For the best experience, open
https://m.punjabitribuneonline.com
on your mobile browser.
Advertisement

ਵੰਡ ਦਾ ਵੰਡਣ ਵੇਲਾ...

04:06 AM Jul 06, 2025 IST
ਵੰਡ ਦਾ ਵੰਡਣ ਵੇਲਾ
Advertisement

ਪਰਮਜੀਤ ਢੀਂਗਰਾ

Advertisement

ਪਹਿਲਗਾਮ ਹਮਲੇ ਤੋਂ ਬਾਅਦ ਮਈ ਦੇ ਅੰਤ ਵਿੱਚ ਮੇਰਾ ਤੀਜੀ ਵਾਰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਸਬੱਬ ਬਣਿਆ। ਬਾਬਾ ਨਾਨਕ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੇਰੇ ਸਮਾਂ ਇਸ ਧਰਤੀ ’ਤੇ ਕਿਰਤ-ਕਰਮ ਕਰਦਿਆਂ ਬਿਤਾਇਆ। 1521 ਵਿੱਚ ਬਾਬਾ ਜੀ ਉਦਾਸੀਆਂ ਤੋਂ ਬਾਅਦ ਇੱਥੇ ਆ ਵਸੇ ਤੇ 1539 ਵਿੱਚ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕੇ ਗੁਰ-ਸ਼ਬਦ ਜੋਤ ਦੇ ਪ੍ਰਕਾਸ਼ ਲਈ ਖਡੂਰ ਸਾਹਿਬ ਭੇਜ ਦਿੱਤਾ ਤੇ ਆਪ ਇੱਥੇ ਹੀ ਜੋਤੀ ਜੋਤ ਸਮਾ ਗਏ। ਭਾਈ ਗੁਰਦਾਸ ਜੀ ਨੇ ਵੀ ਪਾਤਸ਼ਾਹ ਬਾਰੇ ਲਿਖਿਆ ਹੈ- ‘ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖ ਉਦਾਸੀ ਸਗਲ ਉਤਾਰਾ। ਪਹਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।’ ਬਾਬਾ ਜੀ ਉਦਾਸੀਆਂ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਆ ਟਿਕੇ ਤੇ ਅੰਤਲੇ ਸਮੇਂ ਤੱਕ ਸੰਸਾਰੀ ਵਾਂਗ ਉਨ੍ਹਾਂ ਦਾ ਇਹੀ ਟਿਕਾਣਾ ਰਿਹਾ।
ਮੈਂ ਜਦੋਂ ਵੀ ਕਰਤਾਰਪੁਰ ਸਾਹਿਬ ਜਾਂਦਾ ਹਾਂ ਤਾਂ ਅਨੇਕਾਂ ਸਵਾਲ ਮਨ ਵਿੱਚ ਆਉਂਦੇ ਹਨ। ਪਹਿਲਾ ਤਾਂ ਇਹ ਹੈ ਕਿ ਅਸੀਂ ਸਿੱਖਾਂ ਨੇ ਇਤਿਹਾਸਕ ਪਰੰਪਰਾਵਾਂ ਦੇ ਉਲਟ ਗੁਰੂਘਰਾਂ ਨੂੰ ਪੱਥਰਾਂ ਵਿੱਚ ਮੜ੍ਹ ਦਿੱਤਾ। ਉਹ ਧਰਤੀ ਜਿੱਥੇ ਬਾਬਾ ਨਾਨਕ ਨੇ ਜ਼ਿੰਦਗੀ ਦੇ ਅਠਾਰਾਂ ਵਰ੍ਹੇ ਬਿਤਾਏ ਹੋਣ ਤੇ ਭਾਈ ਲਹਿਣਾ ਜੀ ਨੇ ਸੱਤ ਵਰ੍ਹਿਆਂ ਤੱਕ ਆਪਣੇ ਅੰਦਰ ਗੁਰ-ਸ਼ਬਦ ਦੀ ਜੋਤ ਜਗਾਈ ਹੋਵੇ, ਉਸੇ ਪਾਵਨ ਮਿੱਟੀ ਨੂੰ ਪੱਥਰਾਂ ਨਾਲ ਢੱਕ ਦਿੱਤਾ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਮੁਤਬਰਕ ਮਿੱਟੀ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਹੈ?
ਸ੍ਰੀ ਕਰਤਾਰਪੁਰ ਸਾਹਿਬ ਵੱਲ ਜਾਂਦਿਆਂ ਦੂਜਾ ਸਵਾਲ ਮਨ ਵਿੱਚ ਇਹ ਆਇਆ ਕਿ ਇਹ ਉਹੀ ਰਾਵੀ ਹੈ। ਉਸ ਵਿੱਚ ਹਮੇਸ਼ਾ ਵਾਂਗ ਅਲਪ ਜਿਹਾ ਪਾਣੀ ਵਹਿ ਰਿਹਾ ਹੈ। ਕਣਕਾਂ ਪੱਕੀਆਂ ਖੜ੍ਹੀਆਂ ਹਨ। ਕਿਤੇ ਕਿਤੇ ਵਾਢੀ ਪਈ ਨਜ਼ਰ ਆਉਂਦੀ ਹੈ ਪਰ ਕੋਈ ਜੀਅ-ਪਰਿੰਦਾ ਨਜ਼ਰੀਂ ਨਹੀਂ ਆਉਂਦਾ। ਇਹ ਕਿਹੋ ਜਿਹੀ ਖ਼ਾਮੋਸ਼ੀ ਹੈ? ਇਸ ਖ਼ਾਮੋਸ਼ੀ ਦੇ ਮਾਇਨੇ ਬਹੁਤ ਵੱਡੇ ਹਨ। ਉੱਥੇ ਜਾ ਕੇ ਵੀ ਖ਼ਾਮੋਸ਼ੀ ਪਸਰੀ ਨਜ਼ਰ ਆਈ।
ਪਾਕਿਸਤਾਨੀ ਇਮੀਗਰੇਸ਼ਨ ਸੈਂਟਰ ਵਾਲਿਆਂ ਪਹਿਲਾਂ ਦੀ ਨਿਸਬਤ ਬਹੁਤੇ ਸਵਾਲ ਨਹੀਂ ਪੁੱਛੇ, ਨਾ ਹੀ ਹਾਲਚਾਲ ਪੁੱਛਿਆ ਜਦੋਂਕਿ ਪਹਿਲਾਂ ਬੜੇ ਚਹਿਕਦੇ ਤੇ ਸਵਾਗਤੀ ਹੁੰਦੇ ਸਨ। ਉਨ੍ਹਾਂ ਨੇ ਸਰਸਰੀ ਕਾਗਜ਼ ਚੈੱਕ ਕਰਕੇ ਰਾਹਦਾਰੀ ਕਲੀਅਰ ਕਰ ਦਿੱਤੀ। ਓਧਰ ਦੀ ਬੱਸ ਦੇ ਡਰਾਈਵਰ ਨੇ ਵੀ ਖ਼ਾਮੋਸ਼ੀ ਧਾਰੀ ਹੋਈ ਸੀ। ਪਹਿਲਾਂ ਅਕਸਰ ਡਰਾਈਵਰ ਯਾਤਰੂਆਂ ਨਾਲ ਗੱਲਾਂ ਬਾਤਾਂ ਕਰਦੇ ਸਨ। ਇਸ ਵਾਰ ਸੰਗਤ ਵੀ ਘੱਟ ਸੀ। ਓਧਰੋਂ ਆਉਣ ਵਾਲੀ ਸੰਗਤ ਵੀ ਸੀਮਤ ਸੀ।
ਪਹਿਲਾਂ ਓਧਰਲੀ ਸੰਗਤ ਮਿਲਣ ’ਤੇ ਫੋਟੋਆਂ ਖਿਚਾਉਣ ਲਈ ਬੜੀ ਉਤਾਵਲੀ ਹੁੰਦੀ ਸੀ, ਪਰ ਇਸ ਵਾਰ ਉਹ ਉਤਸ਼ਾਹ ਨਜ਼ਰ ਨਹੀਂ ਆਇਆ। ਸਿਰਫ਼ ਇੱਕਾ-ਦੁੱਕਾ ਬੱਚਿਆਂ ਨੇ ਫੋਟੋਆਂ ਖਿਚਵਾਈਆਂ। ਇਹ ਖ਼ਾਮੋਸ਼ੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵੀ ਪਸਰੀ ਨਜ਼ਰ ਆਈ। ਇਹ ਬੜੀ ਮੰਦਭਾਗੀ ਸਥਿਤੀ ਹੈ। ਜ਼ਿਲ੍ਹਾ ਅਨੰਤਨਾਗ ਦੇ ਪਹਿਲਗਾਮ ਵਿੱਚ ਵਾਪਰੀ ਮੰਦਭਾਗੀ ਘਟਨਾ ਦਾ ਖ਼ਾਮੋਸ਼ ਅਸਰ ਮਨਾਂ ਵਿੱਚ ਡੂੰਘਾ ਹੈ। ਇਸ ਘਟਨਾ ਵਿੱਚ ਸਾਡੇ ਬੇਗੁਨਾਹ ਨਾਗਰਿਕ ਕਤਲ ਕਰ ਦਿੱਤੇ ਗਏ, ਜੋ ਪਰਿਵਾਰਾਂ ਨਾਲ ਤਫ਼ਰੀਹ ਕਰਨ ਗਏ ਸਨ। ਇਹ ਨਿੰਦਣਯੋਗ ਵਰਤਾਰਾ ਹੈ। ਇਸ ਕਰਕੇ ਦੋਹਾਂ ਮੁਲਕਾਂ ਵਿੱਚ ਕੁੜੱਤਣ ਤੇ ਤਣਾਅ ਸਿਖਰਾਂ ਦਾ ਹੈ। ਇਸੇ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਮਨ ਦੁਚਿੱਤੀ ਵਿੱਚ ਸੀ ਕਿ ਉੱਥੇ ਹਾਲਾਤ ਕਿਹੋ ਜਿਹੇ ਮਿਲਣਗੇ। ਇਹ ਖ਼ਾਮੋਸ਼ੀ ਭੈਅਭੀਤ ਕਰਨ ਵਾਲੀ ਲੱਗੀ।
ਹੈਰਾਨੀ ਦੀ ਗੱਲ ਹੈ ਕਿ ਚੜ੍ਹਦੇ ਤੇ ਲਹਿੰਦੇ ਇਲਾਕਿਆਂ ਵਿੱਚ ਪੰਜਾਬ ਹੈ। ਦੋਵੇਂ ਪੰਜਾਬਾਂ ਵਿੱਚ ਪੰਜਾਬੀ ਵਸਦੇ ਹਨ, ਪੰਜਾਬੀ ਬੋਲਦੇ ਹਨ, ਪੰਜਾਬੀ ਖਾਣੇ ਖਾਂਦੇ ਹਨ, ਪੰਜਾਬ ਦੇ ਪਾਣੀ ਪੀਂਦੇ ਹਨ, ਦੁੱਖ ਵਿੱਚ ਮਾਵਾਂ ਨੂੰ ’ਵਾਜਾਂ ਮਾਰਦੇ, ਮੌਤਾਂ ’ਤੇ ਵੈਣ ਪਾਉਂਦੇ ਤੇ ਖ਼ੁਸ਼ੀ ਵਿੱਚ ਭੰਗੜੇ ਤੇ ਲੁੱਡੀਆਂ ਪਾਉਂਦੇ ਹਨ। ਇੱਕੋ ਮਿੱਟੀ ਵਿੱਚ ਕਣਕ ਬੀਜਦੇ ਤੇ ਸਦੀਆਂ ਤੋਂ ਉਹੀ ਖਾਂਦੇ ਆਏ ਹਨ। ਫਿਰ ਦੋਵੇਂ ਦੁਸ਼ਮਣ ਕਿਵੇਂ ਬਣ ਗਏ? ਇਤਿਹਾਸ ਇਸ ਬਾਰੇ ਖ਼ਾਮੋਸ਼ ਹੈ। ਜਦੋਂ ਦੋਵੇਂ ਪੰਜਾਬਾਂ ਦੀ ਹਿੱਕ ’ਤੇ ਲੀਕ ਵਾਹੀ ਜਾ ਰਹੀ ਸੀ ਤਾਂ ਸਾਂਝੇ ਦੁਸ਼ਮਣ ਲਈ ਵੰਗਾਰ ਬਣਨ ਦੀ ਥਾਂ ਅਸੀਂ ਇੱਕ-ਦੂਜੇ ਦੇ ਦੁਸ਼ਮਣ ਬਣ ਕੇ ਵੱਖ ਹੋ ਗਏ। ਪਿਛਲੀ ਪੌਣੀ ਸਦੀ ਤੋਂ ਨਾ ਉਨ੍ਹਾਂ ਦੁਸ਼ਮਣਾਂ ਨੂੰ ਪਛਾਣ ਸਕੇ, ਨਾ ਗਲਵੱਕੜੀਆਂ ਪਾ ਸਕੇ। ਲੀਕ ਦੇ ਆਰ-ਪਾਰ ਵੱਸਦੇ ਪਰਾਏ ਹੀ ਹੋਏ ਹਾਂ। ਖ਼ਾਮੋਸ਼ੀ ਪਰਾਏਪਣ ਦਾ ਹੀ ਦੂਜਾ ਨਾਂ ਹੈ।
ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਹੇਠਾਂ ਬਣੀਆਂ ਦੋ ਯਾਦਗਾਰਾਂ ਨੇ ਵੀ ਇਸ ਵਾਰ ਸਵਾਲ ਖੜ੍ਹੇ ਕਰ ਦਿੱਤੇ। ਦਰਬਾਰ ਸਾਹਿਬ ਦੀ ਹੇਠਲੀ ਛੱਤ ਹੇਠ ਬਾਬਾ ਨਾਨਕ ਦੀ ਸਮਾਧ ਬਣੀ ਹੋਈ ਹੈ। ਦਰਬਾਰ ਸਾਹਿਬ ਦੇ ਪਿਛਲੇ ਪਾਸੇ ਖੁੱਲ੍ਹੇ ਵਿੱਚ ਬਾਬਾ ਜੀ ਦਾ ਮਜ਼ਾਰ ਬਣਿਆ ਹੋਇਆ ਹੈ। ਇਸ ਬਾਰੇ ਕਥਾ ਪ੍ਰਚੱਲਿਤ ਹੈ ਕਿ ਜਦੋਂ ਬਾਬਾ ਜੀ ਜੋਤੀ ਜੋਤ ਸਮਾ ਗਏ ਤਾਂ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਝਗੜਾ ਹੋ ਗਿਆ। ਹਿੰਦੂ ਕਹਿਣ ਬਾਬਾ ਜੀ ਸਾਡੇ ਗੁਰੂ ਹਨ, ਇਸ ਲਈ ਉਨ੍ਹਾਂ ਦੀ ਦੇਹ ਦਾ ਅਸੀਂ ਆਪਣੇ ਰੀਤੀ ਰਿਵਾਜ ਅਨੁਸਾਰ ਸਸਕਾਰ ਕਰਾਂਗੇ। ਮੁਸਲਮਾਨ ਆਖਣ ਬਾਬਾ ਸਾਡਾ ਪੀਰ ਹੈ, ਅਸੀਂ ਉਨ੍ਹਾਂ ਦੀ ਦੇਹ ਨੂੰ ਦਫ਼ਨਾਵਾਂਗੇ। ਇਸ ਝਗੜੇ ਵਿੱਚ ਜਦੋਂ ਦੋਹਾਂ ਨੇ ਬਾਬਾ ਜੀ ’ਤੇ ਦਿੱਤੀ ਚਾਦਰ ਚੁੱਕੀ ਤਾਂ ਬਾਬਾ ਜੀ ਦੀ ਦੇਹ ਅਲੋਪ ਹੋ ਚੁੱਕੀ ਸੀ। ਦੋਵਾਂ ਨੇ ਚਾਦਰ ਅੱਧੀ ਅੱਧੀ ਵੰਡ ਲਈ। ਹਿੰਦੂਆਂ ਨੇ ਸਸਕਾਰ ਕਰਕੇ ਸਮਾਧ ਬਣਾ ਦਿੱਤੀ ਤੇ ਮੁਸਲਮਾਨਾਂ ਨੇ ਦਫ਼ਨਾ ਕੇ ਮਜ਼ਾਰ ਬਣਾ ਦਿੱਤਾ।
ਇੱਥੇ ਫਿਰ ਇਹੋ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਬਾਬਾ ਜੀ ਨੇ ਕਹਿ ਦਿੱਤਾ ਕਿ ਅਕਾਲ ਪੁਰਖ ਇੱਕ ਹੈ। ‘ਨਾ ਕੋ ਹਿੰਦੂ ਨ ਮੁਸਲਮਾਨ’ ਫਿਰ ਇਸ ਵੰਡ ਦੇ ਕੀ ਅਰਥ? ਇਤਿਹਾਸ ਇਸ ਬਾਰੇ ਖ਼ਾਮੋਸ਼ ਹੈ। ਇਹੋ ਵੰਡ 1947 ਵਿੱਚ ਦੋ ਕੌਮਾਂ ਦੇ ਸਿਧਾਂਤ ਦਾ ਆਧਾਰ ਬਣੀ ਤੇ ਚਾਦਰ ਵਾਂਗ ਮੁਲਕ ਵੰਡ ਲਏ। ਬਾਬਾ ਜੀ ਦਾ ਕਹਿਣਾ ਮੰਨਣ ਦੀ ਥਾਂ ਦੁਸ਼ਮਣੀ ਧਾਰਨ ਕਰ ਲਈ। ਇਹੋ ਦੁਸ਼ਮਣੀ ਖ਼ਾਮੋਸ਼ੀ ਵਿੱਚ ਪਸਰੀ ਪਈ ਹੈ।
ਉਪਰੋਕਤ ਖ਼ਾਮੋਸ਼ੀ ਵਿੱਚ ਇੱਕ ਹੋਰ ਖ਼ਾਮੋਸ਼ੀ ਪਈ ਹੈ। ਸਰਹੱਦ ਵਿਚਾਲੇ ਨੋ ਮੈਨਜ਼ ਲੈਂਡ ਦੇ ਰੂਪ ਵਿੱਚ। ਸਰਹੱਦ ਦੇ ਆਰ-ਪਾਰ ਦੁਸ਼ਮਣੀ, ਨਫ਼ਰਤ, ਹਿੰਸਾ, ਗਿੱਦੜ ਭਬਕੀਆਂ, ਵੰਗਾਰ, ਨੇਸਤੋ-ਨਾਬੂਦ ਕਰਨ ਦੀਆਂ ਧਮਕੀਆਂ, ਹੁੱਕਾ ਪਾਣੀ ਬੰਦ ਕਰਨ ਦੇ ਲਲਕਾਰੇ, ਐਟਮੀ ਹਥਿਆਰਾਂ ਦੇ ਦਬਕੇ ਤੇ ਪਤਾ ਨਹੀਂ ਹੋਰ ਕੀ ਕੁਝ ਹੋ ਰਿਹਾ ਹੈ। ਇਸ ਵਿੱਚੋਂ ਮਾਸੂਮਾਂ ਦੇ ਕਤਲ ਹੋ ਰਹੇ ਹਨ। ਦਹਿਸ਼ਤਗਰਦੀ ਦੀ ਪੁਸ਼ਤਪਨਾਹੀ ਹੋ ਰਹੀ ਹੈ। ਨੋ-ਮੈਨਜ਼ ਲੈਂਡ ’ਤੇ ਅਹਿੰਸਾ, ਦੋਸਤੀ, ਭਾਈਚਾਰੇ, ਮਿਲਵਰਤਣ, ਸਾਂਝਾਂ, ਸੁਆਗਤ, ਗਲਵੱਕੜੀਆਂ, ਦੁੱਖਾਂ ਸੁੱਖਾਂ ਦੀ ਭਿਆਲੀ- ਸਭ ਖ਼ਾਮੋਸ਼ੀ ਵਿੱਚ ਪਏ ਹਨ। ਪੌਣੀ ਸਦੀ ਤੋਂ ਵਧੇਰੇ ਹੋ ਗਿਆ ਇਕੱਲਾ ਮੰਟੋ ਸਿਰ ’ਤੇ ਟੋਬਾ ਟੇਕ ਸਿੰਘ ਚੁੱਕੀ ਦੁਹਾਈ ਪਾ ਰਿਹਾ ... ਤੇ ਅਸੀਂ ਲੱਜਪਾਲ ਬਣਨ ਦੀ ਥਾਂ ਦੁਸ਼ਮਣ ਪਾਲ ਬਣਦੇ ਜਾ ਰਹੇ ਹਾਂ। ਰੱਬ ਖ਼ੈਰ ਕਰੇ!
ਸੰਪਰਕ: 94173-58120

Advertisement
Advertisement

Advertisement
Author Image

Ravneet Kaur

View all posts

Advertisement