For the best experience, open
https://m.punjabitribuneonline.com
on your mobile browser.
Advertisement

ਵਿੱਘੜੀ ਕਾਰਿਆਂ ਹੱਥੀਂ

04:01 AM May 04, 2025 IST
ਵਿੱਘੜੀ ਕਾਰਿਆਂ ਹੱਥੀਂ
Advertisement

ਮੁਖਤਿਆਰ ਸਿੰਘ

Advertisement

ਵਿੱਘੜੀ ਦਾ ਨਾਂ ਸੁਣਦਿਆਂ ਕੰਨ ਖੜ੍ਹੇ ਹੋ ਜਾਂਦੇ ਹਨ, ‘ਹੈਂ? ਕੌਣ ਵਿੱਘੜ ਗਈ? ਕਿਸ ਦੀ ਕਿਸ ਨਾਲ ਵਿੱਘੜ ਗਈ? ਕਿਸ ਦੀ ਬਣੀ ਬਣਾਈ ਗੱਲ ਵਿੱਘੜ ਗਈ? ਪਤਾ ਨਹੀਂ ਲੱਗਦਾ।’
ਇਹ ਸ਼ਬਦ ਅਲੋਪ ਹੋਇਆਂ ਵਰਗਾ ਹੀ ਹੈ। ਉਸ ਸਮੇਂ ਇਨ੍ਹਾਂ ਵਿੱਘੜੀਆਂ ਨੂੰ ਅਸੀਂ ਨਿਆਣੇ ਹੁੰਦੇ ‘ਰੱਖੜੀਆਂ’ ਵੀ ਕਹਿੰਦੇ ਸੀ। ਮਤਲਬ ਫ਼ਸਲ ਤੋਂ ਇਲਾਵਾ ਖੇਤੀ ਦੇ ਹੋਰ ਕੰਮਾਂ ਲਈ ਰਾਖ਼ਵੀਆਂ (ਵਿਹਲੀਆਂ) ਰੱਖੀਆਂ ਹੋਈਆਂ ਜ਼ਮੀਨਾਂ। ਇਹ ਸ਼ਬਦ ਬਿਲਕੁਲ ਹੀ ਅਲੋਪ ਹੋ ਗਿਆ। ਫੇਰ ਪੱਕਾ ਨਾਂ ਆਬਾਦੀ ਪੈ ਗਿਆ ਸੀ ਜੋ ਕਿੱਲਾ-ਬੰਦੀ ਵੇਲੇ ਸਰਕਾਰ ਨੇ ਪਿੰਡ ਦੇ ਆਲੇ-ਦੁਆਲੇ, ਇਨ੍ਹਾਂ ਵਿੱਘੜੀਆਂ ਦੇ ਉਪਰੋਂ ਫਿਰਨੀ ਕੱਢ ਦਿੱਤੀ ਸੀ। ਫ਼ਿਰਨੀ ਦੇ ਅੰਦਰ ਆਬਾਦੀ ਦਾ ਨਾਂ ਫ਼ਰਦਾਂ ਵਿੱਚ ਚੜ੍ਹ ਗਿਆ ਸੀ।
ਗੱਲ ਤੁਰੀ ਸੀ ਬਾਬੇ ਗੈਬੇ ਦੇ ਖੰਡ ਮਿਸ਼ਰੀ ਖ਼ਰਬੂਜ਼ਿਆਂ ਦੀ। ਉਸ ਦੇ ਵਿੱਘੜੀ ਵਿੱਚ ਬੀਜੇ ਹੁੰਦੇ ਸਨ। ਧਾਰੀਆਂ ਵਾਲੇ ਪੀਲੇ ਖ਼ਰਬੂਜ਼ੇ ਜਿਵੇਂ ਕਿਸੇ ਸਿਆਣੇ ਕਲਾਕਾਰ ਨੇ ਬੁਰਸ਼ ਨਾਲ ਧਾਰੀਆਂ ਇਕਸਾਰ ਪਾਈਆਂ ਹੋਣ।
ਕਿੱਲਾ-ਬੰਦੀ ਤੋਂ ਪਹਿਲਾਂ ਕਿਸੇ ਦੀ ਵੀ ਜ਼ਮੀਨ ਇੱਕ ਥਾਂ ਇਕੱਠੀ ਨਹੀਂ ਸੀ ਹੁੰਦੀ। ਅੱਡ ਅੱਡ ਥਾਂ ਖੇਤ ਖਿੱਲਰੇ ਹੁੰਦੇ ਸਨ। ਉਦੋਂ ਜ਼ਮੀਨਾਂ ਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਸੀ ਦਿੰਦਾ। ਥੋੜ੍ਹੀ ਖੇਤੀ ਨਾਲ ਹੀ ਸਬਰ ਕਰ ਲੈਂਦੇ। ਖੇਤੀ ਕਰਨੀ ਔਖੀ ਮੰਨਦੇ ਸਨ। ਸਾਧਨ ਵੀ ਨਹੀਂ ਸਨ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ। ਕਮਾਈ ਘੱਟ ਤੇ ਮਿਹਨਤ ਚੌਵੀ ਘੰਟੇ ਦੀ ਹੁੰਦੀ ਸੀ।
ਪਿੰਡ ਦੇ ਆਲੇ-ਦੁਆਲੇ ਗੋਹੇ-ਕੂੜੇ ਲਈ ਛੋਟੇ ਛੋਟੇ ਟੋਏ ਹੁੰਦੇ ਸਨ। ਸਾਰੇ ਡੰਗਰ ਪਿੰਡ ਦੇ ਅੰਦਰਲੇ ਘਰਾਂ ’ਚ ਹੀ ਬੰਨ੍ਹੇ ਹੁੰਦੇ। ਉਨ੍ਹਾਂ ਦਾ ਗੋਹਾ ਤੜਕੇ ਹੀ ਬਾਹਰ ਟੋਇਆਂ ਵਿੱਚ ਸੁੱਟ ਆਉਂਦੇ। ਓਹੀ ਰਿਓ (ਰੂੜੀ) ਕਣਕ ਵੱਢੀ ਤੋਂ ਗੱਡਿਆਂ ’ਤੇ ਲੱਦ ਕੇ ਕਣਕ ਦੇ ਵੱਢਾਂ ਵਿੱਚ ਢੇਰੀ ਕਰ ਦਿੰਦੇ। ਉਸ ਨੂੰ ਫਿਰ ਛੇਪਰੇ ਟੋਕਰਿਆਂ ਨਾਲ, ਸਿਰ ਤੋਂ ਦੋਵੇਂ ਬਾਹਾਂ ਚੁੱਕ ਕੇ ਟੋਕਰੇ ਨੂੰ ਜ਼ੋਰ ਨਾਲ ਘੁੰਮਾ ਦਿੰਦੇ। ਰਿਓ ਖਿੰਡ ਜਾਂਦਾ। ਉਹ ਦੇਸੀ ਖ਼ਾਦ ਸੌਣੀ ਦੀ ਫ਼ਸਲ ਲਈ ਚੰਗੀ ਹੁੰਦੀ। ਸਾਲ ਭਰ ਜ਼ਮੀਨ ’ਚ ਤਾਕਤ ਰਹਿੰਦੀ। ਉਦੋਂ ਹੋਰ ਕੋਈ ਖ਼ਾਦ, ਯੂਰੀਆ ਵਗੈਰਾ ਨਹੀਂ ਸੀ ਆਏ।
ਇਨ੍ਹਾਂ ਟੋਇਆਂ ਦੇ ਸਾਹਮਣੇ ਟੋਭਾ ਹੁੰਦਾ ਸੀ। ਬਰਸਾਤਾਂ ਦਾ ਪਾਣੀ ਟੋਭੇ ਵਿੱਚ ਆ ਕੇ ਇਕੱਠਾ ਹੁੰਦਾ ਰਹਿੰਦਾ ਤੇ ਗਰਮੀਆਂ ’ਚ ਟੋਭਾ ਸੁੱਕ ਜਾਂਦਾ ਸੀ। ਉਸ ਵਿੱਚੋਂ ਸੁੱਕੇ ਚੀਕਣੀ ਮਿੱਟੀ ਦੇ ਡਲ੍ਹੇ ਪੁੱਟ ਕੇ ਕੱਚੇ ਕੋਠਿਆਂ ਦੇ ਬਨੇਰੇ ਲਿੱਪਣ ਦਾ ਕੰਮ ਗਰਮੀਆਂ ’ਚ ਹੁੰਦਾ ਸੀ। ਢੇਰਾਂ ਦੇ ਉਪਰਲੇ ਪਾਸੇ ਸਾਰੇ ਜੱਟਾਂ ਦੀਆਂ ਵਿੱਘਾ, ਅੱਧਾ ਵਿੱਘਾ, ਪੌਣਾ, ਉਸ ਤੋਂ ਵੀ ਅੱਧਾ, ਜ਼ਮੀਨ ਦਾ ਟੁਕੜਾ, ਸਰਕਾਰੀ ਕਾਗ਼ਜ਼ਾਂ (ਫ਼ਰਦ) ’ਚ ਮਾਲਕ ਦੇ ਨਾਂ ਚੜ੍ਹਿਆ ਹੁੰਦਾ ਸੀ। ਇਹ ਵਿੱਘੜੀਆਂ ਬਹੁਤੀਆਂ ਵਿੱਘੇ ਦੀਆਂ ਹੁੰਦੀਆਂ ਸਨ। ਸ਼ਾਇਦ ਇੱਕ ਵਿੱਘੇ ਦੀਆਂ ਹੋਣ ਕਰਕੇ ਹੀ ਵਿੱਘੜੀ ਨਾਂ ਪੈ ਗਿਆ ਹੋਵੇ। ਉਸ ਵਿੱਚ ਕੋਈ ਸਬਜ਼ੀ ਬੀਜ ਲੈਂਦਾ। ਕੋਈ ਥੋੜ੍ਹੀ ਬਹੁਤੀ ਫਸਲ ਜਾਂ ਖ਼ਰਬੂਜ਼ੇ/ਖੱਖੜੀਆਂ ਲਾ ਲੈਂਦੇ।
ਪਿੰਡ ਦੇ ਆਲੇ-ਦੁਆਲੇ ਖੂਹ/ਖੂਹੀਆਂ ਹੁੰਦੇ ਸਨ। ਉਸ ਵਿੱਚੋਂ ਵਾਰੀ ਨਾਲ ਪਾਣੀ ਲਾ ਲੈਂਦੇ। ਕੋਈ ਪਾਥੀਆਂ ਪੱਥ ਲੈਂਦਾ। ਜਦੋਂ ਕਣਕ ਦੀ ਵਾਢੀ ਹੁੰਦੀ, ਉਦੋਂ ਤੱਕ ਵਿੱਘੜੀਆਂ ਵਿੱਚ ਕੋਈ ਵੀ ਫ਼ਸਲ ਜਾਂ ਹੋਰ ਕੁਝ ਨਹੀਂ ਸੀ ਹੁੰਦਾ। ਕਿਸੇ ਕਿਸੇ ਦੇ ਇੱਕ ਖੇਤ ਇੱਖ਼ ਦਾ ਅਤੇ ਪਸ਼ੂਆਂ ਲਈ ਬਰਸੀਮ ਬੀਜਿਆ ਹੁੰਦਾ। ਪਿੰਡ ਤੋਂ ਖੇਤ ਦੂਰ ਹੋਣ ਕਰਕੇ ਕਣਕ ਦੀਆਂ ਭਰੀਆਂ ਗਾਹੁਣ ਲਈ ਵਿੱਘੜੀਆਂ ’ਚ ਗੱਡਿਆਂ ਉੱਤੇ ਢੋ ਲੈਂਦੇ। ਵਿੱਘੜੀ ਵਿੱਚ ਭਰੀਆਂ ਦੀਆਂ ਖ਼ਲ੍ਹੀਆਂ ਲਾ ਲੈਂਦੇ ਸਨ। ਅਸੀਂ ਨਿਆਣੇ ਖ਼ਲ੍ਹੀਆਂ ਉੱਤੇ ਚੜ੍ਹ ਕੇ ਖੇਡਦੇ ਰਹਿੰਦੇ। ਸਾਡੇ ਤਾਏ ਚਾਚੇ ਸਾਨੂੰ ਘੂਰਦੇ, ‘‘ਓਏ ਜੁਆਕੋ ਖ਼ਲ੍ਹੀਆਂ ’ਚ ਖਾਲੀ ਜਗ੍ਹਾ ਵਿੱਚ ਨਾ ਤਿਲ੍ਹਕ ਜਾਇਓ। ਨਿਕਲ ਨ੍ਹੀਂ ਹੋਣਾ।ਨਾ ਪਤਾ ਲੱਗੇ ਕਿੱਥੇ ਚੀਕਦੇ ਨੇ।’’
ਸਾਰੀਆਂ ਭਰੀਆਂ ਢੋਅ ਕੇ ਉੱਥੇ ਹੀ ਇੱਕ ਪਾਸੇ ਪਿੜ ਵਿੱਚ ਇਕੱਲਾ ਇਕੱਲਾ ਡਾਲ ਫੋਲ ਦਿੰਦੇ। ਉਸ ਉੱਤੇ ਬਲਦ ਗਾਹੁਣ ਲਈ ਗੇੜੇ ਕੱਢਦੇ।ਉਨ੍ਹਾਂ ਦੇ ਪਿੱਛੇ ਜੰਡੀ, ਬੇਰੀ, ਫਲਾਹੀ ਦੀਆਂ ਝਿੰਗਾਂ ਦਾ ਫਲ੍ਹਾ ਬਣਾ ਕੇ, ਰੱਸੇ ਨੂੰ ਪੰਜਾਲੀ ਨਾਲ ਬੰਨ੍ਹ ਦਿੰਦੇ। ਫਲ੍ਹਾ ਚਾਰ ਫੁੱਟ ਚੌੜਾ ਤੇ ਛੇ ਕੁ ਫੁੱਟ ਲੰਮਾ ਆਮ ਹੀ ਹੁੰਦਾ ਸੀ। ਕਈ ਇਸ ਨੂੰ ਚੌਖ਼ੜਾ ਵੀ ਕਹਿ ਦਿੰਦੇ ਸਨ। ਜਦੋਂ ਬਲਦ ਗੋਹਾ ਕਰਨ ਲੱਗਦਾ, ਫਲ੍ਹੇ ਪਿਛਲਾ ਬੰਦਾ ਝੱਟ ਹੱਥਾਂ ’ਚ ਫੋਸ ਬੋਚ ਲੈਂਦਾ। ਅੰਨ ’ਚ ਡਿੱਗਣਾ ਮਾੜਾ ਸਮਝਦੇ ਸਨ। ਬਲਦਾਂ ਦੇ ਮੂਤਰ ਦੇ ਡੱਬਾ ਹੇਠਾਂ ਕਰਕੇ ਅੰਨ ਭਿੱਜਣ ਨਹੀਂ ਸੀ ਦਿੰਦੇ।
ਕੜਕਦੀ ਧੁੱਪ ’ਚ ਕਣਕ ਆਥਣ ਤੱਕ ਗਾਹੀ ਜਾਂਦੀ। ਫਲ੍ਹਾ ਉਦੋਂ ਤੱਕ ਚੱਲਦਾ ਰਹਿੰਦਾ ਜਦੋਂ ਤੱਕ ਗਾਹੀ ਕਣਕ ਉੱਤੋਂ ਬੰਦਾ ਤਿਲ੍ਹਕਣ ਲੱਗ ਜਾਂਦਾ। ਦਾਣੇ ਹੇਠਾਂ ਰਹਿ ਜਾਂਦੇ। ਤੂੜੀ ਉੱਤੇ ਪੈਰ ਤਿਲ੍ਹਕਦਾ। ਸਾਨੂੰ ਨਿਆਣਿਆਂ ਨੂੰ ਚਾਚੇ ਹੋਰੀਂ ਬਾਹਰ ਕੱਢ ਦਿੰਦੇ ਤਾਂ ਕਿ ਅਸੀਂ ਤਿਲ੍ਹਕ ਨਾ ਜਾਈਏ। ਬਲਦ ਵੀ ਫਲ੍ਹੇ ਨੂੰ ਘੁੰਮਾਈ ਫਿਰਦੇ। ਮੁਲਾਇਮ ਚਮਕਦੀ ਤੂੜੀ ’ਤੇ ਬਲਦਾਂ ਨੂੰ ਫਲ੍ਹਾ ਖਿੱਚਣਾ ਰੈਲ੍ਹਾ ਹੋ ਜਾਂਦਾ। ਉਨ੍ਹਾਂ ਦੀਆਂ ਖ਼ੁਰੀਆਂ ਨਾਲ ਕਣਕ ਦੇ ਨਾੜ ਦਾ ਦਲੀਆ ਹੋ ਜਾਂਦਾ। ਗਹਾਈ ਤੋਂ ਪਹਿਲਾਂ ਬਲਦਾਂ ਦੇ ਪੈਰਾਂ ’ਚ ਪੁਰਾਣੀਆਂ ਘਸੀਆਂ ਖ਼ੁਰੀਆਂ ਕਢਾ ਕੇ ਨਵੀਆਂ ਲੁਆ ਲੈਂਦੇ।ਖ਼ੁਰੀਆਂ ਨਾਲ ਕਣਕ ਦਾ ਨਾੜ ਛੇਤੀ ਗਾਹਿਆ ਜਾਂਦਾ। ਉਨ੍ਹਾਂ ਦਿਨਾਂ ’ਚ ਖ਼ੁਰੀਆਂ ਲਾਉਣ ਵਾਲੇ ਲੁਹਾਰ ਦਾ ਕੰਮ ਜ਼ੋਰਾਂ ’ਤੇ ਹੋਣ ਕਰਕੇ ਮਸਾਂ ਲੱਭਦਾ। ਉਹ ਬਲਦ ਦੀ ਵੱਖੀ ’ਚ ਕੂਹਣੀ ਮਾਰ ਕੇ ਸੁੱਟ ਲੈਂਦਾ। ਉਸ ਦੀਆਂ ਲੱਤਾਂ ਇਕੱਠੀਆਂ ਕਰਕੇ ਨੂੜ ਲੈਂਦਾ। ਤੇਜ਼ੀ ਨਾਲ ਖ਼ੁਰੀਆਂ ਲਾ ਕੇ, ਬਲਦ ਨੂੰ ਛੱਡ ਦਿੰਦਾ। ਉਸ ਦੇ ਨਾਲ ਬਲਦ ਵਾਲੇ ਮਦਦ ਕਰਦੇ।
ਜਦੋਂ ਪੂਰੀ ਤਸੱਲੀ ਹੋ ਜਾਂਦੀ ਕਿ ਨਾੜ ਦਾ ਮੈਦਾ ਹੋ ਗਿਆ। ਦਾਣੇ, ਤੂੜੀ ਤੇ ਘੁੰਡੀਆਂ ਰਲੇ ਹੋਇਆਂ ਨੂੰ ਇਕੱਠਾ ਕਰਕੇ ਲੰਮੀ ਧੜ੍ਹ ਬਣਾ ਲੈਂਦੇ। ਹਵਾ ਆਈ ਤੋਂ ਉਸ ਨੂੰ ਤੰਗਲੀਆਂ ਨਾਲ ਉਡਾ ਲੈਂਦੇ। ਦਾਣੇ ਅੱਡ ਤੇ ਤੂੜੀ ਅੱਡ ਹੋ ਜਾਂਦੇ। ਥੋੜ੍ਹੀਆਂ ਘੂੰਡੀਆਂ ਵਿੱਚ ਦਾਣੇ ਰਹਿ ਜਾਂਦੇ ਤਾਂ ਉਨ੍ਹਾਂ ਨੂੰ ਕੁੱਟ ਕੇ ਦਾਣੇ ਕੱਢ ਲਏ ਜਾਂਦੇ। ਦਾਣਿਆਂ ਦਾ ਬੋਹਲ ਲੱਗ ਜਾਂਦਾ। ਬੋਹਲ ਵਿੱਚੋਂ ਤਰਖ਼ਾਣਾਂ, ਲੁਹਾਰਾਂ, ਗੋਹਾ-ਕੂੜਾ ਚੁੱਕਣ ਵਾਲੇ, ਨਾਈਆਂ, ਜਿਹੜੇ ਵੀ ਕਿਸਾਨ ਦੇ ਸਾਰਾ ਸਾਲ ਕੋਈ ਨਾ ਕੋਈ ਕੰਮ ਕਰਦੇ ਸੀ, ਨੂੰ ਹਿੱਸੇ ਅਨੁਸਾਰ ਦਾਣੇ ਦੇ ਦਿੱਤੇ ਜਾਂਦੇ। ਬਾਕੀ ਦਾ ਬੋਹਲ ਦੋਲਿਆਂ ਦੀਆਂ ਪੰਡਾਂ ਬੰਨ੍ਹ ਕੇ ਦਾਣੇ ਘਰ ਦੇ ਇੱਕ ਖੂੰਜੇ ਰੱਖ ਲਏ ਜਾਂਦੇ। ਘਰ ਦਾ ਖ਼ਰਚ ਚਲਾਉਣ ਲਈ ਪੰਡਾਂ ਦਾ ਗੱਡਾ ਭਰ ਕੇ ਆੜਤੀਆਂ ਦੇ ਵੇਚ ਦਿੰਦੇ। ਫ਼ਸਲ ਆਉਣ ਤੋਂ ਪਹਿਲਾਂ ਉਧਾਰ ਲਏ ਪੈਸੇ, ਆੜਤੀਏ ਕੱਟ ਲੈਂਦੇ। ਬਾਕੀ ਪੈਸਿਆਂ ਵਿੱਚੋਂ ਵੀ ਫੇਰ ਉਧਾਰ ਦੇਣ ਲਈ ਜਮ੍ਹਾਂ ਕਰ ਲੈਂਦੇ। ਜਿੰਨੇ ਕੁ ਬਚਦੇ ਉਹ ਲੈ ਕੇ ਸੌਦੇ-ਪੱਤੇ ਲੈ ਕੇ ਗੱਡੇ ’ਤੇ ਰੱਖ ਕੇ ਘਰ ਆ ਜਾਂਦੇ। ਉਦੋਂ ਇੱਕੋ ਕਿਸਮ ਦੀ ਦੇਸੀ ਕਣਕ ਹੁੰਦੀ ਸੀ। ਪਿੜ੍ਹ ਵਿੱਚੋਂ ਤੂੜੀ ਦੀਆਂ ਪੰਡਾਂ ਬੰਨ੍ਹ ਕੇ ਘਰ ’ਚ ਨੀਵੀਂ ਕੋਠੜੀ ਵਿੱਚ ਸੁੱਟ ਲੈਂਦੇ। ਸਾਰਾ ਸਾਲ ਪਸ਼ੂਆਂ ਨੂੰ ਖਲ਼-ਵੜੇਵਿਆਂ ਵਿੱਚ ਤੂੜੀ ਰਲ੍ਹਾ ਕੇ ਸੰਨ੍ਹੀਂ ਕਰਕੇ ਪਾਉਂਦੇ। ਬਰਸੀਮ ਦਾ ਟੋਕਾ ਕਰਕੇ ਉਸ ਵਿੱਚ ਤੂੜੀ ਰਲਾ ਕੇ ਡੰਗਰਾਂ ਨੂੰ ਰਜਾ ਦਿੰਦੇ।
ਜਦੋਂ ਮੱਕੀ ਪੱਕ ਜਾਂਦੀ ਤਾਂ ਵੱਢ ਕੇ ਪੂਲੀਆਂ ਬੰਨ੍ਹ ਲੈਂਦੇ। ਪੂਲੀਆਂ ਨੂੰ ਗੱਡੇ ’ਤੇ ਲੱਦ ਕੇ ਵਿੱਘੜੀਆਂ ’ਚ ਲੈ ਆਉਂਦੇ। ਖੜ੍ਹੀਆਂ ਪੂਲੀਆਂ ਦੇ ਜੋਟੇ ਬਣਾ ਕੇ ਲੰਮੀ ਧੜ ਬਣ ਜਾਂਦੀ। ਇਸ ਵਿੱਚੋਂ ਹਵਾ ਨਿਕਲਦੀ ਰਹਿਣੀ ਚਾਹੀਦੀ ਹੁੰਦੀ ਸੀ ਤਾਂ ਕਿ ਮੱਕੀ ਗ਼ਮ (ਉਲ੍ਹੀ) ਨਾ ਲੱਗ ਜਾਵੇ। ਜਦੋਂ ਛੱਲੀਆਂ ਤੇ ਟਾਂਡੇ ਸੁੱਕ ਜਾਂਦੇ ਤਾਂ ਇਕੱਲੀ ਇਕੱਲੀ ਪੂਲੀ ਚੁੱਕ ਕੇ ਛੱਲੀਆਂ, ਪੜਦਿਆਂ ਵਿੱਚੋਂ ਕੱਢ ਕੇ ਬੋਹਲ ਲੱਗ ਜਾਂਦਾ। ਟਾਹਲੀ ਅਤੇ ਤੂਤ ਦੇ ਮੋਟੇ ਸੋਟਿਆਂ ਨਾਲ ਛੱਲੀਆਂ ਨੂੰ ਕੁੱਟ ਦਿੰਦੇ। ਦਾਣੇ ਹੇਠਾਂ ਚਲੇ ਜਾਂਦੇ, ਗੁਲ੍ਹੇ ਉੱਪਰ ਰਹਿ ਜਾਂਦੇ। ਜਦੋਂ ਘਰ ਦੇ ਤਿੰਨ ਚਾਰ ਬੰਦੇ ਬੋਹਲ ਉੱਤੇ ਸੋਟੇ ਮਾਰਦੇ ਤਾਂ, ‘‘ਹਈ ਛਾ, ਹੋ ਹਈ ਛਾ’’ ਇਕੱਠੇ ਬੋਲ ਕੇ ਵਾਰੀ ਵਾਰੀ ਸੋਟੇ ਵਰ੍ਹਦੇ। ਜਿਹੜੇ ਗੁਲ੍ਹਿਆਂ ਨਾਲ ਕੋਈ ਦਾਣਾ ਰਹਿ ਜਾਂਦਾ ਉਹ ਬਾਅਦ ’ਚ ਹੱਥਾਂ ਨਾਲ ਭੋਰ ਲੈਂਦੇ।
ਵਿੱਘੜੀਆਂ ਤੋਂ ਇਸ ਤਰ੍ਹਾਂ ਖੇਤੀ ਦਾ ਕੰਮ ਲਿਆ ਜਾਂਦਾ ਸੀ। ਜਦੋਂ ਪਿੜ੍ਹ ਵਿਹਲੇ ਹੁੰਦੇ ਤਾਂ ਮੌਸਮ ਨਾਲ ਚਰ੍ਹੀ ਬੀਜ ਲਈ ਜਾਂਦੀ। ਕਦੇ ਮੱਝਾਂ ਵੀ ਬੰਨ੍ਹ ਲਈਆਂ ਜਾਂਦੀਆਂ। ਜੇ ਫੇਰ ਵੀ ਕਈ ਵਾਰ ਮਹੀਨਾ ਦੋ ਮਹੀਨੇ ਵਿਹਲੀ ਹੁੰਦੀ ਤਾਂ ਤੂਤ ਦੀਆਂ ਛਟੀਆਂ, ਛੱਲੀਆਂ ਕੱਢੇ ਹੋਏ ਬੰਦ (ਟਾਂਡੇ) ਪਏ ਰਹਿੰਦੇ। ਗਰਮੀਆਂ ਵਿੱਚ ਉਨ੍ਹਾਂ ਨੂੰ ਬਰਸੀਮ ’ਚ ਟੋਕਾ ਕਰਕੇ ਮੱਝਾਂ ਨੂੰ ਪਾਉਂਦੇ।
ਕਈ ਵਾਰ ਵਿੱਘੜੀਆਂ ਦੀ ਵੱਟ ਪਿੱਛੇ ਰੌਲੇ ਵੀ ਮਰਨ ਮਾਰਨ ਤੱਕ ਚਲੇ ਜਾਂਦੇ। ਸਾਡੇ ਦੋਹਾਂ ਘਰਾਂ ਦੇ ਬਾਬੇ ਮੇਰੀ ਸੁਰਤ ਤੋਂ ਪਹਿਲਾਂ ਦੇ ਹੀ ਅੱਡ ਹੋ ਗਏ ਸਨ। ਜ਼ਮੀਨ ਅਤੇ ਵਿੱਘੜੀਆਂ ਵੰਡ ਲਈਆਂ ਗਈਆਂ ਸਨ। ਕਾਫ਼ੀ ਸਾਲਾਂ ਬਾਅਦ ਵਿੱਘੜੀਆਂ ਦੀ ਵੱਟ ਦਾ ਰੌਲਾ ਪੈ ਗਿਆ। ਦੋਵੇਂ ਧਿਰਾਂ ਕਹਿਣ ਸਾਂਝੀ ਵੱਟ ’ਚ ਕਰਮ ਦੀ ਕਾਣ ਪਈ ਹੋਈ ਹੈ। ਸਿੱਧੀ ਕਰਨੀ ਹੈ।ਉਨ੍ਹਾਂ ਨੇ ਇੱਕ ਦੂਜੇ ਦੀ ਨਾ ਮੰਨੀ। ਰਿਸ਼ਤੇਦਾਰ ਵਿੱਚ ਪਏ। ਫ਼ੈਸਲਾ ਫੇਰ ਨਾ ਕਰ ਸਕੇ। ਦੋਹਾਂ ਦੀ ਘੁਰ ਘੁਰ ਹੁੰਦੀ ਰਹਿੰਦੀ। ਕਈ ਵਾਰ ਓਧਰੋ ਓਧਰੀ ਇੱਟਾਂ ਰੋੜੇ ਵੀ ਚੱਲ ਚੁੱਕੇ ਸਨ। ਇੱਕ ਦਿਨ ਦੋਵੇਂ ਆਹਮੋ-ਸਾਹਮਣੇ ਹੋਣ ਲਈ ਤਿਆਰ ਹੋ ਗਏ। ਚਾਚੇ ਹੋਰਾਂ ਨੇ ਛੇ ਸੱਤ ਵੱਡੀਆਂ ਬਾਂਸ ਦੀਆਂ ਨਿੱਗਰ ਡਾਗਾਂ ਖੰਨੇ ਤੋਂ ਲੈ ਆਂਦੀਆਂ। ਚਾਚੇ ਹੋਰੀਂ ਇੱਕੋ ਜਿਹੇ ਜਵਾਨ ਸਨ।ਪਿੰਡ ’ਚ ਪਤਾ ਲੱਗ ਗਿਆ ਕਿ ਲੜਾਈ ਹੋਣ ਨੂੰ ਤਿਆਰ ਹੈ। ਲੋਕ ਲੜਾਈ ਦੀ ਸੂਹ ਲੈਣ ਲਈ ਕੰਨ ਭੰਨ੍ਹਦੇ ਰਹੇ।
ਸਾਡੀਆਂ ਮਾਵਾਂ ਭੈਣਾਂ ਦੇ ਹੌਲ ਪੈਂਦਾ, ‘ਅੱਜ ਕੋਈ ਮਰੂ।’ ਉਦੋਂ ਪਿੰਡਾਂ ਵਿੱਚ ਡਾਗਾਂ, ਬਰਛੇ, ਗੰਡਾਸੇ ਤੇ ਕਿਰਪਾਨਾਂ ਨਾਲ ਲੜਾਈਆਂ ਹੁੰਦੀਆਂ ਸਨ।ਕਿਸੇ ਕਿਸੇ ਵੈਲੀ ਬੰਦੇ ਕੋਲ ਦੇਸੀ ਪਿਸਤੌਲ ਜਾਂ ਬਾਰਾਂ ਬੋਰ ਦੀ ਦੋਨਾਲੀ ਰਾਈਫ਼ਲ ਹੁੰਦੀ ਸੀ। ਸਾਡੇ ਲਾਣੇ ਏਨੇ ਜੋਗੇ ਨਹੀਂ ਸੀ। ਦੂਰੋਂ ਦੂਰੋਂ ਹੀ ਵਿਹੁ ਘੋਲਣ ਜਾਂ ਸੋਟੀਆਂ ਨਾਲ ਲੜਨ ਵਾਲੇ ਹੀ ਸਨ।
ਦੋਹਾਂ ਪਰਿਵਾਰਾਂ ਨੇ ਦਿਨ ਮਿੱਥ ਲਿਆ ਕਿ ਫਲਾਣੇ ਦਿਨ ਵੱਟ ਵੱਢ ਕੇ ਦਿਖਾਓ। ਉਸ ਦਿਨ ਪੂਰਾ ਤਣਾਅ ਬਣਿਆ ਹੋਇਆ ਸੀ। ਦੋਵੇਂ ਧਿਰਾਂ ਇੱਕ ਦੂਜੇ ’ਤੇ ਲੂਹਰੀਆਂ ਲੈਂਦੀਆਂ ਸਨ ਕਿ ਕਿਹੜੇ ਵੇਲੇ ਵਿੱਘੜੀ ’ਚ ਆਉਣ। ਡਾਂਗਾਂ ਨਾਲ ਛੱਲੀਆਂ ’ਚੋਂ ਗੁਲ੍ਹੇ ਕੱਢਣ ਵਾਂਗ ਕੁੱਟ ਦਿਆਂਗੇ। ਦੂਜਾ ਪਰਿਵਾਰ ਵੀ ਇਸੇ ਤਰ੍ਹਾਂ ਸੋਚਦਾ ਹੋਵੇਗਾ। ਮੈਨੂੰ ਆਪਣੇ ਚਾਚੇ ਹੋਰਾਂ ਦਾ ਪਤਾ ਸੀ। ਸਾਡੇ ਸਾਰੇ ਬੰਦੇ ਡਾਂਗਾਂ ਲੈ ਕੇ ਮਿੱਥੇ ਦਿਨ ਸਵੇਰੇ ਹੀ ਵਿੱਘੜੀ ਵਿੱਚ ਜਾ ਖੜ੍ਹੇ। ਉਨ੍ਹਾਂ ਦੀ ਉਡੀਕ ਕਰਨ ਲੱਗ ਪਏ।
ਪਿੰਡ ਦੀਆਂ ਜ਼ਨਾਨੀਆਂ ਦਰਵਾਜ਼ੇ ਉੱਤੇ ਅਤੇ ਬੰਦੇ ਦਰਵਾਜ਼ੇ ਦੇ ਬਾਹਰ ਖੜ੍ਹੇ ਦੇਖ ਰਹੇ ਸਨ। ਉਨ੍ਹਾਂ ਨੂੰ ਜਾਪਦਾ ਕਿ ਹੁਣੇ ਦੂਜੇ ਬੰਦੇ ਆਉਣਗੇ, ਲੜਾਈ ਹੋਵੇਗੀ। ਕਈਆਂ ਦੇ ਸਾਹ ਸੂਤੇ ਪਏ ਸਨ ਕਿ ਖ਼ੂਨ ਖ਼ਰਾਬਾ ਨਹੀਂ ਹੋਣਾ ਚਾਹੀਦਾ। ਕਈ ਤਮਾਸ਼ਬੀਨ ਖ਼ੁਸ਼ ਹੋ ਰਹੇ ਸਨ। ਜ਼ਨਾਨੀਆਂ ਦਹਿਲ ਗਈਆਂ ਸਨ। ਉਹ ਸੋਚਦੀਆਂ ਹੋਣਗੀਆਂ, ਮਾਵਾਂ ਦੇ ਪੁੱਤ ਲੜ ਕੇ ਕਿਉਂ ਮਰਨ। ਉਨ੍ਹਾਂ ਦਾ ਕਲੇਜਾ ਬਾਹਰ ਨੂੰ ਆ ਰਿਹਾ ਸੀ।
ਸਮਾਂ ਲੰਘਦਾ ਜਾ ਰਿਹਾ ਸੀ ਵਿਰੋਧੀ ਅਜੇ ਆ ਨਹੀਂ ਸੀ ਰਹੇ। ਉਨ੍ਹਾਂ ਦਾ ਪਤਾ ਵੀ ਨਹੀਂ ਸੀ ਕਿੱਥੇ ਗਏ ਹੋਏ ਸਨ। ਤਮਾਸ਼ਬੀਨ ਸੋਚ ਰਹੇ ਸਨ ਕਿ ਉਹ ਵੀ ਖੰਨੇ/ ਸਮਰਾਲੇ ਤੋਂ ਡਾਂਗਾਂ ਲੈ ਕੇ ਆ ਰਹੇ ਹੋਣਗੇ।
ਮੈਂ ਛੋਟਾ ਹੀ ਸੀ ਪਰ ਮੇਰਾ ਸਾਰਾ ਕੁਝ ਅੱਖੀਂ ਵੇਖਿਆ ਹੋਇਆ ਹੈ। ਪਹਿਲਾਂ ਮੈਂ ਵੀ ਵਿੱਘੜੀ ਵਿੱਚ ਚਲਾ ਗਿਆ। ਬਾਪੂ ਨੇ ਮੈਨੂੰ ਘਰ ਵੱਲ ਨਠਾ ਦਿੱਤਾ। ਫਿਰ ਵੀ ਮੈਂ ਦਰਵਾਜ਼ੇ ਵਿੱਚ ਲੋਕਾਂ ’ਚ ਖੜ੍ਹ ਕੇ ਦੇਖਦਾ ਰਿਹਾ।
ਦੁਪਹਿਰ ਤੋਂ ਪਹਿਲਾਂ ਮੱਲਮਾਜਰੇ ਤੋਂ ਮੇਰੇ ਬਾਬਿਆਂ ਦਾ ਭਾਣਜਾ ਰਾਮ ਸਿੰਘ, ਸਿੱਧਾ ਵਿੱਘੜੀ ’ਚ ਆ ਗਿਆ। ਉਸ ਨੂੰ ਦੂਜੇ ਪਰਿਵਾਰ ਨੇ ਸੱਦਿਆ ਸੀ। ਉਸ ਨੇ ਚਾਚੇ ਹੋਰਾਂ ਨੂੰ ਪਤਾ ਨਹੀਂ ਕੀ ਕਿਹਾ ਕਿ ਉਨ੍ਹਾਂ ਤੋਂ ਡਾਂਗਾਂ ਰਖਵਾ ਦਿੱਤੀਆਂ। ਪਿੰਡ ’ਚ ਵਸੋਂ ਵਾਲੇ ਘਰ ਲੈ ਆਇਆ। ਉਸ ਨੇ ਦੱਸਿਆ ਕਿ ਉਹ ਸਮਝੌਤਾ ਕਰਾ ਦੇਵੇਗਾ। ਲੜਨ ਦਾ ਕੋਈ ਫ਼ਾਇਦਾ ਨਹੀਂ। ਉਸ ਨੇ ਆਪ ਜ਼ਿੰਮੇਵਾਰੀ ਲੈ ਲਈ। ਜਿਹੜੀ ਚਿੰਤਾ ਸਾਰੇ ਪਿੰਡ ਨੂੰ ਸੀ ਉਹ ਟਲ ਗਈ। ਰਾਮ ਸਿੰਘ ਨੇ ਇੱਕ ਵਾਰ ਫ਼ੈਸਲਾ ਟਾਲ ਦਿੱਤਾ। ਮੁੜ ਕੇ ਦੋਹਾਂ ਪਰਿਵਾਰਾਂ ਨੂੰ ਲੜਾਈ ਝਗੜੇ ਵਿੱਚ ਪੈਣ ਹੀ ਨਹੀਂ ਦਿੱਤਾ। ਉਹ ਦੋਹਾਂ ਪਰਿਵਾਰਾਂ ਦਾ ਸਾਂਝਾ ਭਾਣਜਾ ਸੀ। ਸਾਡੇ ਬਾਬੇ ਆਪਸ ਵਿੱਚ ਭਰਾ ਸਨ।
ਉਦੋਂ ਦੀ ਗੱਲ ਟਲਦੀ ਗਈ ਤੇ ਹੁਣ ਵਿੱਘੜੀਆਂ ਉਸੇ ਤਰ੍ਹਾਂ ਹਨ, ਜਿਵੇਂ ਪਹਿਲਾਂ ਸਨ। ਹੁਣ ਫ਼ਰਕ ਇਹ ਹੈ ਕਿ 60 ਕੁ ਸਾਲ ਪਹਿਲਾਂ ਘਰਦਿਆਂ ਨੇ ਬਲਦਾਂ ਅਤੇ ਮੱਝਾਂ ਲਈ ਵਿੱਘੜੀ ’ਚ ਮਕਾਨ ਪਾ ਲਿਆ ਸੀ। ਉਸ ਵੇਲੇ ਹਰੀ ਕ੍ਰਾਂਤੀ ਪੂਰੇ ਜ਼ੋਰਾਂ ’ਤੇ ਕਿਸਾਨਾਂ ਨੂੰ ਨਾਗਵਲ਼ ਪਾ ਚੁੱਕੀ ਸੀ। ਆਰਥਿਕ ਤੌਰ ’ਤੇ ਖ਼ੁਸ਼ਹਾਲ ਹੋ ਰਹੇ ਸਨ। ਵਿੱਘੜੀ ਵਿੱਚ ਕਣਕ ਗਾਹੁਣ ਲਈ ਤੇ ਛੱਲੀਆਂ ਕੁੱਟਣ ਦੀ ਬਜਾਏ ਖੇਤ ਵਿੱਚ ਹੀ ਡਰੰਮੀਆਂ ਆ ਗਈਆਂ ਸਨ।ਵਿੱਘੜੀਆਂ ਵਿੱਚ ਡੰਗਰ ਅਤੇ ਟਰੈਕਟਰ ਲਈ ਥਾਂ ਹੋ ਗਈ ਸੀ। ਟਰੈਕਟਰ ਨਾਲ ਹੋਰ ਮਸ਼ੀਨਰੀ ਵੀ ਆ ਗਈ। ਪਿੰਡ ਵਿਚਲੇ ਘਰਾਂ ’ਚ ਥਾਂ ਹੀ ਨਹੀਂ ਸੀ। ਭੀੜੀਆਂ ਬੀਹੀਆਂ ’ਚ ਤਾਂ ਸਕੂਟਰ ਵੀ ਨਹੀਂ ਸੀ ਰੱਖੇ ਜਾ ਸਕਦੇ। ਦੇਖਾ ਦੇਖੀ ਹੋਰ ਵਿੱਘੜੀਆਂ ਵਿੱਚ ਵੀ ਮਕਾਨ ਪਾਉਣੇ ਲੋੜ ਬਣ ਗਏ ਸਨ। ਕਿੱਲਾ-ਬੰਦੀ ’ਚ ਫਿਰਨੀਆਂ ਉੱਤੇ ਵਿੱਘੜੀਆਂ (ਆਬਾਦੀਆਂ) ਨਾਲ ਆਉਣ ਜਾਣ ਲਈ ਖੁੱਲ੍ਹਾ ਰਸਤਾ ਮਿਲ ਗਿਆ ਸੀ। ਵੀਹਾਂ ਕੁ ਸਾਲਾਂ ਵਿੱਚ ਬਹੁਤਿਆਂ ਨੇ ਵਿਗੜੀਆਂ ਮਕਾਨਾਂ ਨਾਲ ਰੋਕ ਲਈਆਂ ਸਨ। ਭਾਵੇਂ ਰਿਹਾਇਸ਼ ਅੰਦਰਲੇ ਘਰਾਂ ਵਿੱਚ ਹੀ ਰੱਖੀ ਸੀ। ਹੌਲੀ ਹੌਲੀ ਰਿਹਾਇਸ਼ ਵੀ ਵਿੱਘੜੀਆਂ ਵਿੱਚ ਹੀ ਆ ਗਈ ਸੀ। ਹਰੀ ਕ੍ਰਾਂਤੀ ਨਾਲ ਫ਼ਸਲ ਵੀ ਜ਼ਿਆਦਾ ਹੋਣ ਕਰਕੇ ਆਮਦਨ ਵੀ ਵਧ ਗਈ ਸੀ। ਕਿਸਾਨਾਂ ਨੇ ਵਿੱਘੜੀਆਂ ’ਚ ਵੱਡੇ ਵਿਹੜਿਆਂ ਵਾਲੇ ਵੱਡੇ ਮਕਾਨ (ਕੋਠੀਆਂ) ਪਾ ਲਏ ਸਨ ਤਾਂ ਹੀ ਮਸ਼ੀਨਰੀ ਅਤੇ ਡੰਗਰਾਂ ਦਾ ਸਰਦਾ ਸੀ।
ਪਿੰਡ ਵਿਚਲੇ, ਜਿਨ੍ਹਾਂ ਨੂੰ ਘਰ ਕਹਿੰਦੇ ਸੀ, ਵੇਚ ਦਿੱਤੇ ਗਏ ਜਾਂ ਢਾਹ ਕੇ ਇੱਟਾਂ ਚੁੱਕ ਲਿਆਏ। ਹੁਣ ਪਿੰਡ ਵਿਚਲੇ ਘਰਾਂ ਦੀ ਥਾਂ ਗੱਡੀਆਂ ਵਾਲੇ ਤੇ ਪਰਵਾਸੀ ਰਹਿਣ ਲੱਗ ਪਏ। ਵੱਡੇ ਵੱਡੇ ਸਫ਼ੈਦੇ ਉੱਗ ਆਏ। ਪਿੰਡ ਹੁਣ ਪਿੰਡ ਨਹੀਂ ਰਿਹਾ। ਫਿਰਨੀਆਂ ਦੇ ਅੰਦਰ ਆਬਾਦੀਆਂ ’ਚ ਇਕੱਲੇ ਇਕੱਲੇ ਘਰ ਹਨ। ਪਿੰਡ ਵਾਂਗ ਬੀਹੀਆਂ ਨਹੀਂ। ਬਨੇਰੇ ਨਾਲ ਬਨੇਰਾ ਨਹੀਂ ਜੁੜਿਆ ਹੋਇਆ। ਕੋਈ ਛੋਟੇ ਤੇ ਵੱਡੇ ਦਰਵਾਜ਼ੇ ਵਿੱਚੀਂ ਲੰਘ ਕੇ ਘਰ ਨਹੀਂ ਜਾਂਦਾ।ਓਹ ਟੋਭਾ ਨਹੀਂ। ਉਸ ਦੀ ਥਾਂ ਗੰਦਾ ਛੱਪੜ ਹੈ। ਗੰਦੇ ਟੋਭੇ ਵਿੱਚ ਮੱਝਾਂ ਨਹੀਂ ਨਹਾਉਂਦੀਆਂ। ਟੋਭੇ ਨੇੜੇ ਉਹ ਪਿੱਪਲ/ਬਰੋਟੇ ਨਹੀਂ, ਜਿੱਥੇ ਮੰਜਾ ਡਾਹ ਕੇ ਦੁਪਹਿਰਾ ਸੌਂ ਕੇ ਕੱਟਦੇ ਸੀ। ਮੈਂ ਉੱਥੇ ਹੀ ਮੰਜੇ ਉੱਤੇ ਪਏ ਨੇ ਜਸਵੰਤ ਕੰਵਲ ਦਾ ‘ਹਾਣੀ’ ਨਾਵਲ ਇੱਕੋ ਸਾਹ ਪੜ੍ਹਿਆ ਸੀ।
ਉਦੋਂ ਇਨ੍ਹਾਂ ਵਿੱਘੜੀਆਂ ਨੂੰ ਨਿਆਈਆਂ ਆਮ ਹੀ ਕਹਿੰਦੇ ਸਨ। ਪਿੰਡ ਤੋਂ ਦੂਰ ਕਈ ਪਰਿਵਾਰਾਂ ਦੇ ਖੇਤਾਂ ਦਾ ਵੀ ਝਗੜਾ ਹੁੰਦਾ ਸੀ। ਵੰਡ ’ਚ ਜੇ ਕਿਸੇ ਨੂੰ ਪੂਰੀ ਜ਼ਮੀਨ ਨਹੀਂ ਸੀ ਆਉਂਦੀ। ਇੱਕ ਪਾਸੇ ਵਿਸਵਿਆਂ ’ਚ ਜ਼ਮੀਨ ਦੇ ਟੱਕ ਫਾਲਤੂ ਰਹਿ ਜਾਂਦੇ। ਉਹ ਕਿਸੇ ਵੰਡ ’ਚ ਲੋਟ ਨਹੀਂ ਸੀ ਆਉਂਦੇ ਤਾਂ ਦੋਹਾਂ ਪਰਿਵਾਰਾਂ ਦਾ ਝਗੜਾ ਹੋ ਜਾਂਦਾ। ਦੋਵੇਂ ਉਸ ਟੁਕੜੇ ’ਤੇ ਆਪੋ ਆਪਣਾ ਹੱਕ ਜਤਾਉਂਦੇ। ਜ਼ਮੀਨ ਦੇ ਦਸ ਕੁ ਮਰਲੇ ਬਾਕੀ ਜ਼ਮੀਨ ਨਾਲੋਂ ਵਿੱਘੜ ਗਈ ਹੈ। ਕਈਆਂ ਦੇ ਸਾਂਝੇ ਪਰਿਵਾਰਾਂ ਦੀ ਖੂਹ ਦੇ ਨੱਕੇ ਜਿਹਾ ਮਰਲਿਆਂ ਦੀ ਜ਼ਮੀਨ ਦਾ ਟੁਕੜਾ ਬਚ ਜਾਂਦਾ। ਉਹ ਦੋਵੇਂ ਲੈਣਾ ਚਾਹੁੰਦੇ ਪਰ ਲੜਾਈ ਝਗੜੇ ਦਾ ਥਾਂ ਬਣਦਾ।
ਬਾਬੇ ਨੇ ਬਹੁਤ ਨਰਮੀ ਨਾਲ ਕਹਿ ਕੇ ਵੇਖ ਲਿਆ। ਉਹ ਫੇਰ ਵਿੱਘੜੀ ਦੀ ਵੱਟ ਦਾ ਰੌਲਾ ਪਾ ਲੈਂਦੇ। ਅੱਕ ਕੇ ਬਾਬਾ ਆਪਣੇ ਰਾਮ ਸਿੰਘ ਕੋਲ ਫ਼ੈਸਲਾ ਕਰਾਉਣ ਲਈ ਚਲਾ ਗਿਆ। ਉਸ ਨੇ ਪਹਿਲਾਂ ਤਾਂ ਮੋੜ ਦਿੱਤਾ। ਬਾਬਾ ਦੂਜੀ ਵਾਰ ਗਿਆ ਤਾਂ ਨਾਲ ਆ ਗਿਆ। ਉਹ ਸਿੱਧਾ ਅੱਡ ਹੋਏ ਬਾਬੇ ਕੋਲ ਗਿਆ। ਉਹ ਬਾਬਾ ਚਲਾਕ ਸੀ। ਉਸ ਨੇ ਰਾਮ ਸਿੰਘ ਨੂੰ ਜਚਾ ਦਿੱਤਾ ਕਿ ਵਿੱਘੜੀ ਉਨ੍ਹਾਂ ਦੇ ਹਿੱਸੇ ਆਉਂਦੀ ਹੈ। ਰਾਮ ਸਿੰਘ ਨੇ ਬਾਬੇ ਨੂੰ ਫੇਰ ਟਾਲ ਦਿੱਤਾ। ਦੋ ਕੁ ਸਾਲ ਰਾਮ ਸਿੰਘ ਕੋਈ ਵੀ ਫ਼ੈਸਲਾ ਨਾ ਕਰਾ ਸਕਿਆ। ਉਨ੍ਹਾਂ ਨੇ ਉਸ ਨੂੰ ਆਪਣੇ ਹੱਥ ’ਚ ਕਰ ਲਿਆ। ਟਾਲ-ਮਟੋਲ ਕਰੀ ਜਾ ਰਿਹਾ ਸੀ।ਬਾਪੂ ਤੇ ਚਾਚੇ ਹੋਰੀਂ ਬਾਬੇ ਨੂੰ ਕਹਿਣ, ਅਸੀਂ ਫ਼ੈਸਲਾ ਕਰਾਉਦੇ ਹਾਂ। ਨਹੀਂ ਫਿਰ ਸਿੱਧੇ ਹੋ ਕੇ ਡਾਂਗਾਂ ਚੁੱਕ, ਕਬਜ਼ਾ ਲੈ ਕੇ ਰਹਾਂਗੇ।
ਬਾਬੇ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਨੂੰ ਚੁੱਪ ਰਹਿਣ ਲਈ ਕਹਿ ਦਿੱਤਾ ਕਿ ਉਹ ਆਪ ਰਾਮ ਸਿੰਘ ਰਾਹੀਂ ਫ਼ੈਸਲਾ ਕਰਾਏਗਾ। ਬਾਬਾ ਚੀੜ੍ਹਾ ਤੇ ਸਿਰੜੀ ਸੀ। ਚਿੱਟੀ ਖੁੱਲ੍ਹੀ ਦਾੜ੍ਹੀ। ਢਿਲਕੀ ਚਿੱਟੀ ਪੱਗ, ਹੱਥ ’ਚ ਤੂਤ ਦੀ ਸੋਟੀ।ਸਰੀਰ ਪਤਲਾ, ਕੱਦ ਦਰਮਿਆਨਾ, ਨੱਕ ’ਤੇ ਢਿਲਕੀਆਂ ਮੋਟੀਆਂ ਐਨਕਾਂ, ਸਾਧਾਰਰ ਚਿੱਟਾ ਕੁੜਤਾ ਪਜਾਮਾ ਪਾਇਆ ਹੁੰਦਾ ਸੀ।
ਜਦੋਂ ਕੋਈ ਚਾਰਾ ਨਾ ਚਲਦਾ ਦੇਖਿਆ। ਬਾਬਾ ਅੱਕ ਕੇ ਰਾਮ ਸਿੰਘ ਦੇ ਘਰ ਜਾ ਵੜਿਆ। ਉਨ੍ਹਾਂ ਨਾਲ ਵਿੱਘੜੀ ਬਾਰੇ ਗੱਲ ਕੀਤੀ। ਰਾਮ ਸਿੰਘ ਅੜ ਗਿਆ ਕਿ ਉਹ ਮੰਨਦੇ ਨਹੀਂ। ਬਾਬਾ ਕਹੇ, ‘‘ਮੇਰੇ ਨਾਲ ਹੁਣੇ ਉੱਠ ਕੇ ਤੁਰ। ਅੱਜ ਹੀ ਫ਼ੈਸਲਾ ਕਰਾ। ਵਾਰ ਵਹਰ ਹੁਣ ਨਹੀਂ ਕਹਿਣਾ।’’ ਰਾਮ ਸਿੰਘ ਨਾ ਮੰਨਿਆ। ਬਾਬਾ ਉਸ ਨੂੰ ਕਹਿ ਕੇ ਥੱਕ ਗਿਆ ਸੀ। ਬਾਬੇ ਨੇ ਐਲਾਨ ਕਰ ਦਿੱਤਾ, ‘‘ਜੇ ਅੱਜ ਹੁਣੇ ਨਾ ਤੁਰਿਆ, ਮੈਂ ਤੇਰੇ ਸਿਰ ਚੜ੍ਹ ਕੇ ਮਰੂੰ। ਤੇਰੀ ਖੂਹੀ ’ਚ ਛਾਲ ਮਾਰੂੰ।’’
ਰਾਮ ਸਿੰਘ ਨੇ ਉਸੇ ਤਰ੍ਹਾਂ ਕਹਿ ਦਿੱਤਾ, ‘‘ਜਾ ਮਾਰ ਛਾਲ।’’ ਬਾਬਾ ਇੱਕ ਵਾਰ ਫੇਰ ਕਹਿ ਗਿਆ, ‘‘ਲੈ ਮੈਂ ਚੱਲਿਆ।’’ ਰਾਮ ਸਿੰਘ ਨੇ ਵੀ ਕਹਿ ਦਿੱਤਾ, ‘‘ਜਾ ਮਰ...।’’ ਉਸ ਦਾ ਖ਼ਿਆਲ ਸੀ ਐਵੇਂ ਮਰਨ ਦੇ ਬਹਾਨੇ ਨਾਲ ਵਿੱਘੜੀ ਲੈਣਾ ਚਾਹੁੰਦਾ ਹੈ। ਉਸ ਦੇ ਯਾਦ ਵੀ ਨਹੀਂ ਸੀ।
ਬਾਬਾ ਗੁੱਸਾ ਖਾ ਗਿਆ। ਉਹ ਅੱਗ ਦੇ ਭਬੂਕੇ ਵਾਂਗ ਅੰਦਰੋਂ ਨਿਕਲਿਆ।ਉਨ੍ਹਾਂ ਦੇ ਵਿਹੜੇ ਵਾਲੀ ਖੂਹੀ ਦੀ ਮੌਣ ਕੋਲ ਆ ਕੇ ਪਿੱਛੇ ਦੇਖਿਆ। ਉਸ ਨੂੰ ਸੀ ਕਿ ਉਹ ਉੱਠ ਕੇ ਕਹਿ ਦੇਣਗੇ, ‘‘ਚੱਲ ਸਮਝੌਤਾ ਕਰਾ ਦਿਆਂਗੇ, ਮੁੜ ਆ...।’’ ਬਾਬੇ ਨੇ ਚੌੜੀ ਮੌਣ ਉੱਤੇ ਪੱਗ ਲਾਹੀ, ਸੋਟੀ ਰੱਖੀ, ਜੁੱਤੀ ਖੋਲ੍ਹੀ।‘ਵਾਖਰੂ’ ਕਹਿ ਕੇ ਮੌਣ ’ਤੇ ਚੜ੍ਹ ਕੇ ਛਾਲ ਮਾਰ ਦਿੱਤੀ। ਰਾਮ ਸਿੰਘ ਦੇ ਟੱਬਰ ਨੇ ਸਮਝਿਆ, ਬੁੜ੍ਹਾ ਮਖ਼ੌਲ ਕਰਦਾ ਹੈ। ਉਸ ਨੇ ਏਨੀ ਹਿੰਮਤ ਕਿੱਥੇ ਕਰਨੀ ਹੈ। ਬਾਬੇ ਦਾ ਵੀ ਦਬਾਅ ਨਾ ਚੱਲਿਆ। ਉਹ ਹੋਰ ਗੁੱਸੇ ’ਚ ਆ ਗਿਆ।
ਜਦੋਂ ਖੂਹੀ ਵਿੱਚ ਉਸ ਦੇ ਡਿੱਗਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਰਾ ਟੱਬਰ ਨੱਠ ਕੇ ਖੂਹੀ ਵੱਲ ਆਇਆ। ਉਨ੍ਹਾਂ ਪਿੰਡ ’ਚ ਰੌਲਾ ਪਾ ਦਿੱਤਾ। ਪਿੰਡ ਦੇ ਸਾਰੇ ਆ ਗਏ। ਉਨ੍ਹਾਂ ਨੇ ਫਟਾਫਟ ਲੱਜਾਂ ਤੇ ਟੋਕਰੇ ਲੈ ਆਂਦੇ। ਜਿਹੜਾ ਟੋਕਰਾ ਖ਼ੂਹੀ ਵਿੱਚ ਲਹਿ ਸਕਦਾ ਸੀ, ਉਸ ਨਾਲ ਲੱਜਾਂ ਦੀ ਕਰਿੰਗੜੀ, ਟੋਕਰੇ ਦੇ ਹੇਠਾਂ ਤੋਂ ਪਾ ਕੇ, ਖੂਹੀ ’ਚ ਲਮਕਾ ਦਿੱਤਾ।ਉਸ ਵਿੱਚ ਇੱਕ ਬੰਦਾ ਬੈਠ ਗਿਆ। ਖੂਹੀ ਦੇ ਆਲੇ-ਦੁਆਲੇ ਤਕੜੇ ਬੰਦਿਆਂ ਨੇ ਲੱਜਾਂ ਫੜ ਕੇ ਹੌਲੀ ਹੌਲੀ ਖੂਹੀ ’ਚ ਟੋਕਰਾ ਲਮਕਾ ਦਿੱਤਾ। ਹੌਲੀ ਹੌਲੀ ਲੱਜਾਂ ਨੂੰ ਛੱਡਦੇ ਗਏ। ਮਸਾਂ ਬਾਬੇ ਨੂੰ ਟੋਕਰੇ ’ਚ ਪਾ ਕੇ ਬਾਹਰ ਕੱਢਿਆ। ਉਦੋਂ ਨੂੰ ਸਿਰੜੀ ਬਾਬਾ ਆਪਣੀ ਹਿੰਡ ਪੁਗਾ ਗਿਆ ਸੀ। ਉਨ੍ਹਾਂ ਦੇ ਸਿਰ ਹੋ ਕੇ ਜਾਨ ਦੇ ਦਿੱਤੀ ਸੀ।
ਰਾਮ ਸਿੰਘ ਨੇ ਇੱਕ ਬੰਦਾ ਸਾਡੇ ਪਿੰੰਡ ਵੱਲ ਸੁਨੇਹਾ ਦੇਣ ਲਈ ਨਠਾਇਆ।ਬਾਪੂ ਹੋਣੀ ਪੰਜੇ ਭਰਾ, ਜਿਵੇਂ ਬੈਠੇ ਖੜ੍ਹੇ ਸੀ। ਉਸੇ ਤਰ੍ਹਾਂ ਰੋਂਦੇ ਭੱਜ ਲਏ। ਉਦੋਂ ਕੋਈ ਸਾਈਕਲ, ਸਕੂਟਰ ਵਗੈਰਾ ਪਿੰਡਾਂ ਵਿੱਚ ਨਹੀਂ ਸੀ ਹੁੰਦੇ। ਕਾਰਾਂ ਤਾਂ ਸੁਫ਼ਨੇ ਵਿੱਚ ਵੀ ਸੋਚੀਆਂ ਨਹੀਂ ਸੀ ਜਾ ਸਕਦੀਆਂ। ਮੱਲਮਾਜਰੇ ਵਾਲਿਆਂ ਨੇ ਪੰਚਾਇਤ ਇਕੱਠੀ ਕੀਤੀ ਹੋਈ ਸੀ। ਉਨ੍ਹਾਂ ਨੇ ਬਾਪੂ ਹੋਰਾਂ ਉੱਤੇ ਦਬਾਅ ਪਾਇਆ ਕਿ ਬਾਬੇ ਦੀ ਨਿਗਾਹ ਘੱਟ ਹੋਣ ਕਰਕੇ ਖੂੂਹੀ ਦਾ ਪਤਾ ਨਹੀਂ ਲੱਗਾ, ਅਚਾਨਕ ਜਾ ਡਿੱਗਿਆ। ਉਹ ਤਾਂ ਜਾਨ ਤੋਂ ਗਿਆ ਹੀ, ਭਾਣਜਿਆਂ ਦਾ ਟੱਬਰ ਰੁਲ ਜਾਵੇਗਾ। ਕਤਲ ਦੇ ਮੁਕੱਦਮੇ ’ਚ ਫਾਂਸੀ ਹੋਵੇਗੀ। ਚਾਚੇ ਹੋਰਾਂ ਨੇ ਸਮਰਾਲੇ ਪੈਦਲ ਹੀ ਜਾ ਕੇ ਥਾਣੇ ਰਿਪੋਰਟ ਲਿਖਾ ਦਿੱਤੀ। ਪੁਲੀਸ ਵਾਲੇ ਨਾਲ ਹੀ ਆ ਗਏ। ਉਨ੍ਹਾਂ ਨੇ ਪੰਚਾਇਤ ਦੇ ਫ਼ੈਸਲੇ ’ਤੇ ਮੋਹਰ ਲਾ ਦਿੱਤੀ। ਬਾਪੂ ਹੋਰੀਂ ਰੋਂਦੇ-ਕੁਰਲਾਉਂਦੇ ਬਾਬੇ ਨੂੰ ਪਿੰਡ ਚੁੱਕ ਲਿਆਏ। ਸਸਕਾਰ ਕਰ ਦਿੱਤਾ ਗਿਆ। ਮੇਰੇ ਲਈ ਉਹ ਸਮਾਂ ਬਹੁਤ ਡਰਾਉਣਾ ਸੀ।ਮੈਂ ਘਰ ’ਚ ਇਹ ਪਹਿਲੀ ਮੌਤ ਵੇਖੀ ਸੀ।
ਅਣਖੀ ਬਾਬਾ ਉਨ੍ਹਾਂ ਦੇ ਸਿਰ ਚੜ੍ਹ ਕੇ ਤੁਰ ਗਿਆ ਸੀ। ਹੁਣ ਆਬਾਦੀ (ਵਿੱਘੜੀ) ’ਚ ਖੁੱਲ੍ਹੀਆਂ-ਡੁੱਲ੍ਹੀਆਂ ਕੋਠੀਆਂ ਪਈਆਂ ਹਨ। ਕਿੱਲਾ-ਬੰਦੀ ਤੋਂ ਬਾਅਦ ਸਾਡੇ ਟੱਬਰ ਨੇ ਨਵਾਂ ਨਾਂ ‘ਮਸਾਂ ਰੱਖੀ ਵਿੱਘੜੀ’ ਦਾ ਵੀ ਝਗੜਾ ਪਿਆ ਰਿਹਾ ਸੀ। ਉੱਭਲ ਆਲੇ ਖੂਹ ਦੀ ਜ਼ਮੀਨ ਦੀ ਵੱਟ, ਬੰਬੇ ਆਲਿਆਂ ਨਾਲ ਲੱਗਦੀ ਸੀ। ਇੱਕ ਖੂੰਜੇ ਦਾ ਰੌਲਾ ਹੋ ਗਿਆ। ਉਹ ਆਪਣੇ ਵੱਲ ਰੱਖਦੇ ਸੀ। ਚਾਚੇ ਹੋਰਾਂ ਨੇ ਜ਼ੋਰ ਨਾਲ ਮਸਾਂ ਰੱਖੀ ਸੀ। ਉਸ ਦਾ ਨਾਂ ਪਰਿਵਾਰ ਨੇ ਆਪਣੇ ਤੌਰ ’ਤੇ ‘ਮਸਾਂ-ਰੱਖੀ’ ਰੱਖ ਲਿਆ। ਹੁਣ ਇਹ ਨਾਂ ਵੀ ਸਾਰੇ ਭੁੱਲ ਗਏ ਹਨ। ਇਸ ਤਰ੍ਹਾਂ ਪਰਿਵਾਰਾਂ ਵਿੱਚ ਨਵੇਂ ਨਾਂ ਮੌਕੇ ਮੁਤਾਬਿਕ ਰੱਖ ਲਏ ਜਾਂਦੇ, ਜੋ ਅਲੋਪ ਹੋ ਜਾਂਦੇ ਰਹੇ। ਨਵੇਂ ਸ਼ਬਦ ਬੋਲ-ਚਾਲ ਵਿੱਚੋਂ ਨਿਕਲ ਵੀ ਆਉਂਦੇ ਹਨ। ਭਾਸ਼ਾ ’ਚ ਸ਼ਬਦਾਂ ਦਾ ਅਲੋਪ ਹੋਣ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਉਨ੍ਹਾਂ ਦੀ ਥਾਂ ਨਵੇਂ ਸ਼ਬਦ ਆ ਜੁੜਦੇ ਹਨ। ਅਗਲੇ ਬੱਚਿਆਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਕਿ ਇਸ ਥਾਂ ਦਾ ਨਾਂ ਕੀ ਸੀ।ਵਿੱਘੜੀਆਂ ਉਦੋਂ ਕਾਰਿਆਂ ਬੰਨੀ/ਹੱਥੀਂ ਹੁੰਦੀਆਂ ਸਨ, ਹੁਣ ਆਬਾਦੀਆਂ ਦੇ ਰੂਪ ’ਚ ਓਵੇਂ ਹੀ ਹੁੰਦਾ ਹੈ।
ਸੰਪਰਕ: 98728-23511

Advertisement
Advertisement

Advertisement
Author Image

Ravneet Kaur

View all posts

Advertisement