ਵਿਰਾਟ ਤੇ ਅਨੁਸ਼ਕਾ ਵੱਲੋਂ ਲੌਕਡਾਊਨ ਦਾ ਸਮਰਥਨ

ਮੁੰਬਈ, 25 ਮਾਰਚ
ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਤੇ ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ ਲਾਗੂ 21 ਦਿਨਾਂ ਦੀ ਤਾਲਾਬੰਦੀ ਦਾ ਸਮਰਥਨ ਕਰਦਿਆਂ ਲੋਕਾਂ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨੀਂ ਲੌਕਡਾਊਨ ਦਾ ਐਲਾਨ ਕੀਤਾ ਸੀ, ਜੋ ਉਸੇ ਦਿਨ ਅੱਧੀ ਰਾਤ ਤੋਂ ਲਾਗੂ ਹੋ ਗਿਆ।
ਉੱਘੀ ਜੋੜੀ ਨੇ ਕਿਹਾ ਕਿ ਜੇਕਰ ਇਸ ਭਿਆਨਕ ਮਹਾਮਾਰੀ ਨਾਲ ਲੜਨਾ ਹੈ ਤਾਂ ਲੋਕਾਂ ਨੂੰ ਗੰਭੀਰ ਹੋਣਾ ਹੀ ਪਵੇਗਾ। ਭਾਰਤ ਵਿੱਚ ਕਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਛੇ ਸੌ ਨੂੰ ਪਾਰ ਕਰ ਚੁੱਕੀ ਹੈ, ਜਦੋਂਕਿ ਦਸ ਫੌਤ ਹੋ ਗਏ। ਅਨੁਸ਼ਕਾ ਅਤੇ ਵਿਰਾਟ ਕੋਹਲੀ ਨੇ ਇੱਕ ਵੀਡੀਓ ਮੈਸੇਜ ਰਾਹੀਂ ਕਿਹਾ, ‘‘ਅਗਲੇ 21 ਦਿਨਾਂ ਤੱਕ ਸਾਨੂੰ ਕੁੱਝ ਅਹਿਮ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ। ਆਪਣਾ ਦਰਾਂ ਅੰਦਰ ਵਾਇਰਸ ਨੂੰ ਦਾਖ਼ਲ ਹੋਣ ਤੋਂ ਰੋਕਣ ਲਈ ਘਰਾਂ ’ਚ ਰਹੋ ਅਤੇ ਖ਼ੁਦ ਨੂੰ ਤੇ ਆਪਣੇ ਪਿਆਰਿਆਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਓ। ਲੌਕਡਾਊਨ ਦੇ ਆਦੇਸ਼ਾਂ ਨੂੰ ਗੰਭੀਰਤਾਂ ਨਾਲ ਲਵੋ ਕਿਉਂਕਿ ਵਾਇਰਸ ਨੂੰ ਰੋਕਣ ਦਾ ਇਹੋ ਹੱਲ ਹੈ।’’ ਅਨੁਸ਼ਕਾ-ਵਿਰਾਟ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
ਵਿਰਾਟ ਕੋਹਲੀ ਨੇ ਕਿਹਾ, ‘‘ਜੇਕਰ ਅਸੀਂਂ 21 ਦਿਨਾਂ ਦੇ ਲੌਕਡਾਊਨ ਦੌਰਾਨ ਜ਼ਿੰਮੇਵਾਰ ਨਾ ਹੋਏ ਤਾਂ ਸਾਨੂੰ ਅਤੇ ਪੂਰੇ ਦੇਸ਼ ਨੂੰ ਵੱਡੀ ਕੀਮਤ ਚੁਕਾਉਣੀ ਪਵੇਗੀ।’’ –ਪੀਟੀਆਈ