For the best experience, open
https://m.punjabitribuneonline.com
on your mobile browser.
Advertisement

ਵਿਸਾਖੀ ਦਾ ਸੰਦੇਸ਼: ਰਹਿਨੁਮਾਈ, ਸੇਵਾ ਤੇ ਸਚਾਈ

04:06 AM Apr 13, 2025 IST
ਵਿਸਾਖੀ ਦਾ ਸੰਦੇਸ਼  ਰਹਿਨੁਮਾਈ  ਸੇਵਾ ਤੇ ਸਚਾਈ
Advertisement

ਪ੍ਰੋ. (ਡਾ.) ਕਰਮਜੀਤ ਸਿੰਘ *

Advertisement

ਤੇਰਾਂ ਅਪਰੈਲ ਸਮੁੱਚੇ ਭਾਰਤ ਵਿੱਚ ਇੱਕ ਖ਼ਾਸ ਦਿਨ ਹੈ, ਜਿਸ ਵਿੱਚੋਂ ਖ਼ੁਸ਼ੀ ਅਤੇ ਅਧਿਆਤਮਿਕਤਾ ਸਾਂਝੇ ਰੂਪ ਵਿੱਚ ਝਲਕਦੀ ਹੈ। ਅਸਾਮ ਦੇ ਬੋਹਾਗ ਬੀਹੂ ਤੋਂ ਲੈ ਕੇ ਤਾਮਿਲਨਾਡੂ ਦੇ ਪੁਥੰਡੂ, ਕੇਰਲਾ ਦੇ ਵਿਸ਼ੂ ਅਤੇ ਪੱਛਮੀ ਬੰਗਾਲ ਦੇ ਪੋਇਲਾ ਵਿਸਾਖ ਤੱਕ, ਲੋਕ ਨਵੇਂ ਸਾਲ ਦਾ ਸਵਾਗਤ ਜੀਵੰਤ ਰਵਾਇਤਾਂ ਅਤੇ ਉਮੀਦਾਂ ਨਾਲ ਕਰਦੇ ਹਨ। ਇਹ ਤਿਉਹਾਰ ਕੁਦਰਤ ਨਾਲ ਮਨੁੱਖ ਦੇ ਤਾਲਮੇਲ ਅਤੇ ਖੇਤੀ ਆਧਾਰਿਤ ਸਮਾਜਾਂ ਦੇ ਕੁਦਰਤ ਪ੍ਰਤੀ ਸ਼ੁਕਰਾਨੇ ਦੀ ਭਾਵਨਾ ਨੂੰ ਦਰਸਾਉਂਦੇ ਹਨ ਪਰ ਪੰਜਾਬ ਅਤੇ ਸਿੱਖ ਪੰਥ ਲਈ ਇਹ ਦਿਨ ਹੋਰ ਵੀ ਖ਼ਾਸ ਅਰਥ ਰੱਖਦਾ ਹੈ। ਇਹ ਦਿਹਾੜਾ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਿਰਜਣਾ ਦੀ ਉਸ ਇਤਿਹਾਸਕ ਘਟਨਾ ਦੀ ਯਾਦ ਦਿਵਾਉਂਦਾ ਹੈ ਜਿਸ ਨੇ ਨਾ ਸਿਰਫ਼ ਸਿੱਖ ਪੰਥ ਦਾ ਕਾਇਆ-ਕਲਪ ਕਰ ਦਿੱਤਾ ਸਗੋਂ ਭਾਰਤ ਦੇ ਅਧਿਆਤਮਿਕ ਅਤੇ ਸਮਾਜਿਕ-ਰਾਜਨੀਤਿਕ ਤਾਣੇ-ਬਾਣੇ ਨੂੰ ਵੀ ਮੁੜ ਪਰਿਭਾਸ਼ਿਤ ਕੀਤਾ। ਇਸ ਇਤਿਹਾਸਕ ਦਿਹਾੜੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਬੁਲਾਇਆ ਅਤੇ ਵਿਸ਼ਾਲ ਦੀਵਾਨ ਵਿੱਚ ਇੱਕ ਸਵਾਲ ਪੁੱਛਿਆ ਕਿ ਉਨ੍ਹਾਂ ਵਿੱਚੋਂ ਕੋਈ ਐਸਾ ਸਿੱਖ ਹੈ ਜੋ ਆਪਣਾ ਸਿਰ ਧਰਮ ਦੀ ਖ਼ਾਤਰ ਕੁਰਬਾਨ ਕਰਨ ਲਈ ਤਿਆਰ ਹੋਵੇ? ਇਸ ਸਵਾਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਜਵਾਬ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਵਿਭਿੰਨ ਸਮਾਜਿਕ ਪਿਛੋਕੜ ਰੱਖਣ ਵਾਲੇ ਇੱਕ-ਇੱਕ ਕਰਕੇ ਪੰਜ ਸਿੱਖ- ਲਾਹੌਰ ਤੋਂ ਭਾਈ ਦਇਆ ਸਿੰਘ (ਖੱਤਰੀ), ਹਸਤਿਨਾਪੁਰ ਤੋਂ ਭਾਈ ਧਰਮ ਸਿੰਘ (ਜਾਟ), ਪੁਰੀ (ਉੜੀਸਾ) ਤੋਂ ਭਾਈ ਹਿੰਮਤ ਸਿੰਘ (ਝਿਊਰ), ਦਵਾਰਕਾ ਤੋਂ ਭਾਈ ਮੋਹਕਮ ਸਿੰਘ (ਛੀਂਬਾ) ਅਤੇ ਬਿਦਰ ਤੋਂ ਭਾਈ ਸਾਹਿਬ ਸਿੰਘ (ਨਾਈ) ਅੱਗੇ ਆਏ। ਇਹ ਪੰਜ ਸਿੱਖ ਹੀ ਸਭ ਤੋਂ ਪਹਿਲਾਂ ਖੰਡੇ ਦੀ ਪਾਹੁਲ ਲੈ ਕੇ ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਵਾਲੇ ਪੰਜ ਪਿਆਰੇ ਅਖਵਾਏ।
ਇਸ ਪਲ ਨੂੰ ਇਨਕਲਾਬੀ ਬਣਾਉਣ ਵਾਲੀ ਗੱਲ ਸਿਰਫ਼ ਇੱਕ ਨਵੇਂ ਅਧਿਆਤਮਿਕ ਮਾਰਗ ਦੀ ਸ਼ੁਰੂਆਤ ਹੀ ਨਹੀਂ ਸੀ ਸਗੋਂ ਇਸ ਦਾ ਉਦੇਸ਼ ਸਮਾਜਿਕ ਵੰਡਾਂ ਤੇ ਵਿਤਕਰਿਆਂ ਨੂੰ ਕ੍ਰਾਂਤੀਕਾਰੀ ਢੰਗ ਨਾਲ ਖ਼ਤਮ ਕਰਨਾ ਵੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਕਿ ਇਹ ਪੰਜ ਸਿੰਘ, ਜਾਤ ਜਾਂ ਇਲਾਕਾਈ ਸੀਮਾਵਾਂ ਤੋਂ ਪਾਰ ਦਇਆ, ਕਰਤੱਵ, ਹਿੰਮਤ, ਵਿਸ਼ਵਾਸ ਅਤੇ ਸਮਾਨਤਾ ਦੇ ਪ੍ਰਤੀਕ ਹਨ। ਅਤਿ ਨਿਮਰਤਾ ਅਤੇ ਸਮਾਨਤਾ ਦੇ ਇਸ ਪ੍ਰਤੀਕਾਤਮਕ ਕਾਰਜ ਵਿੱਚ ਗੁਰੂ ਜੀ ਨੇ ਖ਼ੁਦ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਇਹ ਸਮਾਜ ਲਈ ਇੱਕ ਅਲੌਕਿਕ ਸੰਦੇਸ਼ ਸੀ ਕਿ ਰਹਿਨੁਮਾਈ ਹੁਕਮ ਆਧਾਰਿਤ ਨਹੀਂ ਸਗੋਂ ਸੇਵਾ ਆਧਾਰਿਤ ਹੁੰਦੀ ਹੈ। ਹਰੇਕ ਵਿਅਕਤੀ ਅੰਦਰ ਸਵੈ-ਮਾਣ ਅਤੇ ਗੌਰਵ ਦੀ ਭਾਵਨਾ ਹੁੰਦੀ ਹੈ ਅਤੇ ਦੈਵੀ ਜੋਤਿ ਦਾ ਪ੍ਰਕਾਸ਼ ਹੀ ਸਾਰਿਆਂ ਨੂੰ ਸਮਾਨ ਰੂਪ ਵਿੱਚ ਰੁਸ਼ਨਾਉਂਦਾ ਹੈ।
ਖ਼ਾਲਸੇ ਦੀ ਸਿਰਜਣਾ ਸੰਤ-ਸਿਪਾਹੀਆਂ ਦੇ ਇੱਕ ਅਜਿਹੇ ਪੰਥ ਵਜੋਂ ਕੀਤੀ ਗਈ ਸੀ, ਜਿਹੜਾ ਰੂਹਾਨੀ ਪੱਖ ਤੋਂ ਨਾਮ ਸਿਮਰਨ ਦਾ ਅਭਿਆਸੀ ਅਤੇ ਸਮਾਜਿਕ ਨਿਆਂ ਨੂੰ ਪੂਰਨ ਤੌਰ ’ਤੇ ਸਮਰਪਿਤ ਤੇ ਵਚਨਬੱਧ ਸੀ। ਨਿਡਰਤਾ ਨਾਲ ਸਰਸ਼ਾਰ ਅਤੇ ਨਫ਼ਰਤ ਤੋਂ ਰਹਿਤ ਖ਼ਾਲਸਾ ਮਨੁੱਖੀ ਸਮਾਜ ਦੇ ਸਰੋਕਾਰਾਂ ਤੋਂ ਅਭਿੱਜ ਜਾਂ ਦੂਰੀ ਬਣਾ ਕੇ ਨਹੀਂ ਵਿਚਰਦਾ ਸਗੋਂ ਮਨੁੱਖਤਾ ਦੀ ਸੇਵਾ, ਦੱਬੇ-ਕੁਚਲੇ ਲੋਕਾਂ ਦੀ ਰੱਖਿਆ ਅਤੇ ਹਰ ਹਾਲਤ ਵਿੱਚ ਸੱਚ ਨੂੰ ਕਾਇਮ ਰੱਖਣਾ ਇਸ ਦਾ ਆਦਰਸ਼ ਸੀ। ਇਸ ਆਦਰਸ਼ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੈਨਾਪਤਿ - ‘ਅਸੁਰ ਸੰਘਾਰਬੇ ਕੋ, ਦੁਰਜਨ ਕੇ ਮਾਰਬੇ ਕੋ, ਸੰਕਟ ਨਿਵਾਰਬੇ ਕੋ, ਖਾਲਸਾ ਬਨਾਯੋ’ ਦੇ ਸ਼ਬਦਾਂ ਰਾਹੀਂ ਰੂਪਮਾਨ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਦ੍ਰਿਸ਼ਟੀਕੋਣ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਗਈ ਅਧਿਆਤਮਿਕ ਜਾਗ੍ਰਿਤੀ ਦਾ ਵਿਸਥਾਰ ਤੇ ਉਸ ਨੂੰ ਸੰਪੂਰਨ ਕਰਨਾ ਸੀ ਜਿਨ੍ਹਾਂ ਨੇ ਹਰਿਦੁਆਰ ਵਿੱਚ ਵਿਸਾਖੀ ਵਾਲੇ ਦਿਨ ਭੀੜ ਤੋਂ ਉਲਟ ਦਿਸ਼ਾ ਵੱਲ ਜਲ ਅਰਪਿਤ ਕਰਕੇ ਥੋਥੀਆਂ ਰਸਮਾਂ ਨੂੰ ਚੁਣੌਤੀ ਦਿੱਤੀ ਸੀ। ਗੁਰੂ ਨਾਨਕ ਦੇਵ ਜੀ ਦਾ ਇਹ ਕਾਰਜ ਤਰਕ-ਆਧਾਰਿਤ ਚਿੰਤਨਸ਼ੀਲ ਵਿਸ਼ਵਾਸ, ਦਇਆ ਅਤੇ ਸਰਬ-ਸਾਂਝੀਵਾਲਤਾ ਦਾ ਸੱਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਨੂਰ ਦਾ ਅਗਾਂਹ ਪ੍ਰਕਾਸ਼ ਕਰਦਿਆਂ ਇਸ ਨੂੰ ਇੱਕ ਅਨੁਸ਼ਾਸਿਤ, ਦਲੇਰ ਤੇ ਅਧਿਆਤਮਿਕ ਤੌਰ ’ਤੇ ਸੁਚੇਤ ਰੂਪ ਵਿੱਚ ਲਗਾਤਾਰ ਵਿਕਸਿਤ ਕੀਤਾ।
ਜਦੋਂ ਅਸੀਂ ਅੱਜ ਵਿਸਾਖੀ ਮਨਾ ਰਹੇ ਹਾਂ ਤਾਂ ਸਾਡੇ ਸਾਹਮਣੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਅਸੀਂ ਸੱਚਮੁੱਚ ਗੁਰੂ ਸਾਹਿਬਾਨ ਦੀ ਵਿਰਾਸਤ ਦਾ ਸਨਮਾਨ ਕਰ ਰਹੇ ਹਾਂ? ਕੀ ਅਸੀਂ ਉਨ੍ਹਾਂ ਦੇ ਨਿਰਭੈਤਾ, ਸਮਾਨਤਾ, ਸਚਾਈ ਅਤੇ ਸੇਵਾ ਦੇ ਸੰਦੇਸ਼ ਨੂੰ ਆਪੋ ਆਪਣੇ ਜੀਵਨ ਦਾ ਹਿੱਸਾ ਬਣਾਇਆ ਹੈ ਜਾਂ ਨਹੀਂ? ਜਾਂ ਫਿਰ ਅਸੀਂ ਇਨ੍ਹਾਂ ਆਦਰਸ਼ਾਂ ਨੂੰ ਸਿਰਫ਼ ਰਸਮਾਂ ਅਤੇ ਉਤਸਵਾਂ ਤਕ ਹੀ ਸੀਮਤ ਕਰ ਦਿੱਤਾ ਹੈ? ਵਿਸਾਖੀ ਦੀ ਸਾਰਥਕਤਾ ਸਿਰਫ਼ ਇਤਿਹਾਸ ਤਕ ਹੀ ਮਹਿਦੂਦ ਨਹੀਂ ਹੈ ਸਗੋਂ ਇਹ ੱਜ ਦੇ ਰੂਹਾਨੀਅਤ ਤੋਂ ਸੱਖਣੇ ਪਦਾਰਥਵਾਦੀ ਅਤੇ ਹਲਤਮੁਖੀ ਸਫ਼ਲਤਾਵਾਂ ’ਤੇ ਕੇਂਦਰਿਤ ਮਾਨਵੀ ਸਮਾਜ ਨੂੰ ਆਤਮ-ਚੀਨਣ ਕਰਨ ਲਈ ਇੱਕ ਅਹਿਮ ਪੈਗਾਮ ਦਿੰਦਾ ਹੈ।
ਨੌਜਵਾਨਾਂ ਲਈ ਵਿਸਾਖੀ ਦਾ ਸੰਦੇਸ਼ ਵਿਸ਼ੇਸ਼ ਤੌਰ ਉੱਤੇ ਮਹੱਤਵਪੂਰਨ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਿਖਾਉਂਦਾ ਹੈ ਕਿ ਸਫ਼ਲਤਾ ਤੇ ਮਹਾਨਤਾ ਦਾ ਪੈਮਾਨਾ ਦੁਨਿਆਵੀ ਦੌਲਤ ਜਾਂ ਪ੍ਰਸਿੱਧੀ ਨਹੀਂ, ਸਗੋਂ ਉੱਚਾ-ਸੁੱਚਾ ਕਿਰਦਾਰ, ਕੁਰਬਾਨੀ ਅਤੇ ਦਇਆ ਆਦਿ ਗੁਣ ਹੀ ਮਨੁੱਖ ਨੂੰ ਮਹਾਨ ਬਣਾਉਂਦੇ ਹਨ। ਉਨ੍ਹਾਂ ਦਾ ਜੀਵਨ ਨੌਜਵਾਨਾਂ ਨੂੰ ਨਿੱਜੀ ਇੱਛਾਵਾਂ ਤੋਂ ਉੱਪਰ ਉੱਠਣ, ਸਰਬੱਤ ਦੇ ਭਲੇ ਲਈ ਕਰਮਸ਼ੀਲ ਹੋਣ, ਇਮਾਨਦਾਰੀ ਵਾਲਾ ਜੀਵਨ ਜਿਊਣ ਅਤੇ ਬੇਖ਼ੌਫ਼ ਹੋ ਕੇ ਨਿਆਂ ਤੇ ਸੱਚ ਦੇ ਰਸਤੇ ਉੱਤੇ ਚੱਲਣ ਦਾ ਸੰਦੇਸ਼ ਦਿੰਦਾ ਹੈ।
ਇਨ੍ਹਾਂ ਆਦਰਸ਼ਾਂ ਦਾ ਪ੍ਰਸਾਰ ਕਰਨ ਵਿੱਚ ਵਿੱਦਿਅਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਕਿਸੇ ਇੱਕ ਧਰਮ ਤਕ ਸੀਮਿਤ ਨਹੀਂ ਹਨ - ਇਹ ਵਿਸ਼ਵ-ਵਿਆਪੀ ਨੈਤਿਕ ਸੰਦੇਸ਼ ਦਿੰਦੀਆਂ ਹਨ। ਯੂਨੀਵਰਸਿਟੀਆਂ ਨੂੰ ਸਿੱਖ ਦਰਸ਼ਨ ਦੇ ਨੈਤਿਕ, ਅਧਿਆਤਮਿਕ ਅਤੇ ਸਮਾਜਿਕ ਪਹਿਲੂਆਂ ਨੂੰ ਆਪਣੇ ਪਾਠਕ੍ਰਮ, ਖੋਜ ਅਤੇ ਅਗਵਾਈ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸੇਵਾ, ਸਿਮਰਨ ਅਤੇ ਸੰਤ-ਸਿਪਾਹੀ ਵਰਗੇ ਸੰਕਲਪ ਵਿਦਿਆਰਥੀਆਂ ਦੇ ਆਚਰਨ ਉਸਾਰੀ ਦੀ ਰੂਪ-ਰੇਖਾ ਦਾ ਹਿੱਸਾ ਬਣਨੇ ਚਾਹੀਦੇ ਹਨ। ਯੂ.ਜੀ.ਸੀ. ਅਤੇ ਏ.ਆਈ.ਸੀ.ਟੀ.ਈ. ਵਰਗੀਆਂ ਰਾਸ਼ਟਰੀ ਅਕਾਦਮਿਕ ਸੰਸਥਾਵਾਂ ਨੂੰ ਭਾਰਤੀ ਬਹੁਲਵਾਦ, ਨੈਤਿਕਤਾ ਅਤੇ ਨਾਗਰਿਕ ਜ਼ਿੰਮੇਵਾਰੀ ਵਿੱਚ ਸਿੱਖ ਵਿਚਾਰਾਂ ਦੇ ਯੋਗਦਾਨ ਉੱਤੇ ਖੋਜ ਦਾ ਸਮਰਥਨ ਕਰਨਾ ਚਾਹੀਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਸਿਰਫ਼ ਇੱਕ ਗ੍ਰੰਥ ਜਾਂ ਇੱਕ ਸਮੂਹ ਤਕ ਸੀਮਿਤ ਨਹੀਂ ਹਨ ਸਗੋਂ ਉਨ੍ਹਾਂ ਨੇ ਇੱਕ ਜੀਵੰਤ ਪਰੰਪਰਾ ਸਥਾਪਤ ਕੀਤੀ ਹੈ। ਖ਼ਾਲਸੇ ਦੀ ਕੋਈ ਸੀਮਾ ਨਹੀਂ ਹੈ ਸਗੋਂ ਇਹ ਇੱਕ ਵਿਸ਼ਵ-ਵਿਆਪੀ ਆਦਰਸ਼ ਹੈ ਜਿਹੜਾ ਉਨ੍ਹਾਂ ਸਾਰਿਆਂ ਲਈ ਖੁੱਲ੍ਹਾ ਹੈ ਜੋ ਸੱਚ, ਸੇਵਾ, ਕੁਰਬਾਨੀ ਅਤੇ ਦਇਆ ਦੇ ਮਾਰਗ ਉੱਤੇ ਚੱਲਣਾ ਚਾਹੁੰਦੇ ਹਨ। ਇਹ ਪਰੰਪਰਾ ਇਹ ਚੇਤੇ ਕਰਵਾਉਂਦੀ ਹੈ ਕਿ ਅਧਿਆਤਮਿਕਤਾ ਰੋਜ਼ਮੱਰ੍ਹਾ ਦੀ ਜ਼ਿੰਦਗੀ ਤੋਂ ਵੱਖ ਨਹੀਂ ਹੈ। ਇਸ ਦੀ ਸਾਰਥਕਤਾ ਇਸ ਗੱਲ ਵਿੱਚ ਹੈ ਕਿ ਅਸੀਂ ਅਗਵਾਈ, ਸੇਵਾ ਅਤੇ ਦੂਜਿਆਂ ਨਾਲ ਸਬੰਧ ਕਿਵੇਂ ਸਿਰਜਦੇ ਹਾਂ?
ਵਿਸਾਖੀ ਸਿਰਫ਼ ਇੱਕ ਜਸ਼ਨ ਨਹੀਂ ਹੈ ਸਗੋਂ ਇਹ ਆਤਮ-ਚਿੰਤਨ ਦਾ ਸੱਦਾ ਹੈ। ਇਹ ਦਿਨ ਸਾਡੇ ਸਾਹਮਣੇ ਚੁਣੌਤੀਪੂਰਨ ਪ੍ਰਸ਼ਨ ਖੜ੍ਹਾ ਕਰਦਾ ਹੈ ਕਿ ਕੀ ਅਸੀਂ ਸੱਚਮੁੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਾਂ ਅਨੁਸਾਰ ਜੀਵਨ ਜਿਊਂ ਰਹੇ ਹਾਂ ਜਾਂ ਕੀ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਿਰਫ਼ ਪਰੰਪਰਾ ਤੱਕ ਹੀ ਸੀਮਤ ਕਰ ਦਿੱਤਾ ਹੈ। ਭੌਤਿਕਵਾਦੀ ਅਤੇ ਨਿੱਜੀ ਸਵਾਰਥਾਂ ਵਾਲੇ ਇਸ ਯੁੱਗ ਵਿੱਚ ਵਿਸਾਖੀ ਸਾਨੂੰ ਪੰਜ ਸਦੀਵੀ ਸਿੱਖਿਆਵਾਂ ਦੀ ਯਾਦ ਕਰਵਾਉਂਦੀ ਹੈ: ਪਹਿਲੀ ਇਹ ਕਿ ਸੱਚੀ ਰਹਿਨੁਮਾਈ, ਕੁਰਬਾਨੀ ਅਤੇ ਨਿਮਰਤਾ ਨਾਲ ਭਰਪੂਰ ਹੁੰਦੀ ਹੈ। ਦੂਸਰੀ ਇਹ ਕਿ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਬਰਾਬਰੀ ਅਤੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਤੀਸਰੀ ਇਹ ਕਿ ਨੈਤਿਕ ਹਿੰਮਤ ਅਤੇ ਨਿਡਰਤਾ ਨਾਲ ਜਿਊਣਾ ਜ਼ਰੂਰੀ ਹੈ। ਚੌਥੀ ਇਹ ਕਿ ਨਿਸ਼ਕਾਮ ਸੇਵਾ ਨਾ ਸਿਰਫ਼ ਦੂਜਿਆਂ ਨੂੰ ਸਗੋਂ ਖ਼ੁਦ ਨੂੰ ਵੀ ਉੱਚਾ ਚੁੱਕਦੀ ਹੈ। ਪੰਜਵੀਂ ਇਹ ਕਿ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਖ਼ੁਦ ਦੇ ਚਰਿੱਤਰ, ਦਇਆ ਭਾਵਨਾ ਅਤੇ ਉਦੇਸ਼ ਨੂੰ ਰੁਤਬੇ ਅਤੇ ਦੌਲਤ ਨਾਲੋਂ ਉੱਪਰ ਰੱਖਣਾ ਚਾਹੀਦਾ ਹੈ।
ਵਿਸਾਖੀ ਨੂੰ ਸਿਰਫ਼ ਇੱਕ ਤਿਉਹਾਰ ਤੋਂ ਵੱਡੇ ਅਰਥਾਂ ਵਿੱਚ ਗ੍ਰਹਿਣ ਕਰਨ ਦੀ ਜ਼ਰੂਰਤ ਹੈ। ਇਸ ਨੂੰ ਅੰਦਰੂਨੀ ਜਾਗ੍ਰਿਤੀ ਦਾ ਹਿੱਸਾ ਬਣਾਉਣ ਦੀ ਲੋੜ ਹੈ। ਇਸ ਨੂੰ ਅਸੀਂ ਆਪਣੀਆਂ ਨਿੱਜੀ ਅਤੇ ਸਮੂਹਿਕ ਜ਼ਿੰਮੇਵਾਰੀਆਂ ਦੀ ਪਰਖ ਲਈ ਪ੍ਰੇਰਨਾ ਸ੍ਰੋਤ ਬਣਾਈਏ। ਕੀ ਅਸੀਂ ਇੱਕ ਅਜਿਹੀ ਪੀੜ੍ਹੀ ਦਾ ਨਿਰਮਾਣ ਕਰ ਰਹੇ ਹਾਂ ਜੋ ਨੈਤਿਕ ਤੌਰ ਉੱਤੇ ਜਾਗ੍ਰਿਤ, ਅਧਿਆਤਮਿਕ ਤੌਰ ਉੱਤੇ ਮਜ਼ਬੂਤ ਜੜ੍ਹਾਂ ਵਾਲੀ ਅਤੇ ਸਮਾਜਿਕ ਤੌਰ ਉੱਤੇ ਦਲੇਰ ਹੋਵੇ? ਕੀ ਅਸੀਂ ਸੰਸਥਾਵਾਂ ਅਤੇ ਸਮਾਜ ਦੇ ਵਿਭਿੰਨ ਵਰਗਾਂ ਨੂੰ ਅਜਿਹੇ ਸਾਂਚੇ ਵਿੱਚ ਢਾਲ ਰਹੇ ਹਾਂ ਜੋ ਸਾਨੂੰ ਨਿਆਂ, ਨਿਮਰਤਾ ਅਤੇ ਨਿਸ਼ਕਾਮ ਸੇਵਾ ਦੇ ਸਿਧਾਂਤਾਂ ਅਨੁਸਾਰ ਜਿਊਣ ਲਈ ਪ੍ਰੇਰਿਤ ਕਰਨ? ਅਸੀਂ ਇਸ ਪਵਿੱਤਰ ਦਿਨ ਦਾ ਸਨਮਾਨ ਕਰਦੇ ਹੋਏ ਅਰਦਾਸ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਰੂਹਾਨੀ ਪ੍ਰੇਰਨਾ ਸਾਡੇ ਵਿਚਾਰਾਂ ਅਤੇ ਕਾਰਜਾਂ ਦੀ ਅਗਵਾਈ ਕਰੇ। ਆਓ, ਅਸੀਂ ਸਾਰੀ ਮਨੁੱਖਤਾ ਦੀ ਏਕਤਾ ਵਿੱਚ ਅਟੁੱਟ ਵਿਸ਼ਵਾਸ ਅਤੇ ਇੱਕ ਸਾਂਝੇ ਉਦੇਸ਼ ਤੇ ਹਿੰਮਤ ਨਾਲ ਜ਼ਿੰਦਗੀ ਬਿਤਾਈਏ। ਅਰਦਾਸ ਕਰੀਏ ਕਿ ਵਿਸਾਖੀ ਸਾਨੂੰ ਸਦੀਆਂ ਪਹਿਲਾਂ ਇਸ ਦਿਨ ਕੀਤੇ ਗਏ ਬਲੀਦਾਨਾਂ ਦੇ ਯੋਗ ਸਮਾਜ ਸਿਰਜਣ ਲਈ ਪ੍ਰੇਰਿਤ ਕਰੇ।
* ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

Advertisement
Advertisement

Advertisement
Author Image

Ravneet Kaur

View all posts

Advertisement