ਵਿਧਾਇਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 8 ਜੂਨ
ਕਾਂਗਰਸੀ ਵਿਧਾਇਕ ਅਸ਼ੋਕ ਅਰੋੜਾ ਨੇ ਆਪਣੇ ਧੰਨਵਾਦੀ ਦੌਰ ’ਤੇ ਦੂਜੇ ਦਿਨ ਪਿੰਡ ਸੁਨੇਹੜੀ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਥਾਨੇਸਰ ਹਲਕੇ ਦੇ ਲੋਕਾਂ ਨਾਲ 35 ਸਾਲ ਪੁਰਾਣਾ ਪਰਿਵਾਰਕ ਰਿਸ਼ਤਾ ਹੈ। ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜ ਵਾਰ ਵਿਧਾਇਕ ਬਣਾ ਕੇ ਉਨ੍ਹਾਂ ਤੇ ਜੋ ਭਰੋਸਾ ਪ੍ਰਗਟਾਇਆ ਹੈ ਉਸ ਲਈ ਉਹ ਧੰਨਵਾਦੀ ਹਨ ਤੇ ਉਹ ਉਨ੍ਹਾਂ ਦੇ ਭਰੋਸੇ ’ਤੇ ਖਰਾ ਉਤਰਨਗੇ। ਅਰੋੜਾ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨਾਂ ਦੌਰਾਨ ਉਨ੍ਹਾਂ ਨੇ ਕਈ ਜਨਤਕ ਮੁੱਦੇ ਉਠਾਏ ਤੇ ਆਪਣੀ ਡਿਊਟੀ ਨਿਭਾਈ। ਸੁਨੇਹੜੀ ਪਿੰਡ ਪੁੱਜਣ ’ਤੇ ਪਿੰਡ ਦੇ ਲੋਕਾਂ ਵਲੋਂ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਅਰੋੜਾ ਨੇ ਪਿੰਡ ਆਲਮਪੁਰ, ਇਸ਼ਾਕ ਪੁਰ, ਕੁਵਾਰ ਖੇੜੀ, ਬੀੜ ਅਮੀਨ, ਪਲਵਲ, ਖੇੜੀ ਰਾਮ ਨਗਰ, ਫਤੂਪੁਰ, ਚੰਦਰਭਾਨ ਪੁਰ, ਖਾਸ ਪੁਰ ਤੇ ਅਭਿਮੰਨਿਊਪੁਰ ਦਾ ਵੀ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਸਮੱਸਿਆਵਾਂ ਹੱਲ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਲੇਸ਼ ਸ਼ਰਮਾ, ਸੂਬਾ ਕਾਂਗਰਸ ਦੇ ਸਾਬਕਾ ਸੰਗਠਨ ਮੰਤਰੀ ਸੁਭਾਸ਼ ਪਾਲੀ, ਮਾਇਆ ਰਾਮ ਚੰਦਰਭਾਨ ਪੁਰ, ਵਿਵੇਕ ਭਾਦੁਆਜ, ਓਮ ਪ੍ਰਕਾਸ਼ ਪਲਵਲ, ਸੁਨੀਲ ਰਾਣਾ ਚੰਦਰਭਾਨ ਬਾਲਮੀਕੀ ਸਣੇ ਕਈ ਕਾਂਗਰਸ ਆਗੂ ਮੌਜੂਦ ਸਨ। ਅਰੋੜਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਰਾਜ ਵਿਚ ਹਰ ਵਿਭਾਗ ਵਿਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਉਨ੍ਹਾਂ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿਚ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਸੀ। ਅਰੋੜਾ ਨੇ ਕਿਹਾ ਕਿ ਉਹ ਵਿਧਾਇਕ ਵਜੋਂ ਲੋਕਾਂ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰਾ ਕਰਨਗੇ।