For the best experience, open
https://m.punjabitribuneonline.com
on your mobile browser.
Advertisement

ਵਿਸਾਖੀ ਮੌਕੇ ਵੈਨਕੂਵਰ ਵਿੱਚ ਨਗਰ ਕੀਰਤਨ ਸਜਾਇਆ

04:23 AM Apr 16, 2025 IST
ਵਿਸਾਖੀ ਮੌਕੇ ਵੈਨਕੂਵਰ ਵਿੱਚ ਨਗਰ ਕੀਰਤਨ ਸਜਾਇਆ
Advertisement

ਹਰਦਮ ਮਾਨ
ਸਰੀ: ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵੱਲੋਂ ਵਿਸਾਖੀ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਗਏ। ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ, ਸਪੀਕਰ ਰਾਜ ਚੌਹਾਨ, ਮੰਤਰੀ ਜਗਰੂਪ ਬਰਾੜ, ਗੈਰੀ ਬੈਗ, ਨਿੱਕੀ ਸ਼ਰਮਾ ਤੇ ਮੰਤਰੀ ਮੰਡਲ ਦੇ ਹੋਰ ਸਾਥੀਆਂ ਤੋਂ ਇਲਾਵਾ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟੈਡ ਤੇ ਸਾਥੀ ਵਿਧਾਇਕ ਮਨਦੀਪ ਧਾਲੀਵਾਲ, ਸਟੀਵ ਕੂਨਰ, ਬਰਾਇਨ ਟੈਪਰ ਤੇ ਹੋਰਾਂ ਨੇ ਦੀਵਾਨ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਵੈਨਕੂਵਰ ਫਰੇਜਰ ਵਿਊ ਤੋਂ ਐੱਨਡੀਪੀ ਉਮੀਦਵਾਰ ਮਨੋਜ ਭੰਗੂ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਤੇ ਹੋਰ ਆਗੂਆਂ ਨੇ ਵੀ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ।
ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਰੌਸ ਸਟਰੀਟ, ਮਰੀਨ ਡਰਾਈਵ, ਮੇਨ ਸਟਰੀਟ, ਫਰੇਜਰ ਸਟਰੀਟ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਵੈਨਕੂਵਰ ਪੁਲੀਸ ਟੁਕੜੀ ਵੱਲੋਂ ਵੀ ਸਲਾਮੀ ਦਿੱਤੀ ਗਈ ਤੇ ਬੈਂਡ ਦੀਆਂ ਧੁਨਾਂ ਨਾਲ ਸਵਾਗਤ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਗੁਰਬਾਣੀ ਜਾਪ ਕਰਦੀ ਹੋਈ ਨਾਲ ਨਾਲ ਪੈਦਲ ਚੱਲ ਰਹੀ ਸੀ। ਗੱਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਵਿਖਾਏ। ਸਾਰੇ ਰਸਤੇ ’ਚ ਸ਼ਰਧਾਲੂਆਂ ਨੇ ਵੱਖ ਵੱਖ ਸਵਾਦੀ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ।
ਮੌਸਮ ਸਾਫ਼ ਅਤੇ ਧੁੱਪ ਹੋਣ ਕਰ ਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ। ਨਗਰ ਕੀਰਤਨ ਦੀ ਸਫਲਤਾ ਲਈ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਭ ਨੂੰ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਨਗਰ ਕੀਰਤਨ ਦੌਰਾਨ ਗੁਲਾਟੀ ਪਬਲਿਸ਼ਰਜ਼ ਸਰੀ ਵੱਲੋਂ ਪੰਜਾਬੀ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕਾਂ ਦੇ ਸਟਾਲ ਉੱਪਰ ਉੱਘੇ ਫਿਲਮੀ ਕਲਾਕਾਰ ਤੇ ਲੇਖਕ ਰਣਬੀਰ ਰਾਣਾ ਵੀ ਪੁੱਜੇ ਅਤੇ ਲੋਕਾਂ ਨੂੰ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ।
ਸੰਪਰਕ: +1 604 308 6663

Advertisement

Advertisement
Advertisement
Advertisement
Author Image

Balwinder Kaur

View all posts

Advertisement