ਵਿਸਾਖੀ ਦਿਹਾੜੇ ਮੌਕੇ ਨਗਰ ਕੀਰਤਨ
ਗੁਰਿੰਦਰ ਸਿੰਘ
ਲੁਧਿਆਣਾ, 12 ਅਪਰੈਲ
ਵਿਸਾਖੀ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਈ-ਬਲਾਕ ਭਾਈ ਰਣਧੀਰ ਸਿੰਘ ਨਗਰ ਤੋਂ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਵਿੱਚ ਸ਼ਬਦੀ ਜਥੇ, ਇਸਤਰੀ ਸਤਿਸੰਗ ਸਭਾਵਾਂ, ਬੈਂਡ ਪਾਰਟੀਆਂ ਅਤੇ ਅਕਾਲ ਸਹਾਇ ਗਤਕਾ ਪਾਰਟੀ ਸ਼ਾਮਿਲ ਹੋਈ। ਨਗਰ ਕੀਰਤਨ ਵਿੱਚ ਖ਼ਾਲਸਾਈ ਬਾਣੇ ਵਿੱਚ ਸਜੇ ਛੋਟੇ ਛੋਟੇ ਬੱਚੇ ਆਪਣੀਆਂ ਸਾਈਕਲਾਂ ’ਤੇ ਸ਼ਾਮਲ ਹੋ ਕੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ।
ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਈ ਬਲਾਕ, ਸੀ-ਬਲਾਕ ਅਤੇ ਬੀ-ਬਲਾਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਦੇ ਸਾਰੇ ਰੂਟ ਨੂੰ ਰੰਗ ਬਿਰੰਗੇ ਗੇਟਾਂ ਨਾਲ ਸਜਾਇਆ ਗਿਆ ਸੀ ਅਤੇ ਸੰਗਤ ਲਈ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ ਸਨ।
ਨਗਰ ਕੀਰਤਨ ਵਿੱਚ ਭਾਜਪਾ ਆਗੂ ਜੀਵਨ ਗੁਪਤਾ, ਸਾਬਕਾ ਕੌਂਸਲਰ ਹਰੀ ਸਿੰਘ ਬਰਾੜ, ਕੁਲਵਿੰਦਰ ਸ਼ਰਮਾ ਕਿੰਦਾ, ਐਡਵੋਕੇਟ ਗਗਨਪ੍ਰੀਤ ਸਿੰਘ, ਰਜੇਸ਼ ਗੁਪਤਾ, ਮਨਮੋਹਨਸਿੰਘ ਮੋਹਣੀ, ਮਨਦੀਪ ਸਿੰਘ ਰੇਖੀ ਆਦਿ ਹਾਜ਼ਰ ਸਨ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੱਤਿਆਪਾਲ ਸਿੰਘ ਨੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਕੀਵੀ, ਰਵਨੀਤ ਸਿੰਘ, ਪ੍ਰਭਜੋਤ ਸਿੰਘ, ਰੁਪਿੰਦਰ ਸਿੰਘ ਗੁਜਰਾਲ, ਰਵਿੰਦਰ ਸਿੰਘ ਈਸ਼ਵਰ, ਪ੍ਰਭਜੀਤ ਸਿੰਘ ਲਵ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ ਚਾਵਲਾ, ਮਨਜੀਤ ਸਿੰਘ ਅਤੇ ਗੁਰਮੀਤ ਸਿੰਘ ਕਾਕਾ ਤੇ ਹੋਰ ਹਾਜ਼ਰ ਸਨ।