ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈ ਕੇ ਵਫ਼ਦ ਪਰਤਿਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਜਨਵਰੀ
ਲਾਹੌਰ ਵਿੱਚ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਗਿਆ ਚੜ੍ਹਦੇ ਪੰਜਾਬ ਦਾ ਵਫ਼ਦ ਅੱਜ ਵਾਹਗਾ-ਅਟਾਰੀ ਸੜਕ ਰਸਤਿਓਂ ਭਾਰਤ ਆਇਆ ਹੈ। ਵਫ਼ਦ ਵੱਲੋਂ ਵਾਪਸੀ ਤੋ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਗਏ। ਇਸ ਮੌਕੇ ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਰਖਵਾਏ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਤੇ ਅਰਦਾਸ ਕੀਤੀ ਗਈ। ਵਫ਼ਦ ਵੱਲੋਂ ਕਸੂਰ ਸਥਿਤ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ’ਤੇ ਅਕੀਦਤ ਭੇਟ ਕਰਦਿਆਂ ਚਾਦਰ ਚੜ੍ਹਾਈ ਗਈ। ਇਸ ਮੌਕੇ ਵਫ਼ਦ ਵੱਲੋਂ ਕੱਵਾਲਾਂ ਨੂੰ ਸੁਣਿਆ ਗਿਆ। ਵਫ਼ਦ ਮੈਂਬਰਾਂ ਨੇ ਲਾਹੌਰ ਸਥਿਤ ਇਤਿਹਾਸਕ ਗੁਰਧਾਮਾਂ, ਵਿਰਾਸਤੀ ਥਾਵਾਂ, ਲਾਹੌਰ ਮਿਊਜ਼ੀਅਮ, ਵਿੱਦਿਅਕ ਸੰਸਥਾਵਾਂ, ਫੂਡ ਸਟਰੀਟ, ਅਨਾਰਕਲੀ ਬਾਜ਼ਾਰ ਆਦਿ ਪ੍ਰਮੁੱਖ ਥਾਵਾਂ ਦਾ ਵੀ ਦੌਰਾ ਕੀਤਾ। ਭਾਰਤੀ ਵਫ਼ਦ ਦੇ ਦੌਰੇ ਦੌਰਾਨ ਲਹਿੰਦੇ ਪੰਜਾਬ ਦੇ ਮੰਤਰੀ ਰਮੇਸ਼ ਕੁਮਾਰ ਅਰੋੜਾ ਨੇ ਆਪਣੇ ਗ੍ਰਹਿ ਵਿੱਚ ਵਫ਼ਦ ਨੂੰ ਰਾਤ ਦੇ ਖਾਣੇ ਦਾ ਸੱਦਾ ਦਿੱਤਾ। ਵਫ਼ਦ ਵਿੱਚ ਭਾਰਤੀ ਚੈਪਟਰ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਵਿਰਾਸਤ ਲੋਕ ਅਕੈਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ, ਕੋਆਰਡੀਨੇਰ ਸਹਿਜਪ੍ਰੀਤ ਸਿੰਘ ਮਾਂਗਟ ਸਣੇ ਹੋਰ ਸ਼ਖਸੀਅਤਾਂ ਸ਼ਾਮਲ ਸਨ।