ਵਿਧਾਇਕ ਵੱਲੋਂ ਸਨੌਰ ਨੂੰ ਤਹਿਸੀਲ ਬਣਾਉਣ ਦੀ ਮੰਗ
ਸਰਬਜੀਤ ਭੰਗੂ
ਸਨੌਰ, 9 ਜੂਨ
ਇੱਥੇ ਸਨੌਰ ਹਲਕੇ ’ਚ ਪੈਂਦੀ ਦੂਧਨਸਾਧਾਂ ਤਹਿਸੀਲ ਦੇ 8.55 ਕਰੋੜ ਨਾਲ ਬਣੇ ਕੰਪਲੈਕਸ ਦਾ ਉਦਘਾਟਨ ਕਰਨ ਆਏ ਮੁੱਖ ਮੰਤਰੀ ਭਗਵੰਤ ਮਾਨ ਕੋਲ ਹਲਕਾ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਹਲਕੇ ਦੀਆਂ ਕਈ ਅਹਿਮ ਮੰਗਾਂ ਰੱਖੀਆਂ। ਉਨ੍ਹਾਂ ਦੱਸਿਆ ਕਿ ਹਲਕੇ ਸਨੌਰ ਦੇ 250 ਵਿੱਚੋਂ 90 ਪਿੰਡ ਦੂਧਨਸਾਧਾਂ ਤਹਿਸੀਲ ਤੇ 160 ਪਿੰਡ ਪਟਿਆਲਾ ਤਹਿਸੀਲ ’ਚ ਪੈਂਦੇ ਹਨ, ਇਸ ਲਈ ਸਨੌਰ ਨੂੰ ਤਹਿਸੀਲ ਬਣਾ ਕੇ ਇਹ 160 ਪਿੰਡ ਸਨੌਰ ’ਚ ਪਾ ਦਿੱਤੇ ਜਾਣ। ਹਲਕੇ ਵਿਚਲੇ ਬਹਾਦਰਗੜ੍ਹ ਨੂੰ ਨਗਰ ਪੰਚਾਇਤ ਬਣਾਇਆ ਜਾਵੇ ਤੇ ਹਲਕੇ ਨੂੰ ਇੰਡਸਟਰੀ ਜ਼ੋਨ ਐਲਾਨਿਆ ਜਾਵੇ। ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਟਾਂਗਰੀ ਡੂੰਘੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਪਗਰੇਡ ਕਰ ਕੇ ਸਬ ਹਸਪਤਾਲ ਬਣਾਇਆ ਜਾਵੇ ਜਦਕਿ ਇਮਾਰਤ ਪਹਿਲਾਂ ਹੀ ਮੌਜੂਦ ਹੈ। ਇਕਲੌਤੇ ਮੀਰਾਂਪੁਰ ਕਾਲਜ ਦੀ ਇਮਾਰਤ ਅੱਪਗਰੇਡ ਕਰਨ ਲਈ 10 ਕਰੋੜ ਰੁਪਏ ਦਿੱਤੇ ਜਾਣ ਤੇ ਲੜਕੀਆਂ ਦਾ ਕਾਲਜ ਵੀ ਬਣਾਇਆ ਜਾਵੇ। ਪਟਿਆਲਾ-ਪਿਹੋਵਾ ਸੜਕ ਨੂੰ ਚਹੁੰ-ਮਾਰਗੀ ਕਰਨ ਸਮੇਤ ਸਾਰੀਆਂ ਸੜਕਾਂ 18 ਫੁੱਟੀਆਂ ਕੀਤੀਆਂ ਜਾਣ। ਪਠਾਣਮਾਜਰਾ ਨੇ ਕਿਹਾ ਕਿ ਅੱਜ ਇੱਥੇ ਹੋਏ ਲਾਮਿਸਾਲ ਇਕੱਠ ’ਚ ਜਿੱਥੇ ਸਰਪੰਚ, ਪੰਚ, ਬਲਾਕ ਸਮਿਤੀ ਮੈਂਬਰ, ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਸਮੇਤ ਆਮ ਲੋਕ ਵੀ ਹਜ਼ਾਰਾਂ ਦੀ ਗਿਣਤੀ ’ਚ ਸ਼ਾਮਲ ਹੋਏ ਹਨ। ਲੋਕਾਂ ਲਈ ਪ੍ਰਬੰਧ ਥੋੜ੍ਹੇ ਪੈਣ ’ਤੇ ਵਿਧਾਇਕ ਨੇ ਲੋਕਾਂ ਤੋਂ ਮੁਆਫ਼ੀ ਵੀ ਮੰਗੀ। ਵਿਸ਼ਾਲ ਇਕੱਠ ਤੋਂ ਬਾਗੋ-ਬਾਗ ਹੋਏ ਮੁੱਖ ਮੰਤਰੀ ਨੇ ਵੀ ਵਿਧਾਇਕ ਪਠਾਣਮਾਜਰਾ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ 45 ਫੀਸਦੀ ਤਾਪਮਾਨ ਦੇ ਵਿੱਚ ਇਹ ਲਾਮਿਸਾਲ ਇਕੱਠ ਕਰਕੇ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਹਲਕੇ ਦੇ ਲੋਕ ਅੱਜ ਵੀ ਪਠਾਣਮਾਜਰਾ ਤੇ ‘ਆਪ’ ਸਰਕਾਰ ਦੇ ਨਾਲ ਹਨ। ਇਕੱਠ ਤੋਂ ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕੀਤਾ। ਵਿਧਾਇਕ ਪਠਾਣਮਾਜਰਾ ਨੂੰ ਵਧਾਈਆਂ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਜਹਾਜ਼ ਰਾਹੀਂ ਦੇਖਿਆ ਸੀ ਕਿ ਜਿੰਨੇ ਲੋਕ ਪੰਡਾਲ ਦੇ ਅੰਦਰ ਸਨ, ਓਨੇ ਹੀ ਪੰਡਾਲ ਤੋਂ ਬਾਹਰ ਵੀ ਸਨ।
ਭਾਕਿਯੂ ਵੱਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ
ਦੇਵੀਗੜ੍ਹ (ਪੱਤਰ ਪ੍ਰੇਰਕ): ਸਬ-ਡਿਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦੇ ਉਦਘਾਟਨ ਮੌਕੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਨ੍ਹਾਂ ਵਿੱਚ ਪੰਜਾਬ ਵਿੱਚ ਕਿਸਾਨਾਂ ਦੀਆਂ ਹੜ੍ਹਾਂ ਦੀ ਮਾਰ ਅਤੇ ਕੁਦਰਤੀ ਆਫ਼ਤਾਂ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦਿੱਤੇ ਜਾਣ ਦੀ ਮੰਗ ਰੱਖੀ ਗਈ। ਇਸ ਤੋਂ ਇਲਾਵਾ ਪੰਜਾਬ ਦੀ ਜਵਾਨੀ ਨੂੰ ਸਿੰਥੈਟਿਕ ਨਸ਼ਿਆਂ ਤੋਂ ਬਚਾਉਣ ਲਈ ਖਸਖਸ ਦੀ ਖੇਤੀ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਹਲਕਾ ਸਨੌਰ ਦੀਆਂ ਸੜਕਾਂ ਦੀ ਹੋ ਰਹੀ ਖਸਤਾ ਹਾਲਤ ’ਤੇ ਧਿਆਨ ਦੇਣ ਦੀ ਮੰਗ ਕੀਤੀ ਗਈ। ਬਿਜਲੀ ਬੋਰਡ ਵੱਲੋਂ ਲਾਏ ਜਾਣ ਵਾਲੇ ਚਿੱਪ ਵਾਲੇ ਮੀਟਰਾਂ ’ਤੇ ਰੋਕ ਲਾਉਣ ਅਤੇ ਆਬਾਦਕਾਰ ਕਿਸਾਨਾਂ ਤੋਂ ਜ਼ਮੀਨਾਂ ਨਾ ਛੁਡਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਪ੍ਰੈੱਸ ਸਕੱਤਰ ਹਰਬੰਸ ਸਿੰਘ ਦਦਹੇੜਾ, ਜਰਨਲ ਸਕੱਤਰ ਪੰਜਾਬ ਕੈਪਟਨ ਮੇਜਰ ਸਿੰਘ, ਭਾਗ ਸਿੰਘ ਨੰਬਰਦਾਰ, ਅਮਰਜੀਤ ਸਿੰਘ ਨੰਬਰਦਾਰ, ਕੈਪਟਨ ਬੜਿੰਗ, ਜਸਪਾਲ ਸਿੰਘ ਹੈਪੀ, ਮੇਜਰ ਸਿੰਘ ਉਕਸੀ, ਬਲਕਾਰ ਸਿੰਘ ਸੈਕਟਰੀ, ਗੁਰਮੀਤ ਸਿੰਘ ਨਸਹਿਰਾ, ਰਘਵੀਰ ਸਿੰਘ ਸ਼ੰਭੂ ਕਲਾਂ, ਰਾਜ ਕਿਸ਼ਨ ਉਕਸੀ, ਸੰਸਾਰ ਸਿੰਘ ਸ਼ਾਦੀਪੁਰ ਖੁੱਡਾ, ਲੱਖਾ ਸੰਧੂ ਸ਼ਾਦੀਪੁਰ ਖੁੱਡਾ, ਲੱਖਾ ਸਿੰਘ ਵਿਰਕ ਉਪਲੀ, ਸ਼ਬੇਗ ਸਿੰਘ, ਹਾਕਮ ਸਿੰਘ ਥੂਹੀ, ਭਗਵੰਤ ਸਿੰਘ ਗੁਰਾਇਆ, ਜਸਪਾਲ ਸਿੰਘ ਡੰਡੋਆ ਹਾਜ਼ਰ ਸਨ।