ਵਿਸਾਖੀ ਨੂੰ ਸਮਰਪਿਤ ਦਸਤਾਰਬੰਦੀ ਤੇ ਗੁਰਬਾਣੀ ਕੰਠ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 13 ਅਪਰੈਲ
ਪਿੰਡ ਰਸੂਲਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਵਿਸਾਖੀ ਨੂੰ ਸਮਰਪਿਤ ਦਸਤਾਰਬੰਦੀ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਕੇਸਾਂ ਦੀ ਸਾਂਭ ਸੰਭਾਲ ਤੇ ਲੰਬੇ ਕੇਸਾਂ ਦਾ ਮੁਕਾਬਲਾ ਵੀ ਹੋਇਆ। ਪਿੰਡ ਦੀ ਲੋਕਲ ਗੁਰਦੁਆਰਾ ਕਮੇਟੀ ਨੇ ਇਹ ਮੁਕਾਬਲੇ ਬੱਚਿਆਂ ਦੇ ਦੋ ਵਰਗ ਬਣਾ ਕੇ ਕਰਵਾਏ। ਪਹਿਲੇ ਵਰਗ ਵਿੱਚ ਪੰਜ ਤੋਂ ਬਾਰਾਂ ਸਾਲ ਜਦਕਿ ਦੂਜੇ ਵਰਗ ਵਿੱਚ ਤੇਰਾਂ ਤੋਂ ਅਠਾਰਾਂ ਸਾਲ ਤਕ ਦੀ ਉਮਰ ਦੇ ਬੱਚਿਆਂ ਨੇ ਹਿੱਸਾ ਲਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਹੋਰਨਾਂ ਅਹੁਦੇਦਾਰਾਂ, ਪ੍ਰਬੰਧਕਾਂ ਤੇ ਮਹਿਮਾਨਾਂ ਨਾਲ ਮਿਲ ਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ।
ਦਸਤਾਰ ਮੁਕਾਬਲੇ ਵਿੱਚ ਰਾਜਦੀਪ ਸਿੰਘ ਪਹਿਲੇ, ਮਨਿੰਦਰ ਸਿੰਘ ਦੂਜੇ ਅਤੇ ਬਲਰਾਜ ਸਿੰਘ ਤੀਸਰੇ ਸਥਾਨ 'ਤੇ ਆਇਆ। ਕੇਸਾਂ ਦੇ ਮੁਕਾਬਲੇ ਵਿੱਚ ਰਾਜਦੀਪ ਸਿੰਘ, ਅਰਸ਼ਦੀਪ ਸਿੰਘ ਤੇ ਪ੍ਰਭਜੋਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਰਹੇ। ਇਸੇ ਤਰ੍ਹਾਂ ਗੁਰਬਾਣੀ ਕੰਠ ਮੁਕਾਬਲੇ ਵਿੱਚ ਪ੍ਰਭਜੋਤ ਸਿੰਘ, ਕੋਮਲ ਰਾਣੀ ਤੇ ਜਸਪ੍ਰੀਤ ਕੌਰ ਜੇਤੂ ਰਹੇ। ਅੱਠਵੀਂ ਜਮਾਤ ਵਿੱਚੋਂ ਅੱਵਲ ਨਵਦੀਪ ਕੌਰ ਤੇ ਦੂਜੇ ਸਥਾਨ 'ਤੇ ਰਹੀ ਰਾਜਦੀਪ ਕੌਰ ਨੂੰ ਵੀ ਵਿਸ਼ੇਸ਼ ਇਨਾਮ ਤਕਸੀਮ ਕੀਤੇ ਗਏ। ਇਸ ਤੋਂ ਇਲਾਵਾ ਪ੍ਰਾਇਮਰੀ ਤੋਂ ਲੈ ਕੇ ਹੋਰ ਵੱਡੀ ਜਮਾਤਾਂ ਦੇ ਹੋਣਹਾਰ ਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਗੁਰੂ ਕਾ ਲੰਗਰ ਅਟੁੱਟ ਵਰਤਿਆ। ਸਮਾਪਤੀ ’ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀ ਵਧਾਈ ਦਿੱਤੀ।
ਇਸ ਸਮੇਂ ਕਮੇਟੀ ਮੈਂਬਰ ਵੀਰ ਸਿੰਘ, ਰਜਿੰਦਰ ਸਿੰਘ, ਗੁਰਜੰਟ ਸਿੰਘ, ਹਰਨੇਕ ਸਿੰਘ ਫੌਜੀ, ਮੋਹਨਜੀਤ ਸਿੰਘ, ਪ੍ਰਭਦੀਪ ਸਿੰਘ ਤੋਂ ਇਲਾਵਾ ਸਰਪੰਚ ਗੁਰਬਖਸ਼ ਸਿੰਘ, ਮਨਜੀਤ ਸਿੰਘ, ਸਰਪੰਚ ਅਵਤਾਰ ਸਿੰਘ, ਲਛਮਣ ਸਿੰਘ, ਮਲਕੀਤ ਸਿੰਘ, ਦਲਜੀਤ ਸਿੰਘ ਤੇ ਹੋਰ ਹਾਜ਼ਰ ਸਨ।