ਵਿਰਾਟ ਕੋਹਲੀ ਦੀ ਅਗਲੀ ਪਾਰੀ
ਪ੍ਰਦੀਪ ਮੈਗਜ਼ੀਨ
ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਇੱਕ ਸ਼ੁਰੂਆਤ ਹੁੰਦੀ ਹੈ, ਨੇ ਕਦੇ ਨਾ ਕਦੇ ਖ਼ਤਮ ਵੀ ਹੋਣਾ ਹੁੰਦਾ ਹੈ। ਭਾਵੇਂ ਉਹ ਜ਼ਿੰਦਗੀ ਹੋਵੇ ਜਾਂ ਕਿਸੇ ਖਿਡਾਰੀ ਦਾ ਕਰੀਅਰ। ਇਨ੍ਹਾਂ ਦੋ ਕਿਨਾਰਿਆਂ ਵਿਚਾਲੇ ਕਾਮਯਾਬੀਆਂ ਤੇ ਨਾਕਾਮੀਆਂ, ਖ਼ੁਸ਼ੀ ਤੇ ਨਿਰਾਸ਼ਾ, ਜਿੱਤਾਂ ਤੇ ਹਾਰਾਂ ਅਤੇ ਉਹ ਸੰਘਰਸ਼, ਜੋ ਜ਼ਿੰਦਗੀ ਖ਼ੁਦ ਹੀ ਹੈ, ਦੀ ਇੱਕ ਅਨਿਸ਼ਚਿਤ ਯਾਤਰਾ ਚਲਦੀ ਰਹਿੰਦੀ ਹੈ। ਖੇਡਾਂ ਦੀ ਦੁਨੀਆ ਵਿੱਚ ਸੰਨਿਆਸ, ਭਾਵੇਂ ਲੈਣਾ ਪਵੇ ਜਾਂ ਇੱਛਾ ਨਾਲ ਲਿਆ ਜਾਵੇ, ਉਹ ਆਖ਼ਰੀ ਚੋਟ ਹੁੰਦੀ ਹੈ, ਜਿੱਥੇ ਸਭ ਕੁਝ ਮੁੱਕ ਜਾਂਦਾ ਹੈ।
ਟੈਸਟ ਕ੍ਰਿਕਟ ਵਿੱਚ ਵਿਰਾਟ ਕੋਹਲੀ ਲਈ ਸਭ ਮੁੱਕ ਗਿਆ ਹੈ। ਇਸ ਵਿੱਚ ਬਹੁਤਿਆਂ ਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਸਮੇਂ ਤੋਂ ਪਹਿਲਾਂ ਲਿਆ ਗਿਆ ਹੈ, ਪਰ ਕੋਹਲੀ ਨੂੰ ਹੁਣ ਨਹੀਂ ਲੱਗਦਾ ਕਿ ਉਸ ਕੋਲ ਉਹ ਊਰਜਾ, ਮਾਨਸਿਕ ਸਮਰੱਥਾ ਤੇ ਨਿਪੁੰਨਤਾ ਬਚੀ ਹੈ ਜੋ ਕਿ ਟੈਸਟ ਕ੍ਰਿਕਟ ਦੀ ਸਖ਼ਤ ਦੁਨੀਆ ’ਚ ਸਫ਼ਲ ਹੋਣ ਲਈ ਚਾਹੀਦੀ ਹੈ, ਖ਼ਾਸ ਤੌਰ ’ਤੇ ਇੰਗਲੈਂਡ ਵਰਗੀਆਂ ਚੁਣੌਤੀਪੂਰਨ ਸਥਿਤੀਆਂ ਵਿੱਚ ਖੇਡਣ ਲਈ। ਦਸ ਹਜ਼ਾਰ ਟੈਸਟ ਦੌੜਾਂ ਪੂਰੀਆਂ ਕਰਨ ਦਾ ਲਾਲਚ ਤੇ ਇੱਕ ਮੀਲ ਪੱਥਰ ਜਿਸ ਦੇ ਉਹ ਬਹੁਤ ਨੇੜੇ ਹੈ, ਵੀ ਇੰਗਲੈਂਡ ਦੌਰੇ ਲਈ ਲੁਭਾਉਣ ਅਤੇ ਕ੍ਰਿਕਟ ਮੈਦਾਨ ’ਤੇ ਉਸ ਦੀਆਂ ਬੇਚੈਨ, ਭਖਦੀਆਂ ਊਰਜਾਵਾਂ ਨੂੰ ਕਢਵਾਉਣ ਲਈ ਕਾਫ਼ੀ ਸਾਬਿਤ ਨਹੀਂ ਹੋਇਆ।
ਉਹ 36 ਸਾਲ ਦਾ ਹੈ, ਦੋ ਬੱਚਿਆਂ ਦਾ ਪਿਤਾ ਤੇ ਫਿਲਮ ਸਟਾਰ ਅਨੁਸ਼ਕਾ ਦਾ ਜੀਵਨ ਸਾਥੀ ਹੈ ਜਿਸ ਨੇ ਇੱਕ ਵਿਅਕਤੀ ਵਜੋਂ ਉਸ ਦੇ ਵਿਕਾਸ ’ਚ ਬਹੁਤ ਯੋਗਦਾਨ ਦਿੱਤਾ ਹੈ। ਜ਼ਿੰਦਗੀ ਦੇ ਵਹੀ-ਖਾਤੇ ਵਿੱਚ ਇਹ ਇੱਕ ਅਜਿਹੀ ਉਮਰ ਹੈ ਜਿੱਥੇ ਪੂਰੀ ਦੁਨੀਆ ਤੁਹਾਡੇ ਅੱਗੇ ਹੁੰਦੀ ਹੈ ਨਾ ਕਿ ਪਿੱਛੇ। ਪਰ ਇੱਕ ਖਿਡਾਰੀ ਦੀ ਜ਼ਿੰਦਗੀ ਵਿੱਚ, ਇਹ ਅਜਿਹੀ ਉਮਰ ਹੈ ਜਿੱਥੇ ਸਿਰਾ ਦਿਸਣ ਲੱਗ ਪੈਂਦਾ ਹੈ। ਮਨ ਸ਼ਾਇਦ ਚਾਹੁੰਦਾ ਹੋਵੇ ਪਰ ਸਰੀਰ ਨਹੀਂ। ਕੋਹਲੀ ਦੇ ਮਾਮਲੇ ਵਿੱਚ ਸ਼ਾਇਦ ਇਸ ਤੋਂ ਉਲਟਾ ਹੈ। ਟੈਸਟ ਕ੍ਰਿਕਟ ’ਚ ਸ਼ਾਇਦ ਉਹ ਚੰਗਾ ਪ੍ਰਦਰਸ਼ਨ ਨਹੀਂ ਸੀ ਕਰ ਰਿਹਾ ਪਰ ਉਸ ਦੀ ਫਿਟਨੈੱਸ ਦਾ ਪੱਧਰ ਇੱਕ ਅੱਲ੍ਹੜ ਨੂੰ ਵੀ ਪਛਾੜਦਾ ਹੈ। ਚਿੱਟੀ ਗੇਂਦ ਨਾਲ ਮਿਲੀ ਸਫ਼ਲਤਾ ਤੇ ਆਈਪੀਐੱਲ ਦੀ ਕਾਰਗੁਜ਼ਾਰੀ ਨੇ ਉਸ ਦੀ ਸਾਖ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਫਿਰ ਵੀ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਕ੍ਰਿਕਟ ਦੀ ਉਹ ਵੰਨਗੀ ਛੱਡ ਦੇਣੀ ਚਾਹੀਦੀ ਹੈ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਹੈ, ਤੇ ‘ਖ਼ੂਨ, ਪਸੀਨੇ ਅਤੇ ਹੰਝੂਆਂ’ ਨਾਲ ਇਸ ਨੂੰ ਪਾਲਦਾ ਰਿਹਾ ਹੈ। ਕ੍ਰਿਕਟ ਦਾ ਉਹ ਰੂਪ ਜਿਸ ਨੂੰ ਉਹ ‘ਪਿਆਰ’ ਕਰਦਾ ਹੈ ਅਤੇ ਜਿਸ ਨੇ ਉਸ ਨੂੰ ਇੱਕ ਸ਼ਖ਼ਸ ਵਜੋਂ ‘ਢਾਲਿਆ’ ਹੈ।
ਆਮ ਸਮਝ ਕਹੇਗੀ ਕਿ ਜਿਸ ਨੂੰ ਤੁਸੀਂ ਸਭ ਤੋਂ ਵੱਧ ਪਿਆਰ ਕਰਦੇ ਹੋ ਉਸ ਨੂੰ ਆਪਣੇ ਨਾਲ ਰੱਖੋਗੇ ਤੇ ਉਸ ਨੂੰ ਛੱਡ ਦਿਓਗੇ ਜੋ ਹਲਕਾ ਹੈ ਤੇ ਅਰਥ ਅਤੇ ਤੱਤ ਪੱਖੋਂ ਕੋਰਾ ਹੈ। ਚਿੱਟੀ ਗੇਂਦ ਵਾਲਾ ਫਾਰਮੈਟ ਕਿਉਂ ਨਾ ਛੱਡਿਆ ਜਾਵੇ ਤੇ ਟੈਸਟ ਕ੍ਰਿਕਟ ਨਾ ਛੱਡਿਆ ਜਾਵੇ? ਬਿਲਕੁਲ! ਇਹੀ ਸਥਿਤੀ ਤਾਂ ਮੁਸ਼ਕਿਲ ਹੈ। ਆਪਣੀ ਪ੍ਰਸਿੱਧੀ ਤੇ ਲੋਕਾਂ ਦੇ ਜੁੜਾਅ ਕਰ ਕੇ, ਕ੍ਰਿਕਟ ਦੀ ਇੱਕ-ਰੋਜ਼ਾ ਵੰਨਗੀ ਨਾਲ ਮਾਨਸਿਕ ਤੇ ਸਰੀਰਕ ਤੌਰ ’ਤੇ ਨਜਿੱਠਣਾ ਸੌਖਾ ਹੈ। ਇਸ ਦੇ ਨਵੇਂ ਰੂਪ, ਟੀ20 ਜਿਹੇ ਹਲਕੇ-ਫੁਲਕੇ ਉੱਦਮ ਵਿੱਚ ਨਾ ਤਾਂ ਨਾਕਾਮੀ ਜ਼ਿਆਦਾ ਠੇਸ ਪਹੁੰਚਾਉਂਦੀ ਹੈ ਤੇ ਨਾ ਹੀ ਸਫ਼ਲਤਾ, ਸਫ਼ਲ ਹੋਣਾ ਕਿਸੇ ਚੋਟੀ ’ਤੇ ਚੜ੍ਹਨ ਵਰਗਾ ਨਹੀਂ ਲੱਗਦਾ ਤੇ ਆਈਪੀਐੱਲ ਵਿੱਚ ਬਣਦੇ ਕਰੋੜਾਂ ਰੁਪਏ ਇੱਕ ਵੱਖਰਾ ਫ਼ਾਇਦਾ ਹੈ ਜਿਸ ਕਰ ਕੇ ਇਸ ਨੂੰ ਛੱਡਿਆ ਨਹੀਂ ਜਾਂਦਾ। ਇਹ ਇੱਕ ਕਾਰੋਬਾਰੀ ਫਰਮ ਪ੍ਰਤੀ ਤੁਹਾਡੀ ਵਚਨਬੱਧਤਾ ਹੈ, ਕਿਸੇ ਮੁਲਕ ਪ੍ਰਤੀ ਨਹੀਂ, ਜਿੱਥੇ ਨਾਕਾਮੀ ‘ਦਗ਼ੇਬਾਜ਼ੀ’ ਬਰਾਬਰ ਨਹੀਂ ਸਮਝੀ ਜਾਂਦੀ।
ਵਿਰਾਟ ਵਚਨਬੱਧਤਾ, ਅਨੁਸ਼ਾਸਨ ਤੇ ਧਿਆਨ ਦਾ ਜਿਊਂਦਾ ਜਾਗਦਾ ਪ੍ਰਤੀਕ ਹੈ। ਉਹ ਧਿਆਨ ਭਟਕਾਉਣ ਵਾਲੇ ਜਿਹੜੇ ਹਾਵਾਂ-ਭਾਵਾਂ ਨਾਲ ਆਪਣੇ ਵਿਰੋਧੀਆਂ ਲਈ ਰੁਕਾਵਟਾਂ ਖੜ੍ਹੀਆਂ ਕਰਦਾ ਹੈ, ਛੋਟੇ ਫਾਰਮੈਟਾਂ ਵਿੱਚ ਉਨ੍ਹਾਂ ਨਾਲ ਹੀ ਅਜੇ ਵੀ ਵਿਰੋਧੀਆਂ ਨੂੰ ਚਕਮਾ ਦੇ ਸਕਦਾ ਹੈ। ਉਹ ਉਨ੍ਹਾਂ ਨਾਲੋਂ ਵਧੀਆ ਬੱਲੇਬਾਜ਼ੀ ਕਰ ਸਕਦਾ ਹੈ, ਉਨ੍ਹਾਂ ਨਾਲੋਂ ਤੇਜ਼ ਦੌੜ ਸਕਦਾ ਹੈ ਅਤੇ ਉਨ੍ਹਾਂ ਦਾ ਮਨ ਭਟਕਾ ਕੇ ਉਨ੍ਹਾਂ ਨੂੰ ਹਰਾ ਸਕਦਾ ਹੈ। ਪਰ ਹੁਣ ਉਹ ਸਭ ਤੋਂ ਵੱਧ ਮਿਹਨਤ ਵਾਲੇ ਫਾਰਮੈਟ ਟੈਸਟ ਕ੍ਰਿਕਟ ਵਿੱਚ ਇਹ ਕਰਨ ਦੇ ਯੋਗ ਨਹੀਂ ਰਿਹਾ। ਉਸ ਦੀ ਖੇਡ ਵਿੱਚ ਆਈ ਤਕਨੀਕੀ ਕਮਜ਼ੋਰੀ ਅਤੇ ਪੰਜ ਦਿਨਾਂ ਤੱਕ ਆਪਣੀ ਊਰਜਾ ਨੂੰ ਕਾਇਮ ਰੱਖਣ ਦੀ ਸਮੱਰਥਾ, ਹੁਣ ਉਸ ਵਿੱਚ ਨਹੀਂ ਰਹੀ।
ਵਿਰਾਟ ਸੱਚੇ ਅਰਥਾਂ ਵਿੱਚ ਵੀਰਤਾ ਦਾ ਅਰਥ ਦੱਸਦਾ ਹੈ। ਉਹ ਇੱਕ ਨਿਡਰ ਯੋਧਾ ਹੈ ਜੋ ਆਪਣੇ ਆਪ ਨੂੰ ਮਹਾਮਾਨਵ ਵਰਗੀ ਊਰਜਾ ਨਾਲ ਭਰਦਾ ਹੈ, ਵਿਰੋਧੀਆਂ ਨੂੰ ਉਕਸਾਉਂਦਾ ਹੈ। ਕ੍ਰਿਕਟ ਦੇ ਇਤਿਹਾਸ ਵਿੱਚ ਇਹ ਸ਼ਾਇਦ ਹੀ ਕਦੇ ਹੋਇਆ ਹੋਵੇਗਾ, ਖ਼ਾਸ ਕਰਕੇ ਭਾਰਤ ਵਿੱਚ ਤਾਂ ਬਿਲਕੁਲ ਨਹੀਂ ਕਿ ਕ੍ਰੋਧ ਤੇ ਭੜਕਾਹਟ ਦੇ ਅਨੋਖੇ ਰੂਪ ਨੂੰ ਧਿਆਨ ਦੀ ਅਵਸਥਾ ਨਾਲ ਜੋੜ ਕੇ ਬੇਹੱਦ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੋਵੇ। ਉਸ ਦੀ ਕਪਤਾਨੀ ਦਾ ਰਿਕਾਰਡ ਵੀ ਇਸੇ ਕਰ ਕੇ ਸ਼ਾਨਦਾਰ ਰਿਹਾ ਕਿ ਉਸ ਨੇ ਟੀਮ ਵਿੱਚ ਊਰਜਾ ਦਾ ਸਰੋਤ ਬਣ ਕੇ ਖੇਡ ਨੂੰ ਸਜੀਵ ਕਰ ਦਿੱਤਾ ਜਿਸ ਨੇ ਉਸ ਨੂੰ ਟੈਸਟ ਕ੍ਰਿਕਟ ਦਾ ਚਿਹਰਾ ਬਣਾ ਦਿੱਤਾ।
ਉਸ ਨੇ ਖ਼ੁਦ ਕਬੂਲਿਆ ਹੈ ਕਿ ਇਹ ਸਭ ਕਰਨਾ ਉਸ ਨੂੰ ਥਕਾ ਦਿੰਦਾ ਸੀ। ਸਮੇਂ ਦੇ ਨਾਲ, ਉਸ ਨੂੰ ਆਪਣੀ ਸ਼ਖ਼ਸੀਅਤ ਦੇ ਕੁਝ ਪੱਖ ਤੰਗ ਕਰਨ ਲੱਗੇ, ਪਰ ਉਹ ਖ਼ੁਦ ਹੀ ਬਣਾਈ ਆਪਣੀ ਉਸ ਪਛਾਣ ਦਾ ਗ਼ੁਲਾਮ ਬਣ ਚੁੱਕਾ ਸੀ। ਉਸ ਨੂੰ ‘ਅਭਿਨੈ’ ਕਰਨਾ ਪੈਂਦਾ ਸੀ, ਭਾਵੇਂ ਉਹ ਚਾਹੁੰਦਾ ਹੋਵੇ ਜਾਂ ਨਾ। ਜਦੋਂ ਉਹ ਬੱਲੇਬਾਜ਼ ਵਜੋਂ ਅਸਫ਼ਲ ਹੋਣ ਲੱਗਾ, ਤਾਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋਇਆ ਤੇ ਬਚਣ ਲਈ ਹੱਥ-ਪੈਰ ਮਾਰਨ ਲੱਗਾ।
ਹੁਣ ਉਹ ਆਪਣੇ ਅੰਦਰਲੇ ਸ਼ੈਤਾਨਾਂ ਦਾ ਸਾਹਮਣਾ ਕਰਨਾ ਚਾਹੁੰਦਾ ਹੈ ਤੇ ਆਪਣੇ ਮਨ ਨੂੰ ‘ਸੁਥਰਾ’ ਕਰਨ ਦੀ ਇੱਛਾ ਰੱਖਦਾ ਹੈ। ਉਹ ਅਜਿਹਾ ਇਨਸਾਨ ਹੈ ਜੋ ਹਮੇਸ਼ਾ ਬਦਲਣ, ਸੋਚਣ ਤੇ ਚਿੰਤਨ ਕਰਨ ਲਈ ਤਿਆਰ ਰਹਿੰਦਾ ਹੈ ਤੇ ਉਸ ਦਾ ਅਧਿਆਤਮ ਵੱਲ ਮੋੜਾ ਦਰਸਾਉਂਦਾ ਹੈ ਕਿ ਉਹ ਅੰਦਰੂਨੀ ਸ਼ਾਂਤੀ ਦੀ ਤਲਾਸ਼ ਵਿੱਚ ਹੈ।
ਉਸ ਦੀ ਕੌਮਾਂਤਰੀ ਯਾਤਰਾ ਇੱਕ ਮਾਸੂਮ ਜਿਹੇ ਮੁੰਡੇ ਵਜੋਂ ਸ਼ੁਰੂ ਹੋਈ ਸੀ ਜਿਸ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ ਕਿ ਦੁਨੀਆ ਕੀ ਸੋਚਦੀ ਹੈ। ਉਸ ਨੇ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਜਿਤਾਇਆ। ਪਰ ਦੁਨਿਆਵੀ ਜ਼ਿੰਦਗੀ ਦੇ ਮਜ਼ੇ ਲੈਣ ਦੀ ਚਾਹ ਵਿੱਚ ਅਨੁਸ਼ਾਸਨ ਤੇ ਸਖ਼ਤ ਮਿਹਨਤ ਉਸ ਤੋਂ ਛੁੱਟ ਗਈ। ਉਸ ਨੇ ਹਾਲਾਂਕਿ ਸਮੇਂ ਸਿਰ ਜਾਣ ਲਿਆ ਕਿ ਉਸ ਦੀ ਕ੍ਰਿਕਟ ਪ੍ਰਭਾਵਿਤ ਹੋ ਰਹੀ ਸੀ ਅਤੇ ਉਸ ਨੂੰ ਬਦਲਣ ਦੀ ਲੋੜ ਸੀ। ਉਸ ਵਿੱਚ ਆਇਆ ਇਹ ਬਦਲਾਅ ਨਾਟਕੀ ਸੀ- ਸਖ਼ਤ ਅਨੁਸ਼ਾਸਨ ਅਤੇ ਡਾਈਟ ਰੁਟੀਨ ਨੇ ਉਹ ਵਿਰਾਟ ਕੋਹਲੀ ਪੈਦਾ ਕੀਤਾ ਜਿਸ ਨੂੰ ਦੁਨੀਆ ਨੇ ਪਲਕਾਂ ’ਤੇ ਬਿਠਾ ਲਿਆ।
ਪੰਦਰਾਂ ਸਾਲਾਂ ’ਚ ਵਿਰਾਟ ਨੇ ਉਹ ਸਭ ਕੁਝ ਹਾਸਿਲ ਕੀਤਾ ਜਿਸ ਦਾ ਇੱਕ ਖਿਡਾਰੀ ਸੁਪਨਾ ਤਾਂ ਦੇਖਦਾ ਹੈ ਪਰ ਥੋੜ੍ਹੇ ਹੀ ਹੁੰਦੇ ਹਨ ਜੋ ਹਾਸਿਲ ਕਰ ਪਾਉਂਦੇ ਹਨ: ਮਹਾਨਤਾ ਦਾ ਦਰਜਾ, ਟੈਸਟ ਕ੍ਰਿਕਟ ਦਾ ਮੁੱਖ ਚਿਹਰਾ, ਬੱਲੇਬਾਜ਼ੀ ਦਾ ਜਾਦੂਗਰ ਅਤੇ ਕਮਾਲ ਦਾ ਕਪਤਾਨ। ‘ਖੇਡਿਆ ਜਾਵੇ ਜਾਂ ਨਾ’, ਇਹ ਸਵਾਲ ਉਸ ਦੇ ਮਨ ਵਿੱਚ ਚੱਲਦਾ ਰਿਹਾ ਹੋਵੇਗਾ, ਰਾਤਾਂ ਵੀ ਬੇਚੈਨੀ ’ਚ ਗੁਜ਼ਰੀਆਂ ਹੋਣਗੀਆਂ। ਵਿਰਾਟ, ਜੋ ਚੁਣੌਤੀਆਂ ’ਤੇ ਜਿਊਂਦਾ ਸੀ ਤੇ ਸੰਘਰਸ਼ ਪਸੰਦ ਕਰਦਾ ਸੀ, ਨੇ ਅਖ਼ੀਰ ਆਪਣੇ ਆਪ ਨੂੰ ਮਨਾਇਆ ਕਿ ਹੁਣ ਸਮਾਂ ਆ ਗਿਆ ਹੈ ਇਸ ਸਭ ਨੂੰ ਛੱਡ ਕੇ ਅੱਗੇ ਵਧਿਆ ਜਾਵੇ ਕਿਉਂਕਿ ਜ਼ਿੰਦਗੀ ਵਿੱਚ ‘ਕੇਵਲ’ ਕ੍ਰਿਕਟ ਤੋਂ ਵਧ ਕੇ ਹੋਰ ਵੀ ਬਹੁਤ ਕੁਝ ਹੈ।