ਵੈਸਟਇੰਡੀਜ਼ ਦੇ ਪੂਰਨ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ
ਪੋਰਟ ਆਫ ਸਪੇਨ, 10 ਜੂਨ
ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਨਿਕੋਲਸ ਪੂਰਨ ਨੇ ਸਿਰਫ਼ 29 ਸਾਲ ਦੀ ਉਮਰ ਵਿੱਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਸ ਨੇ ਇਸ ਫੈਸਲੇ ਦਾ ਕੋਈ ਖਾਸ ਕਾਰਨ ਵੀ ਨਹੀਂ ਦੱਸਿਆ। ਪੂਰਨ ਨੇ ਕਿਹਾ ਕਿ ਉਸ ਨੇ ਇਹ ਫੈਸਲਾ ਬਹੁਤ ਸੋਚ-ਵਿਚਾਰ ਤੋਂ ਬਾਅਦ ਲਿਆ ਹੈ। ਵੈਸਟਇੰਡੀਜ਼ ਲਈ 106 ਟੀ-20 ਮੈਚ ਖੇਡ ਚੁੱਕੇ ਪੂਰਨ ਨੇ 136.39 ਦੀ ਸਟ੍ਰਾਈਕ ਰੇਟ ਨਾਲ 2275 ਦੌੜਾਂ ਬਣਾਈਆਂ ਹਨ। ਇਸੇ ਤਰ੍ਹਾਂ ਉਸ ਨੇ 61 ਇੱਕ ਰੋਜ਼ਾ ਮੈਚਾਂ ਵਿੱਚ 99.15 ਦੀ ਸਟ੍ਰਾਈਕ ਰੇਟ ਨਾਲ 1983 ਦੌੜਾਂ ਬਣਾਈਆਂ। ਉਸ ਨੇ ਟੈਸਟ ਕ੍ਰਿਕਟ ’ਚ ਦੇਸ਼ ਦੀ ਨੁਮਾਇੰਦਗੀ ਨਹੀਂ ਕੀਤੀ। ਉਹ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਟੀਮ ਦੀ ਕਪਤਾਨੀ ਵੀ ਕਰ ਚੁੱਕਾ ਹੈ। ਪੂਰਨ ਨੇ ਅੱਜ ਸੋਸ਼ਲ ਮੀਡੀਆ ’ਤੇ ਕਿਹਾ, ‘ਬਹੁਤ ਸੋਚ-ਵਿਚਾਰ ਤੋਂ ਬਾਅਦ ਮੈਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਸ ਖੇਡ ਨੇ ਮੈਨੂੰ ਖੁਸ਼ੀ, ਮਕਸਦ, ਨਾ ਭੁੱਲਣ ਵਾਲੀਆਂ ਯਾਦਾਂ ਅਤੇ ਵੈਸਟਇੰਡੀਜ਼ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈ।’ ਉਸ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਲਖਨਊ ਸੁਪਰ ਜਾਇੰਟਸ ਦੀ ਨੁਮਾਇੰਦਗੀ ਕੀਤੀ। ਉਹ ਇੰਗਲੈਂਡ ਖ਼ਿਲਾਫ਼ ਟੀ-20 ਲੜੀ ਲਈ ਕੈਰੇਬੀਅਨ ਟੀਮ ਦਾ ਹਿੱਸਾ ਨਹੀਂ ਸੀ। ਉਸ ਨੇ ਵੈਸਟਇੰਡੀਜ਼ ਦੇ ਵਿਸ਼ਵ ਕੱਪ 2023 ਕੁਆਲੀਫਾਇਰ ਤੋਂ ਬਾਹਰ ਹੋਣ ਤੋਂ ਬਾਅਦ ਇੱਕ ਰੋਜ਼ਾ ਕ੍ਰਿਕਟ ਨਹੀਂ ਖੇਡੀ। -ਪੀਟੀਆਈ