ਵੈਸਟ ਇੰਡੀਜ਼ ’ਚ ਭਾਰਤ ਦੀ ਜੇਤੂ ਮੁਹਿੰਮ ਜਾਰੀ

ਪੋਰਟ ਆਫ ਸਪੇਨ, 12 ਅਗਸਤ

ਵੈਸਟ ਇੰਡੀਜ਼ ਦੇ ਬੱਲੇਬਾਜ਼ ਰੋਸਟਨ ਚੇਜ਼ ਦਾ ਕੈਚ ਲੈਂਦਾ ਹੋਇਆ ਭੁਵਨੇਸ਼ਵਰ ਕੁਮਾਰ। -ਫੋਟੋ: ਏਐੱਫਪੀ

ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਅਤੇ ਭੁਵਨੇਸ਼ਵਰ ਕੁਮਾਰ ਦੀਆਂ ਚਾਰ ਵਿਕਟਾਂ ਦੀ ਬਦੌਲਤ ਭਾਰਤ ਨੇ ਮੀਂਹ ਪ੍ਰਭਾਵਿਤ ਦੂਜੇ ਇੱਕ ਰੋਜ਼ਾ ਮੈਚ ਵਿੱਚ ਵੈਸਟ ਇੰਡੀਜ਼ ਨੂੰ ਡਕਵਰਥ ਲੂਈਸ ਪ੍ਰਣਾਲੀ ਤਹਿਤ 59 ਦੌੜਾਂ ਨਾਲ ਹਰਾ ਕੇ ਕੈਰੇਬਿਆਈ ਦੌਰੇ ’ਤੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ।
ਐਤਵਾਰ ਦੇਰ ਰਾਤ ਦਰਜ ਕੀਤੀ ਇਸ ਜਿੱਤ ਦੀ ਬਦੌਲਤ ਭਾਰਤ ਨੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਬਣਾ ਲਈ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਮੈਚ ਮੀਂਹ ਨੇ ਧੋ ਦਿੱਤਾ ਸੀ। ਤੀਜਾ ਅਤੇ ਆਖ਼ਰੀ ਇੱਕ ਰੋਜ਼ਾ ਮੈਚ ਬੁੱਧਵਾਰ ਨੂੰ ਇਸੇ ਮੈਦਾਨ ’ਤੇ ਖੇਡਿਆ ਜਾਵੇਗਾ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੇ ਭਾਰਤ ਨੇ ਕੋਹਲੀ ਦੀ (125 ਗੇਂਦਾਂ ’ਤੇ 14 ਚੌਕੇ ਅਤੇ ਇੱਕ ਛੱਕਾ) 120 ਦੌੜਾਂ ਦੀ ਪਾਰੀ ਦੀ ਬਦੌਲਤ ਸੱਤ ਵਿਕਟਾਂ ’ਤੇ 279 ਦੌੜਾਂ ਬਣਾਈਆਂ। ਇਹ ਇੱਕ ਰੋਜ਼ਾ ਵਿੱਚ ਉਸ ਦਾ 42ਵਾਂ ਸੈਂਕੜਾ ਹੈ। ਉਹ ‘ਮੈਨ ਆਫ ਦਿ ਮੈਚ’ ਬਣਆ। ਕੋਹਲੀ ਨੇ ਇਸ ਦੌਰਾਨ ਸ਼੍ਰੇਅਸ ਅਈਅਰ (68 ਗੇਂਦਾਂ ’ਤੇ 71 ਦੌੜਾਂ) ਨਾਲ ਚੌਥੀ ਵਿਕਟ ਲਈ 125 ਦੌੜਾਂ ਦੀ ਭਾਈਵਾਲੀ ਕੀਤੀ।
ਵੈਸਟ ਇੰਡੀਜ਼ ਨੇ ਆਖ਼ਰੀ ਦਸ ਓਵਰਾਂ ਵਿੱਚ ਵਾਪਸੀ ਕੀਤੀ ਅਤੇ ਇਸ ਦੌਰਾਨ ਸਿਰਫ਼ 67 ਦੌੜਾਂ ਦਿੱਤੀਆਂ ਅਤੇ ਚਾਰ ਵਿਕਟਾਂ ਲਈਆਂ। ਉਸ ਵੱਲੋਂ ਕਾਰਲੋਸ ਬਰੈਥਵੇਟ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸ ਨੇ 53 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਮੈਚ ਵਿੱਚ ਦੂਜੀ ਵਾਰ ਮੀਂਹ ਪੈਣ ਕਾਰਨ ਵੈਸਟ ਇੰਡੀਜ਼ ਨੂੰ 46 ਓਵਰਾਂ ਵਿੱਚ 270 ਦੌੜਾਂ ਦਾ ਸੋਧਿਆ ਹੋਇਆ ਟੀਚਾ ਮਿਲਿਆ। ਵੈਸਟ ਇੰਡੀਜ਼ ਦੀ ਟੀਮ ਇਸ ਦੇ ਜਵਾਬ ਵਿੱਚ ਇੱਕ ਸਮੇਂ ਚਾਰ ਵਿਕਟਾਂ ’ਤੇ 148 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ, ਪਰ ਮੇਜ਼ਬਾਨ ਟੀਮ ਨੇ ਆਖ਼ਰੀ ਛੇ ਵਿਕਟਾਂ 62 ਦੌੜਾਂ ’ਤੇ ਗੁਆ ਲਈਆਂ ਅਤੇ ਪੂਰੀ ਟੀਮ 42 ਓਵਰਾਂ ਵਿੱਚ 210 ਦੌੜਾਂ ’ਤੇ ਢੇਰ ਹੋ ਗਈ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਨੇ 31 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦਕਿ ਮੁਹੰਮਦ ਸ਼ਮੀ (39 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕੁਲਦੀਪ ਯਾਦਵ (59 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੇ ਵੈਸਟ ਇੰਡੀਜ਼ ਨੇ ਚੌਕਸੀ ਨਾਲ ਖੇਡਣਾ ਸ਼ੁਰੂ ਕੀਤਾ। ਕ੍ਰਿਸ ਗੇਲ ਅਤੇ ਐਵਿਨ ਲੂਈ (65 ਦੌੜਾਂ) ਨੇ ਪਹਿਲੀ ਵਿਕਟ ਲਈ 45 ਦੌੜਾਂ ਬਣਾਈਆਂ। ਆਪਣਾ 300ਵਾਂ ਮੈਚ ਖੇਡ ਰਿਹਾ ਗੇਲ ਇਸ ਪਾਰੀ ਦੌਰਾਨ ਮਹਾਨ ਬੱਲੇਬਾਜ਼ ਬਰਾਇਨ ਲਾਰਾ ਨੂੰ ਪਛਾੜ ਕੇ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਵੈਸਟ ਇੰਡੀਜ਼ ਦਾ ਬੱਲੇਬਾਜ਼ ਬਣਿਆ। ਗੇਲ ਨੂੰ ਇਹ ਉਪਲੱਬਧੀ ਹਾਸਲ ਕਰਨ ਲਈ ਸਿਰਫ਼ ਸੱਤ ਦੌੜਾਂ ਦੀ ਲੋੜ ਸੀ। ਉਸ ਨੇ ਖਲੀਲ ਅਹਿਮਦ ਦੇ ਨੌਵੇਂ ਓਵਰ ਵਿੱਚ ਇੱਕ ਦੌੜ ਨਾਲ ਇਸ ਨੂੰ ਹਾਸਲ ਕੀਤਾ। ਗੇਲ ਦੇ ਨਾਮ 10353 ਦੌੜਾਂ ਦਰਜ ਹਨ, ਜਦਕਿ ਲਾਰਾ ਨੇ 10348 ਦੌੜਾਂ ਬਣਾਈਆਂ ਸਨ। ਇਸ ਉਪਲੱਬਧੀ ਮਗਰੋਂ ਗੇਲ ਭੁਵਨੇਸ਼ਵਰ ਦੇ 13ਵੇਂ ਓਵਰ ਵਿੱਚ ਐੱਲਬੀਡਬਲਯੂ ਆਊਟ ਹੋਇਆ। ਉਸ ਨੇ 24 ਗੇਂਦਾਂ ਵਿੱਚ ਸਿਰਫ਼ 11 ਦੌੜਾਂ ਬਣਾਈਆਂ। ਉਹ ਇਸ ਮੈਚ ਦੌਰਾਨ ਸਭ ਤੋਂ ਵੱਧ ਇੱਕ ਰੋਜ਼ਾ ਖੇਡਣ ਵਾਲਾ ਕੈਰੇਬਿਆਈ ਬੱਲੇਬਾਜ਼ ਵੀ ਬਣਿਆ। ਇਸ ਮਗਰੋਂ ਸ਼ਾਈ ਹੋਪ ਖਲੀਲ ਦੀ ਗੇਂਦ ਨੂੰ ਵਿਕਟਾਂ ’ਤੇ ਖੇਡ ਗਿਆ। ਸ਼ਿਮਰੋਨ ਹੈਟਮਾਇਰ (18 ਦੌੜਾਂ) ਕੁਲਦੀਪ ਦੀ ਗੇਂਦ ’ਤੇ ਕੋਹਲੀ ਨੂੰ ਕੈਚ ਦੇ ਬੈਠਿਆ। ਐਵਿਨ ਲੂਈ ਨੇ ਨਿਕੋਲਸ ਪੂਰਨ (42 ਦੌੜਾਂ) ਨਾਲ ਚੌਥੀ ਵਿਕਟ ਲਈ 56 ਦੌੜਾਂ ਜੋੜੀਆਂ। ਕੋਹਲੀ ਨੇ ਯਾਦਵ ਦੀ ਗੇਂਦ ’ਤੇ ਲੂਈ ਦਾ ਕੈਚ ਵੀ ਲਿਆ। ਇਸ ਮਗਰੋਂ ਵੈਸਟ ਇੰਡੀਜ਼ ਦੀ ਪਾਰੀ ਢੇਰ ਹੋਣ ਵਿੱਚ ਜ਼ਿਆਦਾ ਦੇਰ ਨਹੀਂ ਲੱਗੀ। ਪੂਰਨ, ਰੋਸਟਨ ਚੇਜ਼ (18 ਦੌੜਾਂ) ਅਤੇ ਕੇਮਾਰ ਰੋਚ (ਸਿਫ਼ਰ) ਨੂੰ ਭੁਵਨੇਸ਼ਵਰ ਨੇ ਪੈਵਿਲੀਅਨ ਭੇਜਿਆ। ਸ਼ਮੀ ਨੇ ਇਸ ਮਗਰੋਂ ਸ਼ੈਲਡਨ ਕੋਟਰੈੱਲ ਅਤੇ ਓਸ਼ੇਨ ਥੌਮਸ ਨੂੰ ਆਊਟ ਕਰਕੇ ਭਾਰਤ ਨੂੰ ਜਿੱਤ ਦਿਵਾਈ।
ਇਸ ਤੋਂ ਪਹਿਲਾਂ ਸ਼ੁਰੂਆਤੀ ਓਵਰ ਵਿੱਚ ਕ੍ਰੀਜ਼ ’ਤੇ ਉਤਰਦਿਆਂ ਕੋਹਲੀ ਸ਼ੁਰੂ ਤੋਂ ਹੀ ਲੈਅ ਵਿੱਚ ਜਾਪਿਆ। ਸ਼ਿਖਰ ਧਵਨ (ਦੋ ਦੌੜਾਂ) ਦੀ ਇੱਕ ਹੋਰ ਨਾਕਾਮੀ ਮਗਰੋਂ ਉਸ ਨੇ ਰੋਹਿਤ ਸ਼ਰਮਾ ਨਾਲ ਦੂਜੀ ਵਿਕਟ ਲਈ 74 ਦੌੜਾਂ ਜੋੜੀਆਂ। ਇਸ ਵਿੱਚ ਰੋਹਿਤ ਦਾ ਯੋਗਦਾਨ 34 ਗੇਂਦਾਂ ’ਤੇ 18 ਦੌੜਾਂ ਦਾ ਰਿਹਾ। ਕੋਹਲੀ ਨੇ ਇਸ ਦੌਰਾਨ 19ਵੀਂ ਦੌੜ ਲੈਂਦਿਆਂ ਹੀ ਵੈਸਟ ਇੰਡੀਜ਼ ਖ਼ਿਲਾਫ਼ ਸਭ ਤੋਂ ਵੱਧ ਨਿੱਜੀ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਜਾਵੇਦ ਮੀਆਂਦਾਦ (1930) ਦੇ ਨਾਮ ਸੀ। ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ 34ਵੀਂ ਪਾਰੀ ਵਿੱਚ 2000 ਦੌੜਾਂ ਪੂਰੀਆਂ ਕਰਕੇ ਸਾਥੀ ਖਿਡਾਰੀ ਰੋਹਿਤ ਦਾ ਰਿਕਾਰਡ ਵੀ ਤੋੜਿਆ, ਜਿਸ ਨੇ ਆਸਟਰੇਲੀਆ ਖ਼ਿਲਾਫ਼ 37 ਪਾਰੀਆਂ ਵਿੱਚ ਇਹ ਮੁਕਾਮ ਹਾਸਲ ਕੀਤਾ ਸੀ।
ਕੋਹਲੀ ਨੇ 112 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਅਈਅਰ ਨੇ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਅਤੇ ਸ਼ਾਨਦਾਰ ਪਾਰੀ ਖੇਡ ਕੇ ਚੌਥੇ ਨੰਬਰ ’ਤੇ ਆਪਣਾ ਦਾਅਵਾ ਮਜ਼ਬੂਤ ਕੀਤਾ ਕਿਉਂਕਿ ਰਿਸ਼ਭ ਪੰਤ (35 ਗੇਂਦਾਂ ਵਿੱਚ 20 ਦੌੜਾਂ) ਇੱਕ ਵਾਰ ਫਿਰ ਇਸ ਨੰਬਰ ’ਤੇ ਚੱਲ ਨਹੀਂ ਸਕਿਆ। ਉਸ ਨੇ ਆਪਣੇ ਕਰੀਅਰ ਦਾ ਤੀਜਾ ਨੀਮ ਸੈਂਕੜਾ 49 ਗੇਂਦਾਂ ’ਤੇ ਪੂਰਾ ਕੀਤਾ। -ਪੀਟੀਆਈ

ਸਕੋਰ ਬੋਰਡ
ਭਾਰਤ
ਧਵਨ ਐਲਬੀਡਬਲਯੂ ਗੇਂਦ ਕੋਟਰੈੱਲ 02
ਰੋਹਿਤ ਕੈਚ ਪੂਰਨ ਗੇਂਦ ਚੇਜ਼ 18
ਕੋਹਲੀ ਕੈਚ ਰੋਚ ਗੇਂਦ ਬਰੈਥਵੇਟ 120
ਰਿਸ਼ਭ ਪੰਤ ਆਊਟ ਬਰੈਥਵੇਟ 20
ਸ਼੍ਰੇਅਸ ਅਈਅਰ ਆਊਟ ਹੋਲਡਰ 71
ਕੇਦਾਰ ਰਨ ਆਊਟ (ਲੂਈ/ ਕੋਟਰੈੱਲ) 16
ਰਵਿੰਦਰ ਜਡੇਜਾ ਨਾਬਾਦ 16
ਭੁਵਨੇਸ਼ਵਰ ਕੈਚ ਰੋਚ ਗੇਂਦ ਬਰੈਥਵੇਟ 01
ਮੁਹੰਮਦ ਸ਼ਮੀ ਨਾਬਾਦ 03
ਵਾਧੂ 12
50 ਓਵਰ 279/7

ਭਾਰਤ/ ਵਿਕਟਾਂ ਦਾ ਪਤਨ: 2/1, 76/2, 101/3, 226/4, 250/5, 258/6, 262/7

ਵੈਸਟ ਇੰਡੀਜ਼
ਗੇਲ ਐੱਲਬੀਡਬਲਯੂ ਗੇਂਦ ਭੁਵਨੇਸ਼ਵਰ 11
ਐਵਿਨ ਲੂਈ ਕੈਚ ਕੋਹਲੀ ਯਾਦਵ 65
ਸ਼ਾਈ ਹੋਪ ਆਊਟ ਖਲੀਲ 05
ਹੈਟਮਾਇਰ ਕੈਚ ਕੋਹਲੀ ਗੇਂਦ ਯਾਦਵ 18
ਪੂਰਨ ਕੈਚ ਕੋਹਲੀ ਗੇਂਦ ਭੁਵਨੇਸ਼ਵਰ 42
ਰੋਸਟਨ ਕੈਚ ਅਤੇ ਗੇਂਦ ਭੁਵਨੇਸ਼ਵਰ 18
ਜੇਸਨ ਹੋਲਡਰ ਨਾਬਾਦ 13
ਬਰੈਥਵੇਟ ਕੈਚ ਸ਼ਮੀ ਗੇਂਦ ਜਡੇਜਾ 00
ਕੇਮਰ ਰੋਚ ਆਊਟ ਭੁਵਨੇਸ਼ਵਰ 00
ਕੋਟਰੈੱਲ ਕੈਚ ਜਡੇਜਾ ਗੇਂਦ ਸ਼ਮੀ 17
ਥੌਮਸ ਐਲਬੀਡਬਲਯੂ ਗੇਂਦ ਸ਼ਮੀ 00
ਵਾਧੂ 21
ਟੀਚਾ 46 ਓਵਰ 270 ਦੌੜਾਂ
ਕੁੱਲ 42 ਓਵਰ 210/10

ਵੈਸਟ ਇੰਡੀਜ਼/ ਵਿਕਟਾਂ ਦਾ ਪਤਨ: 45/1, 52/2, 92/3, 148/4, 179/5, 179/6, 180/7, 182/8, 209/9, 210/10