ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 9 ਜੂਨ
ਵਿਧਾਇਕ ਕੁਲਵੰਤ ਸਿੰਘ ਨੇ ਸੋਮਵਾਰ ਨੂੰ ਸੈਕਟਰ-79 ਸਥਿਤ ਪਾਰਟੀ ਦਫ਼ਤਰ ਵਿੱਚ ਖੁੱਲ੍ਹਾ ਦਰਬਾਰ ਲਗਾ ਕੇ ਸ਼ਹਿਰੀ ਤੇ ਪੇਂਡੂ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਜ਼ਿਆਦਾਤਰ ਸਮੱਸਿਆਵਾਂ ਬਿਜਲੀ ਸਪਲਾਈ, ਘਰੇਲੂ ਹਿੰਸਾ, ਇੰਤਕਾਲਾਂ, ਬਦਲੀਆਂ ਅਤੇ ਲੜਾਈ-ਝਗੜਿਆਂ ਸਬੰਧੀ ਸਨ। ਇਸ ਦੌਰਾਨ ਇੱਕ ਔਰਤ ਨੇ ਅਸਲਾ ਲਾਇਸੈਂਸ ਬਣਾਉਣ ਦੀ ਅਰਜ਼ੀ ਦਿੱਤੀ। ਬਿਨੈਕਾਰ ਔਰਤ ਨੇ ਕਿਹਾ ਕਿ ਉਸ ਨੇ ਬੀਤੀ 4 ਅਪਰੈਲ ਨੂੰ ਅਪਲਾਈ ਕੀਤਾ ਸੀ। ਹਾਲੇ ਤੱਕ ਫਾਈਲ ਨੂੰ ਕਲੀਅਰ ਨਹੀਂ ਕੀਤਾ।
ਵਿਧਾਇਕ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਅਕਸਰ ਬਿਜਲੀ ਦੀ ਮੰਗ ਵਧ ਜਾਂਦੀ ਹੈ, ਪ੍ਰੰਤੂ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਮੁਹਾਲੀ ਦੀ ਸਥਿਤੀ ਕਾਫ਼ੀ ਬਿਹਤਰ ਹੈ। ਇਸ ਦੇ ਬਾਵਜੂਦ ਉਨ੍ਹਾਂ ਪਾਵਰਕੌਮ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਸਿਫ਼ਾਰਸ਼ ਕੀਤੀ। ਲੜਾਈ-ਝਗੜਿਆਂ ਸਬੰਧੀ ਵਿਧਾਇਕ ਨੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇ। ਇੰਤਕਾਲ ਦੇ ਮਾਮਲਿਆਂ ਬਾਰੇ ਉਨ੍ਹਾਂ ਐੱਸਡੀਐੱਮ ਅਤੇ ਤਹਿਸੀਲਦਾਰ ਨੂੰ ਇੰਤਕਾਲ ਛੇਤੀ ਕਰਨ ਦੀ ਹਦਾਇਤ ਕੀਤੀ।