ਯੇਰੂਸ਼ਲਮ, 4 ਫਰਵਰੀਇਜ਼ਰਾਈਲ ਦੇ ਅਧਿਕਾਰ ਵਾਲੇ ਵੈਸਟ ਬੈਂਕ ਵਿੱਚ ਅੱਜ ਤੜਕੇ ਇੱਕ ਚੌਕੀ ’ਤੇ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ-ਘੱਟ ਛੇ ਜਣੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਜ਼ਰਾਇਲੀ ਫ਼ੌਜ ਤੇ ਇਸ ਖੇਤਰ ਦੇ ਹਸਪਤਾਲਾਂ ਵੱਲੋਂ ਦਿੱਤੀ ਗਈ ਹੈ।ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਮਲਾਵਰ ਨੇ ਉੱਤਰੀ ਵੈਸਟ ਬੈਂਕ ਦੇ ਤਾਯਾਸੀਰ ਪਿੰਡ ਵਿੱਚ ਇੱਕ ਫੌਜੀ ਚੌਕੀ ’ਤੇ ਗੋਲੀਬਾਰੀ ਕੀਤੀ। ਮੁਕਾਬਲੇ ਦੌਰਾਨ ਫੌਜ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ। ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਕਿ ਇਸ ਹਮਲੇ ਵਿੱਚ ਜ਼ਖ਼ਮੀ ਹੋਏ ਕੁੱਲ ਛੇ ਜਣਿਆਂ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਹੈ। ਇਜ਼ਰਾਇਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਜ਼ਖ਼ਮੀ ਵਿਅਕਤੀ ਫੌਜੀ ਹਨ ਅਤੇ ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ।ਹਮਾਸ ਅਤੇ ਇਸਲਾਮਿਕ ਜੇਹਾਦ ਅਤਿਵਾਦੀ ਸਮੂਹ ਨੇ ਇਸ ਹਮਲੇ ਦੀ ਸ਼ਲਾਘਾ ਕੀਤੀ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਯੇਨਿਨ ਵਿੱਚ ਪਿਛਲੇ ਕੁੱਝ ਹਫ਼ਤਿਆਂ ਤੋਂ ਵੱਡੇ ਪੱਧਰ ’ਤੇ ਅਪਰੇਸ਼ਨ ਚਲਾਇਆ ਹੋਇਆ ਹੈ ਤਾਂ ਜੋ ਸ਼ਹਿਰ ਵਿੱਚ ਅਤਿਵਾਦੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਫੌਜੀਆਂ ਅਤੇ ਬਖ਼ਤਰਬੰਦ ਵਾਹਨਾਂ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ ਅਤੇ ਕਈ ਘਰਾਂ ਨੂੰ ਨਸ਼ਟ ਕੀਤਾ ਗਿਆ ਹੈ। ਫਲਸਤੀਨੀ ਸਿਹਤ ਅਧਿਕਾਰੀਆਂ ਨੇ ਮੌਤਾਂ ਦੀ ਕੁੱਲ ਗਿਣਤੀ ਨਹੀਂ ਦੱਸੀ, ਪਰ ਇੰਨਾ ਕੁ ਕਿਹਾ ਕਿ ਇਜ਼ਰਾਈਲ ਵੱਲੋਂ ਸ਼ੁਰੂ ਕੀਤੀ ਮੁਹਿੰਮ ਮਗਰੋਂ ਹੁਣ ਤੱਕ ਘੱਟੋ-ਘੱਟ 20 ਫਲਸਤੀਨੀ ਮਾਰੇ ਗਏ ਹਨ। -ਏਪੀਟਰੰਪ ਵੱਲੋਂ ਨੇਤਨਯਾਹੂ ਨਾਲ ਗੱਲਬਾਤ ਅੱਜਵਾਸ਼ਿੰਗਟਨ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਹੋਵੇਗੀ। ਇਹ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਨੇਤਨਯਾਹੂ ਸਰਕਾਰ ਨੂੰ ਸਮਰਥਨ ਦੇ ਰਹੇ ਸੱਜੇ ਪੱਖੀ ਗੱਠਜੋੜ ਵੱਲੋਂ ਹਮਾਸ ਨਾਲ ਜੰਗਬੰਦੀ ਖ਼ਤਮ ਕਰਨ ਅਤੇ ਜੰਗ ਤੋਂ ਥਕੇ ਇਜ਼ਾਇਲੀ ਵੀ 15 ਮਹੀਨਿਆਂ ਤੋਂ ਜਾਰੀ ਲੜਾਈ ਨੂੰ ਖ਼ਤਮ ਕਰਨ ਦੇ ਦਬਾਅ ਦਾ ਸਾਹਮਣਾ ਕਰ ਰਹੇ ਹਨ। ਟਰੰਪ ਜੰਗਬੰਦੀ ਦੇ ਲੰਮਾ ਚੱਲਣ ਦੀਆਂ ਸੰਭਾਵਨਾਵਾਂ ਬਾਰੇ ਚੌਕਸ ਹਨ। ਹਾਲਾਂਕਿ, ਉਹ ਹਮਾਸ ਅਤੇ ਇਜ਼ਰਾਈਲ ’ਤੇ ਬੰਦੀਆਂ ਨੂੰ ਛੱਡਣ ਅਤੇ ਜੰਗਬੰਦੀ ਸਮਝੌਤੇ ਲਈ ਦਬਾਅ ਪਾਉਣ ਦਾ ਸਿਹਰਾ ਆਪਣੇ ਸਿਰ ਲੈਂਦੇ ਹਨ ਕਿਉਂਕਿ ਇਹ ਪਿਛਲੇ ਮਹੀਨੇ ਉਨ੍ਹਾਂ ਦੀ ਹਲਫ਼ਤਾਰੀ ਤੋਂ ਪਹਿਲਾਂ ਲਾਗੂ ਹੋਇਆ ਸੀ। ਟਰੰਪ ਨੇ ਸੋਮਵਾਰ ਨੂੰ ਕਿਹਾ ਸੀ, ‘‘ਮੇਰੇ ਕੋਲ ਇਸ ਦੀ ਕੋਈ ਗਾਰੰਟੀ ਨਹੀਂ ਕਿ ਸ਼ਾਂਤੀ ਬਰਕਰਾਰ ਰਹੇਗੀ।’’ -ਪੀਟੀਆਈ