ਵਿੱਤ ਤੇ ਠੇਕਾ ਕਮੇਟੀ ਦੇ ਪੰਜ ਮੈਂਬਰਾਂ ਦੀ ਚੋਣ ਲਈ ਛੇ ਨੇ ਨਾਮਜ਼ਦਗੀ ਭਰੀ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 3 ਫ਼ਰਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਤੋਂ ਬਾਅਦ ‘ਆਪ’ ਵਿੱਚ ਅੰਦਰੂਨੀ ਫੁੱਟ ਉਸ ਵੇਲੇ ਸਾਹਮਣੇ ਆ ਗਈ ਜਦੋਂ ਨਗਰ ਨਿਗਮ ਦੀ ਸਭ ਤੋਂ ਮਹੱਤਵਪੂਰਨ ਵਿੱਤ ਅਤੇ ਠੇਕਾ ਕਮੇਟੀ ਨੂੰ ਲੈ ਕੇ ‘ਆਪ’ ਦੀ ਇੱਕ ਮਹਿਲਾ ਕੌਂਸਲਰ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ।
ਸੋਮਵਾਰ ਨੂੰ ਕਮੇਟੀ ਲਈ ਨਾਮਜ਼ਦਗੀ ਪ੍ਰਕਿਰਿਆ ਵਿੱਚ ‘ਆਪ’ ਤੋਂ ਯੋਗੇਸ਼ ਢੀਂਗਰਾ ਅਤੇ ਸੁਮਨ ਸ਼ਰਮਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਕੌਂਸਲਰ ਪੂਨਮ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।
ਦੂਜੇ ਪਾਸੇ ਕਾਂਗਰਸ ਤੋਂ ਗੁਰਪ੍ਰੀਤ ਸਿੰਘ ਗਾਬੀ, ਭਾਜਪਾ ਤੋਂ ਸੌਰਭ ਜੋਸ਼ੀ ਤੇ ਜਸਮਨਪ੍ਰੀਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਪੰਜ ਮੈਂਬਰਾਂ ਵਾਲੀ ਵਿੱਤ ਤੇ ਠੇਕਾ ਕਮੇਟੀ ਪੰਜ ਤੋਂ ਵੱਧ ਕੌਂਸਲਰਾਂ ਨੂੰ ਕਮੇਟੀ ਮੈਂਬਰਾਂ ਵਜੋਂ ਨਾਮਜ਼ਦਗੀ ਕੀਤੇ ਜਾਣ ਕਾਰਨ ਵੋਟਿੰਗ ਦੀ ਸੰਭਾਵਨਾ ਪੈਦਾ ਹੋ ਗਈ ਹੈ। ਹਾਲਾਂਕਿ ‘ਆਪ’ ਦੇ ਬੁਲਾਰੇ ਅਤੇ ਕੌਂਸਲਰ ਯੋਗੇਸ਼ ਢੀਂਗਰਾ ਨੇ ਕਿਹਾ ਕਿ ਪੂਨਮ ਪਾਰਟੀ ਦੀ ਅਧਿਕਾਰਤ ਉਮੀਦਵਾਰ ਹੈ। ‘ਆਪ’ ਨਾਲ ਜੁੜੇ ਸੂਤਰਾਂ ਅਨੁਸਾਰ ਤਿੰਨ ਉਮੀਦਵਾਰਾਂ ਵਿੱਚੋਂ ਇੱਕ ਆਪਣੀ ਨਾਮਜ਼ਦਗੀ ਵਾਪਸ ਲੈ ਸਕਦਾ ਹੈ, ਜਿਸ ਦਾ ਕਾਰਨ ਪਾਰਟੀ ਅੰਦਰ ਧੜੇਬੰਦੀ ਨੂੰ ਰੋਕਣਾ ਹੈ।
ਮੇਅਰ ਚੋਣਾਂ ਦੌਰਾਨ ਪੂਨਮ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਮਨਾ ਲਿਆ ਗਿਆ ਸੀ। ਵਿੱਤ ਤੇ ਠੇਕਾ ਕਮੇਟੀ ਲਈ ਨਾਮਜ਼ਦਗੀ ਤੋਂ ਪਹਿਲਾਂ ਪਾਰਟੀ ਦੇ ਅੰਦਰ ਅੰਦਰੂਨੀ ਲੜਾਈ ਫਿਰ ਤੋਂ ਸਾਹਮਣੇ ਆ ਗਈ ਹੈ।
ਚਰਚਾ ਹੈ ਕਿ ਪੂਨਮ ਦੇ ਪਤੀ ਅਤੇ ‘ਆਪ’ ਨੇਤਾ ਸੰਦੀਪ ਕੁਮਾਰ ਮੈਂਬਰ ਬਣਾਏ ਜਾਣ ’ਤੇ ਅੜੇ ਸਨ। ਜੋ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਦੇ ਨਾਮ ਕਮੇਟੀ ਮੈਂਬਰਾਂ ਵਜੋਂ ਕਿਉਂ ਸ਼ਾਮਲ ਨਹੀਂ ਕੀਤੇ ਗਏ।
ਵਿੱਤ ਤੇ ਠੇਕਾ ਕਮੇਟੀ ਲਈ 7 ਫਰਵਰੀ ਨੂੰ ਹਾਊਸ ਦੀ ਮੀਟਿੰਗ ਦੌਰਾਨ ਹੋਣ ਤੋਂ ਪਹਿਲਾ ਕੋਈ ਵੀ ਇੱਕ ਕੌਂਸਲਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਦਾ ਹੈ। ਕੁਲ ਪੰਜ ਮੈਂਬਰਾਂ ਵਾਲੀ ਵਿੱਤ ਤੇ ਠੇਕਾ ਕਮੇਟੀ ਲਈ ਜੇਕਰ ਕਿਸੀ ਵੀ ਮੈਂਬਰ ਨੇ ਨਾਮਜ਼ਦਗੀ ਕਾਗਜ਼ ਵਾਪਸ ਨਹੀਂ ਲਿਆ ਤਾਂ ਵੋਟਿੰਗ ਚੋਣ ਹੋਵੇਗੀ, ਨਹੀਂ ਤਾਂ ਪੰਜ ਮੈਂਬਰਾਂ ਲਈ ਪੰਜ ਹੀ ਉਮੀਦਵਾਰ ਹੋਣ ਤੇ ਸਾਰੀਆਂ ਨੂੰ ਸਰਬਸੰਮਤੀ ਨਾਲ ਕਮੇਟੀ ਦਾ ਮੈਂਬਰ ਚੁਣ ਲਈ ਜਾਵੇਗਾ। ਮੇਅਰ ਕਮੇਟੀ ਦਾ ਚੇਅਰਮੈਨ ਹੁੰਦਾ ਹੈ ਮੇਅਰ ਦੇ ਇੱਕ ਸਾਲ ਦੇ ਕਾਰਜਕਾਲ ਬਰਾਬਰ ਹੀ ਇਸ ਕਮੇਟੀ ਦਾ ਵੀ ਕਾਰਜਕਾਲ ਹੁੰਦਾ ਹੈ।