ਵੇਲੇ ਦੀ ਨਮਾਜ਼
ਜਗਦੀਸ਼ ਕੌਰ ਮਾਨ
ਉਦੋਂ ਸਾਡੇ ਘਰ ਦੋ ਲੜਕੇ ਸਨ। ਉਨ੍ਹਾਂ ਦੇ ਪਾਪਾ ਨਾ ਤਾਂ ਉਨ੍ਹਾਂ ਨੂੰ ਵਿਹਲੇ ਫਿਰਦੇ ਦੇਖ ਕੇ ਬਰਦਾਸ਼ਤ ਕਰਦੇ, ਤੇ ਨਾ ਹੀ ਉਨ੍ਹਾਂ ਦੁਆਰਾ ਕੀਤੇ ਕਿਸੇ ਵੀ ਕੰਮ ਤੋਂ ਸੰਤੁਸ਼ਟ ਹੁੰਦੇ। ਜਦੋਂ ਘਰ ਦੇ ਸਾਰੇ ਕੰਮ ਉਨ੍ਹਾਂ ਨੂੰ ਇਕੱਲਿਆਂ ਕਰਨੇ ਪੈਂਦੇ ਤਾਂ ਉਹ ਖਿਝੇ-ਖਪੇ ਮੇਰੇ ਨਾਲ ਬਹਿਸਣ ਲੱਗ ਪੈਂਦੇ, “ਘਰ ਦੇ ਸਾਰੇ ਕੰਮ ਮੇਰੇ ਇਕੱਲੇ ਦੇ ਹੀ ਗਲ ਪਾਏ ਹੋਏ ਹਨ, ਮੁੰਡਿਆਂ ਨੂੰ ਤੂੰ ਕਿਉਂ ਨਹੀਂ ਦੱਸਦੀ ਹੁੰਦੀ ਕੋਈ ਕੰਮ... ਕਦੇ ਭੁੱਲੇ ਚੁੱਕੇ ਉਹ ਵੀ ਡੱਕਾ ਭੰਨ ਕੇ ਦੂਹਰਾ ਕਰ ਲਿਆ ਕਰਨ... ਮੈਂ ਠੇਕਾ ਤਾਂ ਨਹੀਂ ਲਿਆ ਹੋਇਆ ਸਾਰੇ ਕੰਮਾਂ ਦਾ।” ਜਦੋਂ ਬੱਚੇ ਸ਼ਹਿਰ ਬਾਜ਼ਾਰ ਕਿਸੇ ਕੰਮ ਲਈ ਤੁਰਨ ਲਗਦੇ ਤਾਂ ਉਹ ਅੱਗੇ ਹੋ ਕੇ ਸਕੂਟਰ ਦਾ ਹੈਂਡਲ ਫੜ ਲੈਂਦੇ, “ਰਹਿਣ ਦਿਓ ਤੁਸੀਂ, ਮੈਂ ਆਪੇ ਕਰ ਲਵਾਂਗਾ... ਨਿਆਣਿਆਂ ਦੇ ਨ੍ਹੀਂ ਕਰਨ ਵਾਲਾ ਇਹ ਕੰਮ... ਐਵੇਂ ਪੈਸੇ ਖ਼ਰਾਬ ਕਰ ਕੇ ਮੁੜ ਆਵੋਗੇ।”
ਸਾਰੇ ਦਿਨ ਦੀ ਨੱਸ ਭੱਜ ਤੋਂ ਬਾਅਦ ਜਦੋਂ ਉਹ ਅੱਕ ਥੱਕ ਕੇ ਬਹਿ ਜਾਂਦੇ ਤਾਂ ਮੈਂ ਮਜ਼ਾਕ ਨਾਲ ਉਨ੍ਹਾਂ ਨੂੰ ਪੁਰਾਣੀਆਂ ਕਹਾਵਤਾਂ ਸੁਣਾਉਣ ਲੱਗ ਪੈਂਦੀ:
... ਚੁੱਲ੍ਹੇ ’ਤੇ ਰੋਟੀਆਂ ਪਕਾਉਂਦੀ ਨਵੀਂ ਨਵੇਲੀ ਨੂੰਹ ਅੱਗੇ ਸਹੁਰਾ ਚਾਅ ਨਾਲ ਪੀੜ੍ਹੀ ਡਾਹ ਕੇ ਅੱਗ ਸੇਕਣ ਬੈਠ ਗਿਆ। ਉਸ ਸਮੇਂ ਦੇ ਰਿਵਾਜ ਮੁਤਾਬਿਕ ਉਸ ਵਿਚਾਰੀ ਨੂੰ ਸਹੁਰੇ ਤੋਂ ਘੁੰਡ ਕੱਢ ਕੇ ਰੋਟੀਆਂ ਪਕਾਉਣੀਆਂ ਪੈ ਰਹੀਆਂ ਸਨ। ਹੁਣ ਘੁੰਡ ਵਿਚੋਂ ਦੀ ਉਹਨੂੰ ਨਾ ਕੱਚੀ ਰੋਟੀ ਦਿਸੇ, ਨਾ ਮੱਚ ਗਈ ਰੋਟੀ ਦਾ ਪਤਾ ਲੱਗੇ। ਉਹ ਜਿਹੜੀ ਵੀ ਰੋਟੀ ਲਾਹਵੇ, ਉਹੀ ਮੱਚ ਜਾਇਆ ਕਰੇ। ਚੁੱਲ੍ਹੇ ਅੱਗੇ ਮੌਜ ਨਾਲ ਬੈਠਾ, ਅੱਗ ਸੇਕਦਾ ਸਹੁਰਾ ਆਖੀ ਜਾਵੇ, “ਇਹ ਤਾਂ ਕੁੜੇ ਸਾਊ... ਰੋਟੀ ਮੱਚ ਗਈ।” ਅੱਗਿਓਂ ਨੂੰਹ ਕਹਿ ਦਿਆ ਕਰੇ, “ਕੋਈ ਨਾ ਬਾਪੂ ਜੀ, ਇਹ ਮੈਂ ਖਾ ਲਵਾਂਗੀ।” ਇਸ ਤਰ੍ਹਾਂ ਕਰਦਿਆਂ ਉਸ ਘੁੰਡ ਵਾਲੀ ਵਹੁਟੀ ਤੋਂ ਕਈ ਰੋਟੀਆਂ ਮੱਚ ਗਈਆਂ। ਸਹੁਰਾ ਕਹਿਣ ਲੱਗਾ, “ਸਹੁਰੀਏ! ਸਾਰੀਆਂ ਰੋਟੀਆਂ ਤੂੰ ’ਕੱਲੀ ਹੀ ਕੀਕਣ ਖਾ ਲਵੇਂਗੀ?” ਸਿਧਰੇ ਸਹੁਰੇ ਨੂੰ ਪਤਾ ਹੀ ਨਾ ਲੱਗਿਆ ਕਿ ਵਾਰ-ਵਾਰ ਰੋਟੀਆਂ ਸੜਨ ਦਾ ਅਸਲ ਕਾਰਨ ਤਾਂ ਵਹੁਟੀ ਦਾ ਉਸ ਕੋਲੋਂ ਕੱਢਿਆ ਘੁੰਡ ਹੈ, ਉਹ ਉੱਥੋਂ ਉਠ ਜਾਵੇ ਤਾਂ ਰੋਟੀਆਂ ਆਪਣੇ ਆਪ ਸੜਨੋਂ ਹਟ ਜਾਣਗੀਆਂ।’
ਸਮਝ ਗਏ ਨਾ!... ਤੁਸੀਂ ਹਰ ਕੰਮ ਨੂੰ ‘ਆਹ ਵੀ ਮੈਂ ਕਰੂੰਗਾ’, ‘ਆਹ ਵੀ ਮੈਂ ਕਰੂੰਗਾ’ ਕਰਦੇ ਰਹਿੰਦੇ ਹੋ, ਫੇਰ ਅੱਕ ਥੱਕ ਜਾਂਦੇ ਹੋ, ਘਰ ਦੀ ਜ਼ਿੰਮੇਵਾਰੀ ਵਾਲੇ ਕੰਮ ਤੁਸੀਂ ਸਾਰੇ ਟੱਬਰ ਵਿੱਚ ਵੰਡ ਦੇਵੋ, ਤੁਹਾਡਾ ਬੋਝ ਆਪਣੇ ਆਪ ਹਲਕਾ ਹੋ ਜਾਵੇਗਾ। ਨਾਲੇ ਬੱਚਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇਗਾ, ਕੰਮ ਕਰਨ ਦੀ ਜਾਚ ਆਵੇਗੀ, ਦੁਨੀਆਦਾਰੀ ਦਾ ਪਤਾ ਲੱਗੇਗਾ, ਪਰ ਉਹ ਮੇਰੀ ਦਲੀਲ ਨਾਲ ਸਹਿਮਤ ਨਹੀਂ ਸਨ ਹੁੰਦੇ।
ਛੋਟਾ ਪੁੱਤਰ ਜਿਹੜਾ ਉਨ੍ਹਾਂ ਨਾਲ ਘਰ ਦੀ ਖਰੀਦੋ-ਫਰੋਖਤ ਵਿਚ ਜਿੰਨੇ ਜੋਗਾ ਉਹ ਸੀ, ਮਾੜਾ ਮੋਟਾ ਹੱਥ ਵਟਾਉਂਦਾ ਹੁੰਦਾ ਸੀ, ਕੁਦਰਤ ਨੇ ਬੜੀ ਛੇਤੀ ਆਪਣੇ ਕੋਲ ਵਾਪਸ ਬੁਲਾ ਲਿਆ; ਤੇ ਵੱਡੇ ਪੁੱਤਰ ਨੂੰ ਖਰੀਦਦਾਰੀ ਦੇ ਕੰਮਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਉਨ੍ਹਾਂ ਦੀਆਂ ਮੁਸ਼ਕਿਲਾਂ ਪਹਿਲਾਂ ਨਾਲੋਂ ਵੀ ਵਧ ਗਈਆਂ ਸਨ। ਅਜਿਹੇ ਨਾਜ਼ੁਕ ਸਮੇਂ ’ਤੇ ਮੈਂ ਪਤੀ ਨੂੰ ਸਲਾਹ ਦਿੱਤੀ ਕਿ ਹੁਣ ਮੌਕਾ ਹੈ, ਵੱਡੇ ਮੁੰਡੇ ਦੇ ਸਿਰ ਕਬੀਲਦਾਰੀ ਦੀ ਜ਼ਿੰਮੇਵਾਰੀ ਪਾਉਣ ਦਾ, ਬਿਹਤਰ ਰਹੇਗਾ ਕਿ ਘਰ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਤੋਂ ਇਹਨੂੰ ਜਾਣੂ ਕਰਾਵਾਇਆ ਜਾਵੇ... ਸਿਆਣਿਆਂ ਦਾ ਕਥਨ ਹੈ- ਜੇ ਕਿਸੇ ਨੂੰ ਪੰਜਾਹ ਕਿਲੋ ਭਾਰ ਚੁੱਕਣ ਲਈ ਤਿਆਰ ਕਰਨਾ ਹੋਵੇ ਤਾਂ ਉਸ ਦੀ ਤਿਆਰੀ ਵਾਸਤੇ ਪਹਿਲੇ ਦਿਨ ਹੀ ਉਸ ਦੇ ਸਿਰ ’ਤੇ ਡਬਲ ਇੱਟ ਚੁਕਵਾ ਦਿਉ, ਹੌਲੀ-ਹੌਲੀ ਭਾਰ ਵਧਾਉਂਦੇ ਜਾਉ, ਕੋਈ ਦਿਨ ਆਵੇਗਾ ਕਿ ਉਹ ਬੰਦਾ ਪੰਜਾਹ ਕਿਲੋ ਭਾਰ ਚੁੱਕਣ ਦੇ ਸਮਰੱਥ ਹੋ ਜਾਵੇਗਾ ਪਰ ਉਹ ਫਿਰ ਵੀ ਮੇਰੇ ਨਾਲ ਸਹਿਮਤ ਨਾ ਹੋਏ ਤੇ ਕਹਿਣ ਲੱਗੇ, “ਲੈ ਇਹਨੂੰ ਬੜਾ ਚੱਜ ਐ ਕੁਸ਼ ਖਰੀਦਣ ਕਰਨ ਦਾ, ਐਵੇਂ ਲੋਕਾਂ ਤੋਂ ਠਗਾਈ ਖਾ ਕੇ ਮੁੜ ਆਇਆ ਕਰੇਗਾ। ਇਹਨੂੰ ਕੋਈ ਵੱਡੀ ਜ਼ਿੰਮੇਵਾਰੀ ਸੌਂਪ ਕੇ ਮੈਂ ਘਾਟਾ ਪਵਾ ਲਵਾਂ... ਇਹੋ ਜਿਹੇ ਕੱਲ੍ਹ ਦੇ ਛੋਕਰਿਆਂ ਨੂੰ ਕੀ ਪਤੈ ਬਈ ਕਬੀਲਦਾਰੀ ਤੇ ਜ਼ਿੰਮੇਵਾਰੀ ਕਿਵੇਂ ਨਿਭਾਈਦੀ ਐ।” ਮੈਂ ਕਿਹਾ, “ਇਕ ਵਾਰੀ, ਦੋ ਵਾਰੀ ਜਾਂ ਹੱਦ ਤਿੰਨ ਵਾਰੀ ਠਗਾਈ ਖਾ ਕੇ ਇਸ ਨੂੰ ਆਪਣੇ ਆਪ ਹੀ ਚਾਨਣ ਹੋ ਜਾਵੇਗਾ... ਡਿੱਗ-ਡਿੱਗ ਕੇ ਹੀ ਸਵਾਰ ਹੋਈਦਾ... ਬਿਨਾਂ ਕੋਸ਼ਿਸ਼ ਕੀਤਿਆਂ ਤਾਂ ਕੋਈ ਵੀ ਕੰਮ ਸਿੱਖਿਆ ਨਹੀਂ ਜਾ ਸਕਦਾ।”
ਇਸ ਤੋਂ ਬਾਅਦ ਮੈਂ ਉਨ੍ਹਾਂ ਤੋਂ ਪਰਵਾਹਰੀ ਹੋ ਕੇ ਆਪਣੇ ਵੱਲੋਂ ਹੀ ਮੁੰਡੇ ਤੋਂ ਘਰ ਦਾ ਸਾਰਾ ਸਾਮਾਨ ਮੰਗਵਾਉਣਾ ਸ਼ੁਰੂ ਕਰ ਦਿੱਤਾ। ਭੁਗਤਾਨ ਕਰਨ ਯੋਗ ਸਾਰੇ ਬਿੱਲ ਅਤੇ ਘਰ ਵਿਚ ਹੋਣ ਵਾਲੀ ਹਰ ਕਿਸਮ ਦੀ ਮੁਰੰਮਤ ਵੀ ਉਹਦੇ ਜ਼ਿੰਮੇ ਪਾ ਦਿੱਤੀ। ਬੈਂਕ ਵਿੱਚੋਂ ਪੈਸੇ ਕਢਵਾ ਕੇ ਲਿਆਉਣੇ ਤੇ ਜਮ੍ਹਾਂ ਕਰਵਾਉਣ ਦੀ ਡਿਊਟੀ ਵੀ ਉਸ ਦੇ ਪੱਲੇ ਪਾ ਦਿੱਤੀ। ਉਸ ਦੇ ਪਾਪਾ ਮੇਰੇ ਨਾਲ ਔਖੇ ਭਾਰੇ ਤਾਂ ਬਹੁਤ ਹੋਏ ਪਰ ਮੇਰੀ ਕੋਸ਼ਿਸ਼ ਨੇ ਮੁੰਡੇ ਨੂੰ ਘਰ ਦੀ ਕਬੀਲਦਾਰੀ ਦਾ ਭਾਰ ਚੁੱਕਣ ਵਿਚ ਪ੍ਰਪੱਕ ਕਰ ਦਿੱਤਾ। ਆਪਣੇ ਪਾਪਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਹੁਣ ਉਹ ਸਾਰੇ ਘਰ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਉਂਝ ਤਾਂ ਸਿਰ ਪਈ ਜ਼ਿੰਮੇਵਾਰੀ ਹਰ ਕਿਸੇ ਨੂੰ ਅਕਲਮੰਦ ਬਣਾ ਦਿੰਦੀ ਹੈ, ਫਿਰ ਵੀ ਵੇਲੇ ਸਿਰ ਚੁੱਕੇ ਕਦਮ ਨੇ ਉਹਨੂੰ ਸੁਘੜ ਸਿਆਣਾ ਬਣਾ ਦਿੱਤਾ ਤੇ ਇਹ ਹੁਨਰ ਅੱਜ ਉਹਦੇ ਕੰਮ ਆ ਰਿਹਾ ਹੈ।
ਸੰਪਰਕ: 78146-98117