ਨਵੀਂ ਦਿੱਲੀ, 1 ਅਪਰੈਲਭਾਰਤੀ ਮਹਿਲਾ ਹਾਕੀ ਟੀਮ ਦੀ ਸੀਨੀਅਰ ਖਿਡਾਰਨ ਵੰਦਨਾ ਕਟਾਰੀਆ ਨੇ ਅੱਜ ਕੌਮਾਂਤਰੀ ਹਾਕੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਆਪਣੇ 15 ਸਾਲਾਂ ਦੇ ਸੁਨਹਿਰੀ ਕਰੀਅਰ ਦੇ ਸਿਖਰ ’ਤੇ ਸੰਨਿਆਸ ਲੈ ਰਹੀ ਹੈ। ਭਾਰਤ ਲਈ 320 ਮੈਚ ਖੇਡ ਚੁੱਕੀ ਹਰਿਦੁਆਰ ਦੀ ਰਹਿਣ ਵਾਲੀ 32 ਸਾਲਾ ਸਟ੍ਰਾਈਕਰ ਕਟਾਰੀਆ ਨੇ ਭਾਰਤੀ ਮਹਿਲਾ ਹਾਕੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੈਚ ਖੇਡੇ ਹਨ। ਉਸ ਦੇ ਨਾਮ 158 ਗੋਲ ਵੀ ਦਰਜ ਹਨ। ਉਸ ਨੇ ਕਿਹਾ, ‘ਅੱਜ ਭਾਰੇ ਦਿਲ ਨਾਲ ਮੈਂ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਰਹੀ ਹਾਂ। ਮੈਂ ਹਾਕੀ ਇਸ ਲਈ ਨਹੀਂ ਛੱਡ ਰਹੀ ਕਿਉਂਕਿ ਮੇਰੇ ਅੰਦਰ ਦੀ ਅੱਗ ਮੱਧਮ ਹੋ ਗਈ ਹੈ ਜਾਂ ਮੇਰੇ ਅੰਦਰ ਹਾਕੀ ਨਹੀਂ ਬਚੀ, ਸਗੋਂ ਇਸ ਲਈ ਲੈ ਰਹੀ ਹਾਂ, ਕਿਉਂਕਿ ਮੈਂ ਆਪਣੇ ਕਰੀਅਰ ਦੇ ਸਿਖਰ ’ਤੇ ਸੰਨਿਆਸ ਲੈਣਾ ਚਾਹੁੰਦੀ ਹਾਂ।’2009 ਵਿੱਚ ਸੀਨੀਅਰ ਟੀਮ ਵਿੱਚ ਪਹਿਲਾ ਮੈਚ ਖੇਡਣ ਵਾਲੀ ਕਟਾਰੀਆ ਟੋਕੀਓ ਓਲੰਪਿਕ 2020 ਵਿੱਚ ਚੌਥੇ ਸਥਾਨ ’ਤੇ ਰਹੀ ਭਾਰਤੀ ਟੀਮ ਦਾ ਹਿੱਸਾ ਸੀ, ਜਿਸ ਵਿੱਚ ਉਸ ਨੇ ਹੈਟ੍ਰਿਕ ਵੀ ਲਾਈ ਸੀ। ਅਜਿਹਾ ਕਰਨ ਵਾਲੀ ਉਹ ਪਹਿਲੀ ਅਤੇ ਇਕਲੌਤੀ ਭਾਰਤੀ ਮਹਿਲਾ ਖਿਡਾਰਨ ਹੈ। ਉਸ ਨੇ ਕਿਹਾ, ‘ਟੋਕੀਓ ਬਾਰੇ ਸੋਚ ਕੇ ਹਾਲੇ ਵੀ ਮੈਂ ਭਾਵੁਕ ਹੋ ਜਾਂਦੀ ਹਾਂ। ਉਹ ਓਲੰਪਿਕ ਖਾਸ ਸੀ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਮੇਰੇ ਕਰੀਅਰ ਦਾ ਸਭ ਤੋਂ ਭਾਵੁਕ ਮੈਚ ਸੀ।’ਕਟਾਰੀਆ 2016 ਅਤੇ 2023 ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਨਾਲ-ਨਾਲ ਐੱਫਆਈਐੱਚ ਹਾਕੀ ਮਹਿਲਾ ਨੇਸ਼ਨਜ਼ ਕੱਪ 2022 ਵਿੱਚ ਸੋਨ ਤਗਮਾ ਜੇਤੂ ਟੀਮ ਦਾ ਹਿੱਸਾ ਸੀ। ਉਸ ਨੇ 2018 ਏਸ਼ਿਆਈ ਖੇਡਾਂ ਅਤੇ 2018 ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ 2022 ਰਾਸ਼ਟਰਮੰਡਲ ਖੇਡਾਂ, 2014 ਤੇ 2022 ਏਸ਼ਿਆਈ ਖੇਡਾਂ ਅਤੇ 2021-22 ਐੱਫਆਈਐੱਚ ਪ੍ਰੋ ਲੀਗ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਦਾ ਵੀ ਹਿੱਸਾ ਸੀ। ਕਟਾਰੀਆ ਨੇ ਫਰਵਰੀ ਵਿੱਚ ਭੁਬਨੇਸ਼ਵਰ ਵਿੱਚ ਐੱਫਆਈਐੱਚ ਪ੍ਰੋ ਲੀਗ ’ਚ ਭਾਰਤ ਲਈ ਆਪਣਾ ਆਖਰੀ ਮੈਚ ਖੇਡਿਆ ਸੀ। B -ਪੀਟੀਆਈਭਾਰਤੀ ਹਾਕੀ ਟੀਮ ਦੀ ਧੜਕਣ ਸੀ ਕਟਾਰੀਆ: ਟਿਰਕੀਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਪਦਮਸ੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਕਟਾਰੀਆ ਬਾਰੇ ਕਿਹਾ, ‘ਉਸ ਸਿਰਫ ਗੋਲ ਹੀ ਨਹੀਂ ਕਰਦੀ ਸੀ, ਸਗੋਂ ਭਾਰਤੀ ਟੀਮ ਦੀ ਧੜਕਣ ਸੀ। ਉਸ ਦੀ ਮੌਜੂਦਗੀ ਭਾਰਤੀ ਫਾਰਵਰਡ ਲਾਈਨ ਦੀ ਧਾਰ ਵਧਾਈ। ਆਲਮੀ ਪੱਧਰ ’ਤੇ ਭਾਰਤੀ ਟੀਮ ਦੀ ਸਫਲਤਾ ਵਿੱਚ ਉਸ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਮਾਪਦੰਡ ਕਾਇਮ ਕੀਤੇ ਹਨ।’