ਵਿੱਜ ਵੱਲੋਂ ਟਾਂਗਰੀ ਨਦੀ ਦੇ ਬੰਨ੍ਹ ਦੇ ਨਵੀਨੀਕਰਨ ਦਾ ਨੀਂਹ ਪੱਥਰ
ਸਰਬਜੀਤ ਸਿੰਘ ਭੱਟੀ
ਅੰਬਾਲਾ, 2 ਫ਼ਰਵਰੀ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਟਾਂਗਰੀ ਨਦੀ ਦੇ ਬੰਨਹ ਨੂੰ ਰਾਮਪੁਰ-ਸਰਸੇਹੜੀ ਵਾਲੇ ਪਾਸੇ ਪੱਕਾ ਕਰਨ ਦੀ ਸ਼ੁਰੂਆਤ ਕੀਤੀ। ਸ੍ਰੀ ਵਿੱਜ ਨੇ ਕਿਹਾ ਕਿ ਪਹਿਲਾਂ ਟਾਂਗਰੀ ਦੇ ਪਾਣੀ ਕਾਰਨ ਰਾਮਪੁਰ-ਸਰਸੇਹੜੀ ਅਤੇ ਹੋਰ ਇਲਾਕਿਆਂ ਵਿੱਚ ਨੁਕਸਾਨ ਹੋਇਆ ਸੀ। ਪਹਿਲਾਂ ਕੱਚਾ ਬੰਨ ਬਣਾਇਆ ਗਿਆ ਸੀ, ਹੁਣ ਉਸੇ ਨੂੰ ਡੇਢ ਫੁੱਟ ਉੱਚਾ ਕਰਕੇ ਮਿੱਟੀ ਤੇ ਪੱਥਰ ਰੱਖ ਕੇ ਪੱਕਾ ਕੀਤਾ ਜਾ ਰਿਹਾ ਹੈ। ਜਗਾਧਰੀ ਰੋਡ ਤੋਂ ਚੰਦਪੁਰਾ ਤੱਕ ਬੰਨ ਬਣੇਗਾ। ਚੰਦਪੁਰਾ ਨੇੜੇ ਕੁਝ ਲੋਕ ਜ਼ਮੀਨ ਦੇਣ ਲਈ ਤਿਆਰ ਨਹੀਂ ਪਰ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਰੁਕਾਵਟ ਪੈਦਾ ਕਰਕੇ ਇਲਾਕੇ ਨੂੰ ਡੁਬਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜਗਾਧਰੀ ਰੋਡ ਤੋਂ ਰੇਲਵੇ ਲਾਈਨ ਤੱਕ ਬੰਨ ਬਣਾਇਆ ਜਾਵੇਗਾ ਤਾਂ ਜੋ ਸ਼ਹਿਰ ਵਿੱਚ ਟਾਂਗਰੀ ਦਾ ਪਾਣੀ ਨਾ ਆਵੇ। ਨਦੀ ਦੀ ਖੁਦਾਈ 15-20 ਫੁੱਟ ਤਕ ਕੀਤੀ ਜਾਵੇਗੀ। ਉਨ੍ਹਾਂ ਐੱਸਡੀਐੱਮ ਨੂੰ ਟਾਂਗਰੀ ਵਿੱਚ ਆਉਣ ਵਾਲੇ ਨਾਲੇ ਨੂੰ ਬੰਦ ਕਰਣ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਮਹੇਸ਼ਨਗਰ ਡਰੇਨ ਦੇ ਬਾਕੀ ਹਿਸੇ ਨੂੰ ਪੱਕਾ ਕਰਨ ਲਈ 24 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ। ਇਸ ਮੌਕੇ ਵਿਧਾਇਕ, ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਥਾਨਕ ਭਾਜਪਾ ਆਗੂ ਵੀ ਮੌਜੂਦ ਸਨ।