ਵਿਸ਼ਵ ਪੈਰਾ ਅਥਲੈਟਿਕ ਗ੍ਰਾਂ ਪ੍ਰੀ ’ਚ ਭਾਰਤ ਦੀ ਸੁਸਤ ਸ਼ੁਰੂਆਤ
ਨਵੀਂ ਦਿੱਲੀ, 11 ਮਾਰਚ
ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਅਤੇ ਡਿਸਕਸ ਥ੍ਰੋਅਰ ਯੋਗੇਸ਼ ਕਥੂਨੀਆ ਵਰਗੇ ਸਟਾਰ ਪੈਰਾ ਅਥਲੀਟਾਂ ਦੀ ਗੈਰਹਾਜ਼ਰੀ ਕਾਰਨ ਅੱਜ ਤਿੰਨ ਰੋਜ਼ਾ ਵਿਸ਼ਵ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ ਵਿੱਚ ਭਾਰਤੀ ਮੁਹਿੰਮ ਦੀ ਸ਼ੁਰੂਆਤ ਸੁਸਤ ਰਹੀ। ਭਾਰਤੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਅਤੇ ਪੈਰਾਲੰਪਿਕ ਖੇਡਾਂ ਵਿੱਚ ਦੋ ਵਾਰ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਦੇਵੇਂਦਰ ਝਾਜਰੀਆ ਨੇ ਕਿਹਾ ਕਿ ਸਤੰਬਰ ’ਚ ਹੋਣ ਵਾਲੀ ਪੈਰਾ ਅਥਲੈਟਿਕ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਕਰਕੇ ਭਾਰਤ ਦੇ ਕਈ ਸਟਾਰ ਅਥਲੀਟ ਗ੍ਰਾਂ ਪ੍ਰੀ ਵਿੱਚ ਹਿੱਸਾ ਨਹੀਂ ਲੈ ਰਹੇ। ਕੁਝ ਮੁਕਾਬਲਿਆਂ ਵਿੱਚ ਬਹੁਤ ਘੱਟ ਅਥਲੀਟਾਂ ਨੇ ਹਿੱਸਾ ਲਿਆ। ਪੁਰਸ਼ਾਂ ਦੀ ਉੱਚੀ ਛਾਲ ਟੀ42 ਫਾਈਨਲ ਵਿੱਚ ਸਿਰਫ ਰਾਮਸਿੰਘਭਾਈ ਗੋਬਿੰਦਭਾਈ ਨੇ ਹਿੱਸਾ ਲਿਆ। ਇਸੇ ਤਰ੍ਹਾਂ ਜੈਵਲਿਨ ਥ੍ਰੋਅ (ਐੱਫ33, ਐੱਫ34) ਵਿੱਚ ਸਿਰਫ ਦੋ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿੱਚ ਉਜ਼ਬੇਕਿਸਤਾਨ ਦੇ ਓਯਬੇਕ ਇਗਾਮਨਾਜ਼ਾਰੋਵ 18.05 ਮੀਟਰ ਦੀ ਕੋਸ਼ਿਸ਼ ਨਾਲ ਸਿਖਰ ’ਤੇ ਰਿਹਾ, ਜਦਕਿ ਭਾਰਤ ਦਾ ਦੇਵਰਸ਼ੀ ਸਚਾਨ 11.34 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਿਹਾ। ਪੁਰਸ਼ਾਂ ਦੀ 100 ਮੀਟਰ ਦੌੜ (ਟੀ11, ਟੀ12) ’ਚ ਤਿੰਨ ਦੌੜਾਕਾਂ ਨੇ ਹਿੱਸਾ ਲਿਆ, ਜਿਸ ’ਚ ਬ੍ਰਾਜ਼ੀਲ ਦੇ ਜੋਫਰਸਨ ਡੀ ਓਲਿਵੇਈਰਾ ਨੇ 11.17 ਸੈਕਿੰਡ ਦੀ ਕੋਸ਼ਿਸ਼ ਨਾਲ ਸੋਨ ਤਗ਼ਮਾ ਜਿੱਤਿਆ। ਭਾਰਤ ਦੇ ਵਿਸ਼ਨੂ (12.39 ਸੈਕਿੰਡ) ਤੇ ਪੀ. ਰਾਜਾ ਮੂਰਤੀ (12.94 ਸੈਕਿੰਡ) ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। -ਪੀਟੀਆਈ