ਵਿਸ਼ਵ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ: ਦੂਜੇ ਦਿਨ ਵੀ ਨਹੀਂ ਨਜ਼ਰ ਆਇਆ ਉਤਸ਼ਾਹ
ਨਵੀਂ ਦਿੱਲੀ, 12 ਮਾਰਚ
ਇਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ ਦੇ ਅੱਜ ਦੂਜੇ ਦਿਨ ਵੀ ਬਹੁਤੇ ਅਥਲੀਟਾਂ ਨੇ ਹਿੱਸਾ ਨਹੀਂ ਲਿਆ। ਭਾਰਤ ਦੇ ਸਟਾਰ ਅਥਲੀਟਾਂ ’ਚ ਸ਼ੁਮਾਰ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ, ਡਿਸਕਸ ਥ੍ਰਅਰ ਯੋਗੇਸ਼ ਕਥੂਨੀਆ ਅਤੇ ਹਾਈ ਜੰਪਰ ਪ੍ਰਵੀਨ ਕੁਮਾਰ ਨੇ ਪਹਿਲਾਂ ਹੀ ਇਸ ਟੂਰਨਾਮੈਂਟ ਲਈ ਆਪਣੇ ਨਾਮ ਨਹੀਂ ਦਿੱਤੇ ਸਨ ਅਤੇ ਬਾਅਦ ਵਿੱਚ ਘੱਟ ਜਾਣੇ-ਪਛਾਣੇ ਭਾਰਤੀ ਪੈਰਾ ਅਥਲੀਟਾਂ ਨੇ ਵੀ ਹਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪ੍ਰਬੰਧਕਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦਿਲੀਪ ਕੁਮਾਰ ਪੁਰਸ਼ਾਂ ਦੀ ਟੀ12 400 ਮੀਟਰ ਦੌੜ ਵਿੱਚ ਹਿੱਸਾ ਲੈਣ ਵਾਲਾ ਇਕਲੌਤਾ ਅਥਲੀਟ ਸੀ। ਉਸ ਨੇ 59.96 ਸੈਕਿੰਡ ਦਾ ਸਮਾਂ ਲਿਆ। ਪੁਰਸ਼ਾਂ ਦੀ 400 ਮੀਟਰ (ਟੀ13, ਟੀ20) ਵਿੱਚ ਬੋਤਸਵਾਨਾ ਦੇ ਐਡਵਿਨ ਮਾਸੁਗੇ ਨੇ 50.60 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਨਿਊਟਰਲ ਪੈਰਾਲੰਪਿਕ ਅਥਲੀਟ (ਐੱਨਪੀਏ) ਡੈਨਿਸ ਸ਼ਬਾਲਿਨ 50.40 ਸੈਕਿੰਡ ਨਾਲ ਦੂਜੇ ਸਥਾਨ ’ਤੇ ਰਿਹਾ। ਦੌੜ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਤਿੰਨ ਭਾਰਤੀਆਂ ’ਚੋਂ ਦੋ ਭੂੁਸ਼ਣ ਅਤੇ ਰੋਹਿਤ ਸ਼ਾਹ ਨੇ ਦੌੜ ਸ਼ੁਰੂ ਹੀ ਨਹੀਂ ਕੀਤੀ, ਜਦਕਿ ਪ੍ਰਦੀਪ ਸਿੰਘ ਚੌਹਾਨ 58.62 ਸੈਕਿੰਡ ਨਾਲ ਛੇਵੇਂ ਅਤੇ ਆਖਰੀ ਸਥਾਨ ’ਤੇ ਰਿਹਾ।
ਮਹਿਲਾ ਸ਼ਾਟਪੁਟ (ਐੱਫ11, ਐੱਫ12) ਵਿੱਚ ਕਜ਼ਾਖਸਤਾਨ ਦੀ ਸਵੇਤਲਾਨਾ ਇਰਜ਼ਾਨੋਵਾ 8.16 ਮੀਟਰ ਦੀ ਕੋਸ਼ਿਸ਼ ਨਾਲ ਜੇਤੂ ਰਹੀ। ਮੁਕਾਬਲੇ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੀ ਇੱਕੋ-ਇੱਕ ਹੋਰ ਅਥਲੀਟ ਵਿਜੇਤਾ ਨੇ ਮੁਕਾਬਲੇ ਤੋਂ ਪਹਿਲਾ ਹੀ ਆਪਣਾ ਨਾਮ ਵਾਪਸ ਲੈ ਲਿਆ। -ਪੀਟੀਆਈ