਲੇਖਕ ਦੀ ਰਚਨਾ ਨੂੰ ਪੜ੍ਹਨ ਤੋਂ ਅੱਗੇ ਲੰਘ ਕੇ ਲੇਖਕ ਨੂੰ ਜਾਣਨ ਦੀ ਤਾਂਘ ਸੁਭਾਵਿਕ ਹੈ। ਉਹ ਉਤਸੁਕ ਹੁੰਦਾ ਹੈ ਕਿ ਜਿਸ ਨੇ ਇਹ ਸਭ ਲਿਖਿਆ ਹੈ, ਉਹ ਆਪ ਕਿਹੋ ਜਿਹਾ ਹੈ ਤੇ ਉਹਦਾ ਆਪਣਾ ਸੰਸਾਰ ਕਿਹੋ ਜਿਹਾ ਹੈ।
ਪਾਠਕੀ ਜੀਵਨ ਦੀ ਸ਼ੁਰੂਆਤ ਸਮੇਂ ਜਿਨ੍ਹਾਂ ਪੁਸਤਕਾਂ ਨਾਲ ਮੇਰਾ ਮੇਲ ਹੋਇਆ, ਉਹਨਾਂ ਵਿਚ ਸਵੈਜੀਵਨੀਆਂ ਵੀ ਸ਼ਾਮਲ ਸਨ। ਅੱਗੋਂ ਸਵੈਜੀਵਨੀਆਂ ਵਿਚੋਂ ਪ੍ਰਿੰ. ਤੇਜਾ ਸਿੰਘ ਜੀ ਦੀ ਸਵੈਜੀਵਨੀ ‘ਆਰਸੀ’ ਨੇ ਮਨ ਉੱਤੇ ਡੂੰਘੀ ਛਾਪ ਲਾਈ। ਕਾਰਨ ਇਹੋ ਸੀ ਕਿ ਉਸ ਵਿਚ ਉਹਨਾਂ ਨਾਲ ਤੇ ਉਹਨਾਂ ਦੇ ਨੇੜਲਿਆਂ ਨਾਲ ਹੀ ਮੁਲਾਕਾਤ ਨਹੀਂ ਸੀ ਹੋਈ ਸਗੋਂ ਸਮਕਾਲੀ ਹਾਲਾਤ ਦੇ ਵੱਖ-ਵੱਖ ਪੱਖਾਂ ਦੀ ਜਾਣਕਾਰੀ ਵੀ ਮਿਲੀ ਸੀ ਤੇ ਕਈ ਪ੍ਰਸਿੱਧ ਹਸਤੀਆਂ ਨੂੰ ਜਾਣਨ ਦਾ ਮੌਕਾ ਵੀ ਮਿਲਿਆ ਸੀ। ਮਗਰੋਂ ਪੜ੍ਹੀਆਂ ਅਜਿਹੀਆਂ ਚੇਤੇ-ਰਹਿਣੀਆਂ ਕਈ ਸਵੈਜੀਵਨੀਆਂ ਵਿਚ ਹੁਣ ਕਵਿੱਤਰੀ ਸੁਰਜੀਤ ਬੈਂਸ ਦੀ ਪੁਸਤਕ ‘ਮੈਂ ਤੇ ਮੇਰੇ’ ਜੁੜ ਗਈ ਹੈ। ਭਾਵੇਂ ਉਹਦੇ ਕਾਵਿ-ਸੰਗ੍ਰਹਿਆਂ ਦੇ ਨਾਲ-ਨਾਲ ਤਿੰਨ ਵਾਰਤਿਕ ਪੁਸਤਕਾਂ ਵੀ ਛਪੀਆਂ ਹਨ, ਪਰ ਉਹਦੀ ਬਹੁਤੀ ਸਾਹਿਤਕ ਪਛਾਣ ਕਵਿੱਤਰੀ ਵਜੋਂ ਹੀ ਰਹੀ ਹੈ। ਇਸ ਪੁਸਤਕ ਵਿਚ ਉਹਦੀ ਵਾਰਤਿਕ ਦਾ ਤਪ-ਤੇਜ ਦੇਖਣ ਵਾਲਾ ਹੈ।
ਪੁਸਤਕ ਦੇ ਨਾਂ ਅਨੁਸਾਰ ਇਸ ਵਿਚ ਮੈਂ ਵੀ ਹੈ ਤੇ ਮੇਰੇ ਵੀ ਹਨ। ਦਿਲਚਸਪ ਗੱਲ ਇਹ ਹੈ ਕਿ ਸਵੈਜੀਵਨੀ ਦੀ ਦੱਸ ਪਾਉਂਦੀ ‘ਮੈਂ’ ਵੀ ‘ਮੇਰੇ’ ਵਿਚ ਘੁਲ਼ੀ ਹੋਈ ਹੈ। ਪੁਸਤਕ ਦੇ ਇਸ ਭਾਗ ਵਿਚ ਵੀ ਉਹ ਆਪਣੀ ਗੱਲ ਘੱਟ ਕਰਦੀ ਹੈ ਤੇ ਦੂਜਿਆਂ ਦੀ ਬਹੁਤੀ। ਇਹਦੇ ਨਾਲ ਹੀ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਉਹਦੇ ‘ਮੇਰੇ’ ਵੀ ਉਹਦੀ ‘ਮੈਂ’ ਵਿਚ ਘੁਲ਼ੇ ਹੋਏ ਹਨ। ਉਹ ‘ਮੇਰਿਆਂ’ ਤੋਂ ਬਿਨਾਂ ਆਪਣੀ ਕੋਈ ਹੋਂਦ ਨਹੀਂ ਦੇਖਦੀ। ਇਸ ਪੱਖੋਂ ਇਹ ਪੁਸਤਕ ਅਨੇਕ ਵਿਅਕਤੀਆਂ ਦੇ ਸੰਖੇਪ ਸ਼ਬਦ-ਚਿੱਤਰਾਂ ਦਾ ਸੰਗ੍ਰਹਿ ਤਾਂ ਹੈ ਹੀ, ਇਸ ਵਿਚੋਂ ਅਨੇਕ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਦਰਸ਼ਨ ਵੀ ਹੁੰਦੇ ਹਨ।
ਕਹਾਵਤ ਹੈ, ਦੁੱਖ ਤੇ ਸੁਖ ਮਨੁੱਖੀ ਜੀਵਨ ਵਿਚ ਨਾਲੋ-ਨਾਲ ਚਲਦੇ ਹਨ, ਪਰ ਇਹ ਵੀ ਸੱਚ ਹੈ ਕਿ ਕਿਸੇ ਦੇ ਜੀਵਨ ਵਿਚ ਸੁਖ ਦਾ ਪੱਲੜਾ ਭਾਰੀ ਰਹਿੰਦਾ ਹੈ ਤੇ ਕਿਸੇ ਦੇ, ਸ਼ਾਇਦ ਬਹੁਤਿਆਂ ਦੇ, ਜੀਵਨ ਵਿਚ ਦੁੱਖ ਦਾ। ਸੁਰਜੀਤ ਦੀ ਪੀੜ੍ਹੀ ਨੂੰ, ਜੋ ਮੇਰੀ ਪੀੜ੍ਹੀ ਵੀ ਸੀ, ਦੁੱਖਾਂ ਦਾ ਪੱਲੜਾ ਭਾਰੀ ਹੋਣ ਦਾ ਅਹਿਸਾਸ ਚੰਦਰੀ ਸਿਆਸਤ ਨੇ ਬਾਲਪਨ ਵਿਚ ਹੀ ਕਰਵਾ ਦਿੱਤਾ ਸੀ। ਸੁਰਜੀਤ ਦੇ ਦਾਦਕੇ ਤੇ ਨਾਨਕੇ, ਦੋਵੇਂ ਪਿੰਡ ਦੇਸ-ਵੰਡ ਦੀ ਲਕੀਰ ਦੇ ਉਧਰ ਸਨ। ਸੱਤ ਸਾਲ ਦੀ ਬਾਲੜੀ ਨੇ ਆਪਣੇ ਵੀ ਜਾਂਦੇ ਦੇਖੇ ਤੇ ਆਪਣਾ ਸਭ ਕੁਛ ਵੀ ਜਾਂਦਾ ਦੇਖਿਆ। ਭਰੀ ਹੋਈ ਗੱਡੀ ਦੇ ਮੁਸਾਫ਼ਿਰ ਓਨਾ ਚਿਰ ਅੱਖਾਂ ਸਾਹਮਣੇ ਵੱਢੇ ਜਾਂਦੇ ਦੇਖੇ ਜਦੋਂ ਤੱਕ ਇਹ ਦਹਿਸ਼ਤ ਨਾਲ ਬੇਹੋਸ਼ ਨਹੀਂ ਹੋ ਗਈ।
ਪੰਜਾਬੀਆਂ ਦੀ ਉਸ ਸਮੇਂ ਦੀ ਬਾਲ ਪੀੜ੍ਹੀ ਦੇ ਚੇਤਿਆਂ ਤੋਂ ਇਹ ਖ਼ੂਨੀ ਰੰਗ ਸਮੇਂ ਦੀ ਸਾਬਣ ਵੀ ਲਾਹੁਣ ਤੋਂ ਅਸਮਰੱਥ ਰਹੀ ਹੈ। ਅੱਜ ਵੀ ਉਹ ਦਿਨ ਚੇਤੇ ਵਿਚੋਂ ਉੱਭਰ ਕੇ ਕਾਂਬਾ ਛੇੜ ਦਿੰਦੇ ਹਨ। ਜੋ ਕੋਈ ਉਹ ਕਹਿਰ ਸੁਰਜੀਤ ਵਰਗਿਆਂ ਵਾਂਗ ਆਪਣਿਆਂ ਉੱਤੇ ਢਹਿੰਦਾ ਦੇਖਣ ਦੀ ਬਦਕਿਸਮਤੀ ਤੋਂ ਬਚ ਰਹੇ, ਉਹਨਾਂ ਮੇਰੇ ਵਰਗਿਆਂ ਨੂੰ ਵੀ ਹੋਰਾਂ ਉੱਤੇ ਢਹਿੰਦਾ ਦੇਖਣ ਲਈ ਮਜਬੂਰ ਹੋਣਾ ਪਿਆ। ਜਿਹੜੇ ਲੋਕ ਮਨ ਦੀਆਂ ਅੱਖਾਂ ਨਾਲ ਦਿਸਦੇ ਅਜਿਹੇ ਘਾਤਕ ਦ੍ਰਿਸ਼ਾਂ ਨੂੰ ਅਣਦਿਸਦਾ ਕਰ ਕੇ ਭਵਿੱਖ ਉੱਤੇ ਨਜ਼ਰ ਟਿਕਾਉਂਦਿਆਂ ਨਵੇਂ ਸਿਰਿਉਂ ਸਾਬਤ ਕਦਮੀਂ ਤੁਰ ਸਕਦੇ ਹਨ, ਸੁਰਜੀਤ ਉਹਨਾਂ ਵਿਚੋਂ ਹੈ। ਦੁਖਦਾਈ ਡਿੱਠੇ ਨੂੰ ਅਣਡਿੱਠ ਕਰਨਾ ਤੇ ਉਹਦੀ ਦਲਦਲ ਵਿਚੋਂ ਨਿਕਲ ਕੇ ਅੱਗੇ ਵਧਣਾ ਬੜੀ ਹਿੰਮਤ, ਸਿਆਣਪ ਤੇ ਦੂਰ-ਦ੍ਰਿਸ਼ਟੀ ਲੋੜਦਾ ਹੈ ਜਿਸਦਾ ਪ੍ਰਮਾਣ ਇਹ ਪੁਸਤਕ ਹੈ।
ਲੰਮੇ ਜੀਵਨ ਵਿਚ ਛੋਟੇ-ਛੋਟੇ ਦੁੱਖ ਤਾਂ ਹਰ ਮਨੁੱਖ ਦੇ ਪੱਲੇ ਪੈਂਦੇ ਹੀ ਰਹਿੰਦੇ ਹਨ ਤੇ ਉਹਨਾਂ ਦਾ ਅਸਰ ਮੱਧਮ ਪੈਂਦਾ-ਪੈਂਦਾ ਆਖ਼ਰ ਮਿਟਿਆਂ ਵਰਗਾ ਹੋ ਜਾਂਦਾ ਹੈ। ਪਰ ਜਿਨ੍ਹਾਂ ਬਦਕਿਸਮਤਾਂ ਉੱਤੇ ਪਹਾੜੋਂ ਭਾਰੇ ਦੁੱਖ ਟੁਟਦੇ ਹਨ, ਉਹਨਾਂ ਨੂੰ ਸਹਿਣ ਲਈ ਪਹਾੜ ਜਿੱਡਾ ਹੀ ਜਿਗਰਾ ਚਾਹੀਦਾ ਹੈ। ਸੁਰਜੀਤ ਨੇ ਮਗਰੋਂ ਦੇ ਜੀਵਨ ਵਿਚ ਵੀ ਅਜਿਹੇ ਦੁੱਖ ਝੱਲੇ ਹੋਏ ਹਨ। ਇਕ ਅਜਿਹਾ ਵੱਡਾ ਦੁੱਖ ਉਹਦੇ ਇਕਲੌਤੇ ਜਵਾਨ ਬੇਟੇ ਦਾ ਵਿਛੋੜਾ ਬਣ ਕੇ ਆਇਆ ਜੋ ਆਮ ਮੌਤਾਂ ਵਰਗੀ ਮੌਤ ਮਰਨ ਦੀ ਥਾਂ ਚਿੱਪਰ-ਚਿੱਪਰ ਹੋ ਕੇ ਕਈ ਸਾਲਾਂ ਵਿਚ ਮੁੱਕਿਆ। ਇਕ ਵਾਰ ਤਾਂ ਮਾਂ ਵੀ ਢਹਿ ਕੇ ਢੇਰੀ ਹੋ ਗਈ, ਪਰ ਪੋਤੇ ਵਿਚੋਂ ਪੁੱਤਰ ਦੇਖਿਆ ਤੇ ਉਹਨੂੰ ਵੱਖੀ ਨਾਲ ਘੁੱਟ ਲਿਆ। ਦੂਜੀ ਵੱਖੀ ਨਾਲ ਨੂੰਹ ਘੁੱਟੀ ਤੇ ਜੀਵਨ-ਯਾਤਰਾ ਚਲਦੀ ਰੱਖੀ। 2005-06 ਵਿਚ ਮੂੰਹ ਦਾ ਕੈਂਸਰ ਹੋ ਗਿਆ। ਇਹਨੇ ਉਸ ਨੂੰ ਵੀ ਮਾਤ ਦੇ ਦਿੱਤੀ। ਦੁੱਖ ਤੇ ਸੁਖ ਨੂੰ ਸਮਾਨ ਮੰਨਣ ਵਾਲੇ ਨੂੰ ਗਿਆਨੀ ਕਿਹਾ ਜਾਂਦਾ ਹੈ। ਸੁਰਜੀਤ ਇਸ ਤੋਂ ਵੀ ਉਤਾਂਹ ਹੋ ਕੇ ਦੁੱਖ ਨੂੰ ਦਬਾਉਣਾ ਤੇ ਸੁਖ ਨੂੰ ਉਭਾਰਨਾ, ਮਾਣਨਾ ਤੇ ਵੰਡਣਾ ਜਾਣਦੀ ਹੈ। ਤਿੱਖੀਆਂ ਸੂਲ਼ਾਂ ਨੂੰ ਨੰਗੇ ਪੈਰੀਂ ਮਿੱਧ ਕੇ ਅੱਗੇ ਵਧਣ ਦਾ ਨਾਂ ਹੈ ਸੁਰਜੀਤ!
ਪੁਸਤਕ ਦਾ ਪਹਿਲਾ ਭਾਗ ‘ਮੈਂ’ ਘਰ-ਪਰਿਵਾਰ ਤੇ ਨੇੜਲਿਆਂ ਉੱਤੇ ਕੇਂਦ੍ਰਿਤ ਸਵੈਜੀਵਨੀ ਦੇ ਨਾਲ-ਨਾਲ ਸਫ਼ਰਨਾਮਾ ਵੀ ਹੈ। ਪਿਤਾ ਜੀ ਦੀਆਂ ਮੁਲਾਜ਼ਮੀ ਬਦਲੀਆਂ ਕੁਛ ਬਹੁਤੀਆਂ ਹੀ ਹੋਈਆਂ। ਇਕ ਥਾਂ ਤੋਂ ਉੱਠ ਕੇ ਦੂਜੀ ਥਾਂ ਟਿਕਣ ਦੇ ਵਾਰ-ਵਾਰ ਦੇ ਇਸ ਉਖੇੜੇ ਦਾ ਇਕ ਲਾਭ ਵੀ ਹੋਇਆ। ਸੁਰਜੀਤ ਨੇ ਪਹਿਲੀ ਉਮਰੇ ਹੀ ਏਨੇ ਨਗਰ-ਸ਼ਹਿਰ ਦੇਖ-ਮਾਣ ਲਏ ਜਿੰਨੇ ਆਮ ਕਰ ਕੇ ਸੰਭਵ ਨਹੀਂ ਹੁੰਦੇ। ਦਾਦਕੇ-ਨਾਨਕੇ ਤਾਂ ਹਰ ਕਿਸੇ ਵਾਂਗ ਦੇਖੇ ਹੀ ਸਨ, ਫੇਰ ਇਹ ਪੱਟੀ, ਅਟਾਰੀ, ਪਾਲਮਪੁਰ, ਭੁੰਗਾ, ਪਟਿਆਲਾ, ਕੁੱਲੂ ਤੇ ਦਿੱਲੀ ਦੀਆਂ ਰੌਣਕਾਂ ਦਾ ਅੰਗ ਬਣੀ। ਜਦੋਂ ਪਿਤਾ ਜੀ ਸੇਵਾ-ਮੁਕਤ ਹੋ ਕੇ ਚੰਡੀਗੜ੍ਹ ਵਸੇ, ਇਸ ਤੋਰੇ-ਫੇਰੇ ਦਾ ਵੀ ਅੰਤ ਹੋਇਆ।
ਪੁਸਤਕ ਦਾ ਦੂਜਾ ਭਾਗ ‘ਮੇਰੇ’ ਹੈ। ਇਸ ਭਾਗ ਦਾ ਕਾਫ਼ੀ ਕੁਛ ਨਵੇਕਲਾ ਤੇ ਅਲੋਕਾਰ ਹੈ। ਸੁਰਜੀਤ ਦੇ ‘ਮੇਰੇ’ ਆਮ ਲੋਕਾਂ ਵਾਂਗ ਆਪਣੇ ਵਡੇਰੇ ਪਰਿਵਾਰ ਦੇ ਜੀਅ, ਰਿਸ਼ਤੇਦਾਰ, ਵਾਕਿਫ਼ ਤੇ ਦੋਸਤ ਹੀ ਨਹੀਂ, ਇਹਨਾਂ ਤੋਂ ਵਧੀਕ ਹੋਰ ਵੀ ਹਨ। ਉਹ ਪਾਠਕ ਦਾ ਉਚੇਚਾ ਧਿਆਨ ਖਿਚਦੇ ਹਨ। ਮਿਸਾਲ ਵਜੋਂ ਇਹਨਾਂ ਵਿਚ ਸੜਕ ਦੇ ਕਿਨਾਰੇ ਇਕੱਲੇ ਘਰ ਵਾਲੀ ਛੋਟੇ-ਛੋਟੇ ਬੱਚਿਆਂ ਦੀ ਵਿਧਵਾ ਮਾਂ ਕਰਮੋ ਹੈ, ਜੋ ਲੋਕਾਂ ਲਈ ਚੁਰਾਹੇ ਵਿਚ ਪਈ ਬੇਮਾਲਕੀ ਚੀਜ਼ ਹੈ। ਉਹਨੂੰ ਸਹਾਰਾ ਮਿਲਦਾ ਹੈ ਤਾਂ ਉਹ ਵੀ ਸੁਰਜੀਤ ਦੇ ਕੰਵਾਰੇ ਖੇਤ-ਮਜ਼ਦੂਰ ਪਾਰਸੇ ਤੋਂ। ਇਹੋ ਜਿਹੀ ਕਰਮਾਂ-ਮਾਰੀ ਮਾਂ ਮਿੰਦੋ ਹੈ ਜੋ ਰਿਸ਼ਤੇਦਾਰਾਂ ਨੇ ਸੁਰਜੀਤ ਦੀ ਬੱਚੀ ਦੀ ਸੰਭਾਲ ਲਈ ਭੇਜੀ ਹੈ। ਉਹਨੇ ਵੀ ਪਹਿਲਾਂ ਝੁੱਗੀ ਵਿਚ ਰਹਿੰਦਿਆਂ ਚੁਰਾਹੇ ਪਈ ਬੇਮਾਲਕੀ ਚੀਜ਼ ਵਾਲਾ ਜੀਵਨ ਹੀ ਬਿਤਾਇਆ ਹੈ। ਜਿਸ ਬਦਕਿਸਮਤ ਦਾ ਕਿਸੇ ਨਾ ਕਿਸੇ ਸਬੱਬ ਸਦਕਾ ਇਹਦੇ ਨਾਲ ਇਕ ਵਾਰ ਸੰਪਰਕ ਬਣ ਗਿਆ, ਉਹ ਇਹਦਾ ‘ਮੇਰਾ’ ਹੋ ਗਿਆ!
ਸੁਰਜੀਤ ਬਾਰੇ ਤੇ ਉਹਦੀ ਪੁਸਤਕ ਬਾਰੇ ਵਿਸਤਾਰ ਵਿਚ ਜਾਣਨ ਵਾਸਤੇ ਤਾਂ ਪੁਸਤਕ ਹੀ ਪੜ੍ਹਨੀ ਪਵੇਗੀ। ਫਿਲਹਾਲ ਤੁਸੀਂ 85 ਸਾਲਾਂ ਵਿਚ ਬਣੇ ਜੀਵਨ-ਫਲਸਫੇ ਬਾਰੇ ਉਹਦੇ ਪ੍ਰਵਚਨ ਦੇ ਕੁਛ ਅੰਸ਼ ਸੁਣ ਕੇ ਅੰਦਾਜ਼ਾ ਲਾ ਲਵੋ: ‘‘ਜਿਉਂ-ਜਿਉਂ ਉਮਰ ਵਧ ਰਹੀ ਹੈ, ਮੈਂ ਜਵਾਨ ਹੁੰਦੀ ਜਾ ਰਹੀ ਹਾਂ। ਸੱਚੀ-ਮੁੱਚੀ ਜਿਵੇਂ ਖੰਭ ਨਿਕਲ ਰਹੇ ਹੋਣ। ਮੇਰੀਆਂ ਅੱਖਾਂ ਵੀ ਮੁਹੱਬਤਾਂ ਨਾਲ ਜਰਖੇਜ਼ ਹੋ ਗਈਆਂ ਨੇ। ... ਮੈਂ ਜਿਵੇਂ ਰੱਬ ਦੇ ਵਿਆਹ ਆਈ ਹੋਵਾਂ। ਜ਼ਿੰਦਗੀ ਨੂੰ ਕੁਤਕੁਤਾੜੀਆਂ ਕਢਦੀ ਫਿਰਦੀ ਹਾਂ। ... ਹਾਲਾਤ ਨਾਲ ਅੱਖ-ਮਟੱਕੇ ਕਰਦੀ ਜ਼ਿੰਦਗੀ ਠੁਮਕ ਚਾਲ ਤੁਰੀ ਜਾ ਰਹੀ ਹੈ। ਹਾਲਾਤ ਦੇ ਸੰਗੀਤ ਮੈਨੂੰ ਟਿਕਣ ਨਹੀਂ ਦਿੰਦੇ। ਮੈਂ ਆਪਣੇ ਆਪ ਨੂੰ ਹੁਣ ਤੁਹਾਡੀਆਂ ਨਜ਼ਰਾਂ ਨਾਲ ਵੇਖਦੀ ਹਾਂ, ਮੁਸਕੁਰਾਉਂਦੀ ਹਾਂ ਤੇ ਰੱਜ ਕੇ ਜ਼ਿੰਦਗੀ ਨੂੰ ਮਾਣਦੀ ਹਾਂ। ... ਜ਼ਿੰਦਗੀ ਜੋ ਵੀ ਹੈ, ਕਮਾਲ ਦਾ ਕਰਿਸ਼ਮਾ ਹੈ। ਹਰ ਪਲ ਮੇਰੇ ਲਈ ਅਣਮੁੱਲਾ ਹੈ। ਮਰਨ ਬਾਰੇ ਹਾਲੇ ਮੈਂ ਨਹੀਂ ਸੋਚਦੀ। ਮੈਂ ਸਾਰਿਆਂ ਦੇ ਸਾਥ ਵਿਚ ਸਦਾ-ਬਹਾਰ ਹਾਂ!’’
ਮਨੁੱਖੀ ਜੀਵਨ ਦਾ ਮਾਰਗ ਹਰਿਆਲੀਆਂ ਵਾਦੀਆਂ ਵਿਚੋਂ ਵੀ ਲੰਘਦਾ ਹੈ ਤੇ ਬੰਜਰ ਥਲਾਂ ਵਿਚੋਂ ਵੀ। ਇਸ ਮਾਰਗ ਨੂੰ ਸਹਿਜਤਾ ਨਾਲ ਪਾਰ ਕਰਨ ਦਾ ਚੱਜ ਸਿੱਖਣ ਲਈ ਸੁਰਜੀਤ ਦੀ ਇਹ ਪੁਸਤਕ ਲਾਹੇਵੰਦ ਹੈ। (ਪੁਸਤਕ ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤੀ ਹੈ।)
ਸੰਪਰਕ: 80763-63058