ਵਿਸ਼ਵ ਰੰਗਮੰਚ ਦਿਹਾੜੇ ਦੀਆਂ ਤਿਆਰੀਆਂ ਜ਼ੋਰਾਂ ’ਤੇ
ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ 27 ਮਾਰਚ ਦੀ ਸ਼ਾਮ ਨੂੰ ਮਨਾਏ ਜਾਣ ਵਾਲੇ ਵਿਸ਼ਵ ਰੰਗਮੰਚ ਦਿਹਾੜੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੇਸ਼ ਭਗਤ ਯਾਦਗਾਰ ਹਾਲ ’ਚ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਰੰਗਮੰਚ ਵਰਕਸ਼ਾਪ ਜਾਰੀ ਹੈ। ਤਿੰਨਾਂ ਨਾਟਕ ਟੀਮਾਂ ਦੇ ਨਿਰਦੇਸ਼ਕ ਹਰਜੀਤ ਸਿੰਘ, ਨੀਰਜ ਕੌਸ਼ਿਕ ਅਤੇ ਅਸ਼ੋਕ ਕਲਿਆਣ ਦੇ ਕਲਾਕਾਰ ਰਿਹਰਸਲਾਂ ’ਚ ਜੁਟੇ ਹੋਏ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਦਵਿੰਦਰ ਗਿੱਲ ਦਾ ਲਿਖਿਆ ਹਰਜੀਤ ਵੱਲੋਂ ਨਿਰਦੇਸ਼ਿਤ ‘ਇੱਕ ਬਟਾ ਜ਼ੀਰੋ’ ਨਾਟਕ ਚਿਹਰੇ ਰੰਗ ਮੰਚ ਟੀਮ ਵੱਲੋਂ, ਨੀਰਜ ਕੌਸ਼ਿਕ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਨਾਟਕ ‘ਜ਼ੰਜੀਰੇਂ’ ਸਟਾਈਲ ਆਰਟਸ ਐਸੋਸੀਏਸ਼ਨ ਵੱਲੋਂ ਅਤੇ ਗੁਰਸ਼ਰਨ ਭਾਅ ਜੀ ਦਾ ਲਿਖਿਆ ਅਤੇ ਅਸ਼ੋਕ ਕਲਿਆਣ ਦਾ ਨਿਰਦੇਸ਼ਿਤ ਨਾਟਕ ‘ਇਨਕਲਾਬ ਜ਼ਿੰਦਾਬਾਦ’ ਫਰੈਂਡਜ਼ ਥੀਏਟਰ ਗਰੁੱਪ ਵੱਲੋਂ ਖੇਡੇ ਜਾਣਗੇ। -ਪੱਤਰ ਪ੍ਰੇਰਕ