For the best experience, open
https://m.punjabitribuneonline.com
on your mobile browser.
Advertisement

ਵਿਰੋਧੀ ਧਿਰ ਦੇ ਆਗੂਆਂ ’ਤੇ ਗੈਂਗਸਟਰ ਕਰ ਰਹੇ ਨੇ ਹਮਲੇ: ਮਜੀਠੀਆ

04:56 AM Apr 15, 2025 IST
ਵਿਰੋਧੀ ਧਿਰ ਦੇ ਆਗੂਆਂ ’ਤੇ ਗੈਂਗਸਟਰ ਕਰ ਰਹੇ ਨੇ ਹਮਲੇ  ਮਜੀਠੀਆ
ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 14 ਅਪਰੈਲ
ਇਥੇ ਅੱਜ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਗੈਂਗਸਟਰਾਂ ਰਾਹੀਂ ਵਿਰੋਧੀ ਧਿਰ ਦੇ ਆਗੂਆਂ ਨੂੰ ਇਸ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਇਹ ਆਗੂ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਬੇਨਕਾਬ ਕਰ ਰਹੇ ਹਨ। ਗੈਂਗਸਟਰ ਸ਼ਰ੍ਹੇਆਮ ਵਿਰੋਧੀ ਧਿਰ ਦੇ ਆਗੂਆਂ ’ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜੀਠਾ ਹਲਕੇ ਦੇ ਪਿੰਡ ਕਲੇਰ ਮਾਂਗਟ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਜੋ ਉਨ੍ਹਾਂ ਦੇ ਕਰੀਬੀ ਹਨ ਅਤੇ ਅਜਨਾਲਾ ਹਲਕੇ ਦੇ ਅਕਾਲੀ ਦਲ ਦੇ ਇੰਚਾਰਜ ਹਨ, ਦੇ ਪੈਟਰੋਲ ਪੰਪ ’ਤੇ ਹਮਲਾ ਹੋਇਆ। ਇਸ ਹਮਲੇ ਦਾ ਮਕਸਦ ਜੋਧ ਸਿੰਘ ਸਮਰਾ ਨੂੰ ਨਿਸ਼ਾਨਾ ਬਣਾਉਣਾ ਸੀ। ਉਨ੍ਹਾਂ ਕਿਹਾ ਕਿ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਹਨ। ਖੁਫੀਆ ਤੰਤਰ ਦੀ ਅਸਫ਼ਲਤਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਬਾਜਵਾ ਨੇ ਜਨਵਰੀ ਦੇ ਅੱਧ ਵਿਚ ਕਿਹਾ ਸੀ ਕਿ ਸੂਬੇ ਦੀ ਅਮਨ ਅਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਆਉਂਦੇ ਸਮੇਂ ਵਿਚ ਕਿਸੇ ਹਿੰਦੂ ਆਗੂ ਜਾਂ ਵਪਾਰੀ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਦੋ ਮਹੀਨਿਆਂ ਬਾਅਦ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ’ਤੇ ਹਮਲਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਹੁਣ ਜਦੋਂ ਬਾਜਵਾ ਨੇ ਇਹ ਬੇਨਕਾਬ ਕੀਤਾ ਕਿ ਸੂਬੇ ਵਿਚ ਹੋਰ ਗ੍ਰਨੇਡ ਹਮਲਿਆਂ ਦਾ ਖਦਸ਼ਾ ਹੈ ਤਾਂ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੈਂਗਸਟਰ ਸੂਬੇ ਨੂੰ ਚਲਾ ਰਹੇ ਹਨ ਅਤੇ ਉਹ ਪੰਜਾਬ ਵਿੱਚ ਹਮਲਿਆਂ ਦੀਆਂ ਆਡੀਓ ਤੇ ਵੀਡੀਓ ਸਾਂਝੀਆਂ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਪੰਜਾਬੀਆਂ ਨੂੰ ਗੁੰਮਰਾਹ ਨਾ ਕਰਨ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਕੰਮ ਕਰਨਾ ਸ਼ੁਰੂ ਕਰਨ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।

Advertisement

ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਨੇ ਮਜੀਠੀਆ: ਬਲਤੇਜ ਪੰਨੂ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):  ਆਮ ਆਦਮੀ ਪਾਰਟੀਦੇ ਆਗੂ ਬਲਤੇਜ ਪੰਨੂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਪ੍ਰੈੱਸ ਕਾਨਫਰੰਸ ਵਿੱਚ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮਜੀਠੀਆ ਨੂੰ ਪੰਜਾਬ ਦੇ ਗੈਂਗਲੈਂਡ ਯੁੱਗ ਦਾ ਮੁੱਖ ਆਰਕੀਟੈਕਟ ਦੱਸਿਆ, ਜਿਸ ਦੀ ਸਰਕਾਰ ਦੌਰਾਨ ਸੂਬੇ ਵਿੱਚ ਵਿਆਪਕ ਬਦਅਮਨੀ, ਭ੍ਰਿਸ਼ਟਾਚਾਰ ਅਤੇ ਸ਼ੋਸ਼ਣ ਦਾ ਬੋਲਬਾਲਾ ਸੀ। ਉਨ੍ਹਾਂ ਕਿਹਾ ਕਿ ਜਿਸ ਨੇ 2007 ਤੋਂ 2017 ਤੱਕ ਪੰਜਾਬ ਨੂੰ ਇੱਕ ਗੈਂਗਲੈਂਡ ਵਿੱਚ ਬਦਲ ਦਿੱਤਾ ਸੀ, ਹੁਣ ਉਹ ਸੂਬੇ ਦੀ ਸੁਰੱਖਿਆ ਅਤੇ ਭਲਾਈ ਦੀ ਪ੍ਰਵਾਹ ਕਰਨ ਦਾ ਦਿਖਾਵਾ ਕਰ ਰਹੇ ਹਨ। ਜੇ ਪੰਜਾਬ ਵਿੱਚ ਬਦਅਮਨੀ ਲਈ ਕੋਈ ਜ਼ਿੰਮੇਵਾਰ ਹੈ ਤਾਂ ਉਹ ਮਜੀਠੀਆ ਤੇ ਉਨ੍ਹਾਂ ਦੀ ਪਾਰਟੀ ਦਾ ਦਮਨਕਾਰੀ ਅਤੇ ਸ਼ੋਸ਼ਣ ਕਰਨ ਵਾਲਾ ਸਾਸ਼ਨ ਹੈ। ‘ਆਪ’ ਨੇਤਾ ਨੇ ਕਿਹਾ ਮਜੀਠੀਆ ਨੂੰ ਜਨਤਾ ਨੂੰ ਗੁੰਮਰਾਹ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਅੱਤਿਆਚਾਰਾਂ ਨੂੰ ਕਦੇ ਨਹੀਂ ਭੁੱਲੇਗਾ ਅਤੇ ਨਾ ਹੀ ਮੁਆਫ਼ ਕਰੇਗਾ।

Advertisement
Advertisement

Advertisement
Author Image

Gurpreet Singh

View all posts

Advertisement