ਵੈਟਰਨਰੀ ਇੰਸਪੈਕਟਰਾਂ ਦਾ ਵਫ਼ਦ ਵਿਧਾਇਕ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਹੁਸ਼ਿਆਰਪੁਰ, 10 ਅਪਰੈਲ
ਸੂਬਾ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰਦੇ ਵੈਟਰਨਰੀ ਇੰਸਪੈਕਟਰਾਂ ਤੇ ਹੋਰ ਸਟਾਫ ਦੀਆਂ ਡਿਊਟੀਆਂ ਗੈਰ ਵਿਭਾਗੀ ਕੰਮਾਂ ਵਿੱਚ ਲਗਾਉਣ ਖਿਲਾਫ਼ ਜਥੇਬੰਦੀ ਦੇ ਵਫ਼ਦ ਨੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਦੀ ਅਗਵਾਈ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਧੁੱਗਾ, ਸੂਬਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਅਤੇ ਸਾਬਕਾ ਪ੍ਰਧਾਨ ਸਵਿੰਦਰ ਸਿੰਘ ਲਾਖਾ ਨੇ ਕੀਤੀ। ਆਗੂਆਂ ਨੇ ਵਿਧਾਇਕ ਘੁੰਮਣ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਮਿਆਂ ਉੱਤੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਗੈਰ ਵਿਭਾਗੀ ਕੰਮਾਂ ਵਿੱਚ ਨਾ ਲਗਾਉਣ ਦੇ ਪੱਤਰ ਜਾਰੀ ਕੀਤੇ ਗਏ ਹਨ ਪਰ ਇਸ ਦੇ ਉਲਟ ਜ਼ਿਲ੍ਹੇ ਦੀ ਤਹਿਸੀਲ ਹੁਸ਼ਿਆਰਪੁਰ, ਗੜ੍ਹਸ਼ੰਕਰ ਅਤੇ ਦਸੂਹਾ ਵਿੱਚ ਕੰਮ ਕਰਦੇ ਜ਼ਿਆਦਾਤਰ ਵੈਟਰਨਰੀ ਇੰਸਪੈਕਟਰਾਂ ਦੀਆਂ ਡਿਊਟੀਆਂ ਹਾੜ੍ਹੀ ਦੀ ਫਸਲ ਦਾ ਡਿਜੀਟਲ ਸਰਵੇਖਣ ਕਰਨ ਵਿੱਚ ਲਗਾ ਦਿੱਤੀਆਂ ਗਈਆਂ ਹਨ ਜਦੋਂ ਕਿ ਵਿਭਾਗ ਵਿੱਚ ਐਸ ਕੈਡ ਸਕੀਮ ਅਧੀਨ ਡੀ ਵਾਰਮਿੰਗ ਦੀ ਮੁਹਿੰਮ ਚੱਲ ਰਹੀ ਹੈ। ਆਗੂਆਂ ਨੇ ਦੱਸਿਆ ਕਿ ਵਿਧਾਇਕ ਘੁੰਮਣ ਨੇ ਉਨ੍ਹਾਂ ਦੀ ਗੱਲ ਨੂੰ ਸੁਣਿਆ ਹੈ ਅਤੇ ਮੰਗ ਪੱਤਰ ਡੀਸੀ ਹੁਸ਼ਿਆਰਪੁਰ ਨੂੰ ਸਿਫਾਰਿਸ਼ ਸਹਿਤ ਭੇਜ ਕੇ ਮੰਗਾਂ ਹੱਲ ਕਰਾਉਣ ਦਾ ਭਰੋਸਾ ਦੁਆਇਆ ਹੈ।