ਵਿਸਾਖੀ ਮੌਕੇ ਵੱਖ-ਵੱਖ ਗੁਰੂ ਘਰਾਂ ਵਿੱਚ ਧਾਰਮਿਕ ਸਮਾਗਮ
ਸੰਤੋਖ ਗਿੱਲ
ਰਾਏਕੋਟ, 13 ਅਪਰੈਲ
ਪਿੰਡ ਬ੍ਰਹਮਪੁਰ ਵਿੱਚ ਵਿਸਾਖੀ ਦੇ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿੱਚ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਨਿਵੇਕਲੀ ਪਹਿਲ ਕਰਦਿਆਂ ਉੱਘੇ ਸਮਾਜਸੇਵੀ ਜਮਾਦਾਰ ਹਰਨਾਮ ਸਿੰਘ ਦੇ ਪਰਿਵਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਪੀਤਾ ਬ੍ਰਹਮਪੁਰ, ਵਿਕੀ ਬ੍ਰਹਮਪੁਰ ਸਮੇਤ ਹੋਰਨਾ ਨੂੰ 51-51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਦੇ ਸਰਪੰਚ ਰਘਵੀਰ ਸਿੰਘ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ, ਜਮਾਦਾਰ ਹਰਨਾਮ ਸਿੰਘ ਦੇ ਪਰਿਵਾਰਿਕ ਮੈਂਬਰ, ਗਰਾਮ ਪੰਚਾਇਤ, ਨੰਬਰਦਾਰ ਬਲਵੀਰ ਸਿੰਘ, ਹਰਬੰਸ ਸਿੰਘ ਕੈਨੇਡਾ ਅਤੇ ਨਗਰ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ।
ਉੱਧਰ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਵਿਚ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ ਅਤੇ ਗਿਆਨੀ ਪਲਵਿੰਦਰ ਸਿੰਘ ਬੋਪਾਰਾਏ ਵੱਲੋਂ ਕਥਾ-ਕੀਰਤਨ ਕਰਕੇ ਨੌਜਵਾਨਾਂ ਨੂੰ ਖ਼ਾਲਸੇ ਦੇ ਮਾਣ-ਮਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਨੌਜਵਾਨਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਜਗਦੇਵ ਸਿੰਘ ਗਰੇਵਾਲ ਅਤੇ ਪ੍ਰਧਾਨ ਜਸਵਿੰਦਰ ਸਿੰਘ ਗਰੇਵਾਲ ਅਨੁਸਾਰ 14 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਕੁਲਵੀਰ ਸਿੰਘ, ਪ੍ਰਭਨੂਰ ਸਿੰਘ ਅਤੇ ਹਰਰੋਬਿਨ ਸਿੰਘ ਨੇ ਕ੍ਰਮਵਾਰ ਸਥਾਨ ਹਾਸਲ ਕੀਤੇ ਅਤੇ 21 ਸਾਲ ਉਮਰ ਵਰਗ ਦੇ ਮੁਕਾਬਲੇ ਵਿਚ ਗੁਰਮਨਜੋਤ ਸਿੰਘ, ਅਰਵਿੰਦਰਪਾਲ ਸਿੰਘ ਅਤੇ ਹਰਕੀਰਤ ਸਿੰਘ ਨੇ ਕ੍ਰਮ ਅਨੁਸਾਰ ਸਥਾਨ ਹਾਸਲ ਕੀਤੇ। ਇਸੇ ਦੌਰਾਨ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿੱਚ ਵੀ ਇਸ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ।