ਵਿੱਜ ਵੱਲੋਂ ਪ੍ਰਧਾਨ ਮੰਤਰੀ ਦੇ ਦੌਰੇ ਸਬੰਧੀ ਤਿਆਰੀਆਂ ਦਾ ਜਾਇਜ਼ਾ
ਦਵਿੰਦਰ ਸਿੰਘ
ਯਮੁਨਾਨਗਰ, 9 ਅਪਰੈਲ
ਅੱਜ ਹਰਿਆਣਾ ਦੇ ਟਰਾਂਸਪੋਰਟ, ਕਿਰਤ ਅਤੇ ਊਰਜਾ ਮੰਤਰੀ ਅਨਿਲ ਵਿੱਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਮੰਤਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰਬੰਧਾਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਉਨ੍ਹਾਂ ਅਧਿਕਾਰੀਆਂ ਨੂੰ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ, ਪਖਾਨੇ, ਪਾਰਕਿੰਗ ਥਾਂ, ਸੁਰੱਖਿਆ ਅਤੇ ਬੈਠਣ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਰੂਟ ਪਲਾਨ, ਵੀਆਈਪੀ ਟਾਇਲਟ, ਮੀਡੀਆ ਸੈਂਟਰ ਦੇ ਪ੍ਰਬੰਧ ਅਤੇ ਮੀਡੀਆ ਸੈਂਟਰ ਵਿੱਚ ਲਗਾਏ ਜਾਣ ਵਾਲੇ ਉਪਕਰਨ, ਸਟੇਜ ’ਤੇ ਬੈਠਣ ਦੀ ਵਿਵਸਥਾ ਸਣੇ ਹੋਰ ਵਿਸ਼ਿਆਂ ’ਤੇ ਚਰਚਾ ਕੀਤੀ। ਪੱਤਰਕਾਰਾਂ ਨੂੰ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਨਬੰਧੂ ਛੋਟੂ ਰਾਮ ਥਰਮਲ ਪਲਾਂਟ ਦੇ 800 ਮੈਗਾਵਾਟ ਸਮਰੱਥਾ ਵਾਲੇ ਤੀਜੇ ਯੂਨਿਟ ਦਾ ਨੀਂਹ ਪੱਥਰ ਰੱਖਣ ਲਈ 14 ਅਪਰੈਲ ਨੂੰ ਯਮੁਨਾਨਗਰ ਪਹੁੰਚ ਰਹੇ ਹਨ। ਇਸ ਨਾਲ ਸੂਬੇ ਵਿੱਚ ਬਿਜਲੀ ਉਤਪਾਦਨ ਸਮਰੱਥਾ ਵਧੇਗੀ ਅਤੇ ਸੂਬੇ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੁਪਰ ਕ੍ਰਿਟੀਕਲ ਥਰਮਲ ਯੂਨਿਟ ਲਗਾਇਆ ਜਾਵੇਗਾ। ਇਹ ਨਵੀਨਤਮ ਤਕਨਾਲੋਜੀ ਹੈ, ਇਹ ਪ੍ਰਦੂਸ਼ਣ ਨੂੰ ਵੀ ਘਟਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਖੇੜਾ ਵਿੱਚ ਇੱਕ ਅਤੇ ਪਾਣੀਪਤ ਵਿੱਚ ਦੋ ਪਲਾਂਟ ਸਥਾਪਤ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਥਰਮਲ ਯੂਨਿਟ ਬਿਜਲੀ ਉਤਪਾਦਨ ਸਮਰੱਥਾ ਨੂੰ ਵਧਾਉਣਗੇ ਅਤੇ ਬਾਹਰੋਂ ਬਿਜਲੀ ’ਤੇ ਸਾਡੀ ਨਿਰਭਰਤਾ ਨੂੰ ਘਟਾਉਣਗੇ। ਇਸ ਮੌਕੇ ਵਧੀਕ ਮੁੱਖ ਸਕੱਤਰ ਬਿਜਲੀ ਅਪੂਰਵ ਕੁਮਾਰ ਸਿੰਘ, ਅੰਬਾਲਾ ਰੇਂਜ ਦੇ ਆਈਜੀ ਸਿਬਾਸ਼ ਕਵੀਰਾਜ, ਬਿਜਲੀ ਉਤਪਾਦਨ ਨਿਗਮ ਦੇ ਐੱਮਡੀ ਅਸ਼ੋਕ ਮੀਨਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਪੁਲੀਸ ਸੁਪਰਡੈਂਟ ਰਾਜੀਵ ਦੇਸਵਾਲ, ਵਧੀਕ ਪੁਲੀਸ ਸੁਪਰਡੈਂਟ ਸ੍ਰਿਸ਼ਟੀ ਗੁਪਤਾ, ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਅਰਵਿੰਦ ਰੋਹਿਲਾ, ਜਗਾਧਰੀ ਦੇ ਐੱਸਡੀਐੱਮ ਸੋਨੂੰ ਰਾਮ ਮੌਜੂਦ ਸਨ।