ਵੀਹ ਤੋਂ ਘੱਟ ਕਾਮਿਆਂ ਵਾਲੀਆਂ ਦੁਕਾਨਾਂ ਨੂੰ ਸ਼ਾਪ ਐਕਟ ਤੋਂ ਛੋਟ ਦੇਣ ਦੀ ਮੰਗ
ਕੁਲਦੀਪ ਸਿੰਘ
ਚੰਡੀਗੜ੍ਹ, 8 ਜੂਨ
ਚੰਡੀਗੜ੍ਹ ਵਪਾਰ ਮੰਡਲ ਨੇ ਕੇਂਦਰ ਸਰਕਾਰ ਦੇ 20 ਤੋਂ ਘੱਟ ਕਰਮਚਾਰੀਆਂ ਵਾਲੀਆਂ ਦੁਕਾਨਾਂ ਨੂੰ ‘ਸ਼ਾਪ ਐਕਟ’ ਤੋਂ ਛੋਟ ਦੇਣ ਦੇ ਮਤੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਸਹਾਇਕ ਕਿਰਤ ਕਮਿਸ਼ਨਰ ਅਕਸ਼ੇ ਮਿੱਤਲ ਵੱਲੋਂ ਸੈਕਟਰ-30 ਸਥਿਤ ਕਿਰਤ ਭਵਨ ਵਿੱਚ ਕੀਤੀ ਮੀਟਿੰਗ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਚੱਢਾ ਨੇ ਰੱਖੀ।
ਮੀਟਿੰਗ ਵਿੱਚ ਮੁੱਖ ਤੌਰ ’ਤੇ ਕੇਂਦਰ ਸਰਕਾਰ ਦੀ ‘ਈਜ਼ ਆਫ ਡੂਇੰਗ ਬਿਜ਼ਨਸ ਪਾਲਿਸੀ’ ਤਹਿਤ 20 ਤੋਂ ਘੱਟ ਕਾਮਿਆਂ ਵਾਲੀਆਂ ਦੁਕਾਨਾਂ ਨੂੰ ‘ਸ਼ਾਪ ਐਕਟ’ ਤੋਂ ਛੋਟ ਦੇਣ ਬਾਰੇ ਚਰਚਾ ਕੀਤੀ ਗਈ।
ਵਪਾਰ ਮੰਡਲ ਦੇ ਉਪ-ਪ੍ਰਧਾਨ ਅਤੇ ਬੁਲਾਰੇ ਦਿਵਾਕਰ ਸਹੂੰਜਾ ਅਤੇ ਮੰਡਲ ਦੇ ਸਾਬਕਾ ਪ੍ਰਧਾਨ ਚਰਨਜੀਵ ਸਿੰਘ ਸਣੇ ਵੱਖ-ਵੱਖ ਮਾਰਕੀਟਾਂ ਦੇ 15 ਤੋਂ ਵੱਧ ਸੀਨੀਅਰ ਆਗੂ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਸ੍ਰੀ ਚੱਢਾ ਨੇ ਕਿਹਾ ਕਿ 20 ਤੋਂ ਘੱਟ ਵਰਕਰਾਂ ਵਾਲੀਆਂ ਦੁਕਾਨਾਂ ਨੂੰ ਸ਼ਾਪ ਐਕਟ ਤੋਂ ਛੋਟ ਦੇਣ ਦੇ ਕਦਮ ਨਾਲ ਗੁੰਝਲਦਾਰ ਕਾਨੂੰਨਾਂ ਅਤੇ ਨਿਯਮਾਂ ਤੋਂ ਪ੍ਰੇਸ਼ਾਨ ਵਪਾਰੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ ਅਤੇ ਇਹ ਫ਼ੈਸਲਾ ਰੁਜ਼ਗਾਰ ਅਤੇ ਮਾਲੀਆ ਵਧਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਇਹ ਕਦਮ ਉਨ੍ਹਾਂ ਅਖੌਤੀ ਕਿਰਤ ਮਾਫ਼ੀਆ ਨੂੰ ਵੀ ਠੱਲ੍ਹ ਪਾਵੇਗਾ ਜੋ ਦੁਕਾਨਦਾਰਾਂ ਨੂੰ ਬਲੈਕਮੇਲ ਕਰਨ ਲਈ ਕਿਰਤ ਕਾਨੂੰਨਾਂ ਦੀ ਦੁਰਵਰਤੋਂ ਕਰਦੇ ਹਨ।