ਆਤਿਸ਼ ਗੁਪਤਾਚੰਡੀਗੜ੍ਹ, 6 ਫਰਵਰੀਪੰਜਾਬ ਦੇ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਤੇ ਕਪੂਰਥਲਾ ਸਣੇ ਵੱਖ-ਵੱਖ ਛੇ ਟਿਕਾਣਿਆਂ ’ਤੇ ਅੱਜ ਸਵੇਰੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਛਾਪੇ ਮਾਰੇ। ਇਸ ਦੌਰਾਨ ਟੀਮਾਂ ਵੱਲੋਂ ਰਾਣਾ ਗੁਰਜੀਤ ਸਿੰਘ ਦੀ ਜਾਇਦਾਦ ਅਤੇ ਆਮਦਨ ਬਾਰੇ ਘੋਖ ਕੀਤੀ ਗਈ। ਟੀਮ ਨੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ ’ਤੇ ਪਏ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਉੱਥੇ ਮੌਜੂਦ ਲੋਕਾਂ ਤੋਂ ਪੁੱਛ-ਪੜਤਾਲ ਵੀ ਕੀਤੀ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਇੱਕੋ ਸਮੇਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰੇ। ਟੀਮਾਂ ਵੱਲੋਂ ਰਾਣਾ ਗੁਰਜੀਤ ਦੇ ਕਪੂਰਥਲਾ ਸਥਿਤ ਘਰ ਅਤੇ ਮਿੱਲ, ਚੰਡੀਗੜ੍ਹ ਦੇ ਸੈਕਟਰ- 4 ਤੇ 9 ਸਥਿਤ ਤਿੰਨ ਘਰਾਂ ਅਤੇ ਚੰਡੀਗੜ੍ਹ ਸਥਿਤ ਐੱਮਐੱਲਏ ਹੋਸਟਲ ਵਿੱਚ ਫਲੈਟ ਨੰਬਰ-53 ’ਚ ਪਹੁੰਚ ਕੇ ਜਾਂਚ ਕੀਤੀ ਗਈ। ਇਸ ਦੌਰਾਨ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਨਾ ਕਿਸੇ ਨੂੰ ਘਰ ਦੇ ਅੰਦਰ ਦਾਖਲ ਹੋਣ ਦਿੱਤਾ ਅਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦਿੱਤਾ। ਟੀਮਾਂ ਨੇ ਪੱਤਰਕਾਰਾਂ ਨਾਲ ਵੀ ਕੋਈ ਗੱਲਬਾਤ ਨਹੀਂ ਕੀਤੀ।ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਪੰਜਾਬ ਵਿਧਾਨ ਸਭਾ ਵਿੱਚ ਸਭ ਤੋਂ ਅਮੀਰ ਵਿਧਾਇਕਾਂ ’ਚੋਂ ਇਕ ਹਨ। ਪੰਜਾਬ, ਉੱਤਰਾਖੰਡ ਤੇ ਯੂਪੀ ਵਿੱਚ ਉਨ੍ਹਾਂ ਦੀਆਂ ਡਿਸਟਿਲਰੀਜ਼ ਅਤੇ ਖੰਡ ਮਿੱਲਾਂ ਹਨ। ਉਨ੍ਹਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹੈ।ਫੋਟੋ- ਕਪੂਰਥਲਾ ਵਿੱਚ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਰਿਹਾਇਸ਼ ’ਤੇ ਛਾਪਾ ਮਾਰਨ ਪੁੱਜੇ ਆਮਦਨ ਕਰ ਵਿਭਾਗ ਦੀ ਟੀਮ ਨਾਲ ਆਏ ਪੁਲੀਸ ਮੁਲਾਜ਼ਮ। -ਫੋਟੋ: ਮਲਕੀਅਤ ਸਿੰਘ