ਵਿਧਾਇਕਾ ਵੱਲੋਂ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ
ਬਹਾਦਰਜੀਤ ਸਿੰਘ
ਬਲਾਚੌਰ, 30 ਜੂਨ
ਵਿਧਾਨ ਸਭਾ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੇ ਜਗਤਪੁਰ ਬਲਾਚੌਰ ਤੋ ਪੋਜੇਵਾਲ ਸਰਾਂ ਤੱਕ ਸੜਕ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਈ। ਇਹ ਸੜਕ ਪੰਜਾਬ ਮੰਡੀ ਬੋਰਡ ਵੱਲੋਂ 9 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਬਣਵਾਈ ਜਾ ਰਹੀ ਹੈ। ਕਸਬਾ ਪੋਜੇਵਾਲ ਸਰਾਂ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਹਲਕਾ ਬਲਾਚੌਰ ਦੇ ਅਣਗੌਲੇ ਵਿਕਾਸ ਕਾਰਜ ਮੌਜੂਦਾ ਸਰਕਾਰ ਵੱਲੋਂ ਨੇਪਰੇ ਚਾੜ੍ਹੇ ਜਾ ਰਹੇ ਹਨ। ਵਿਧਾਇਕਾ ਨੇ ਕਿਹਾ ਕਿ ਹਲਕੇ ਦੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਵਿਭਾਗ ਤੇ ਸੜਕ ਦੇ ਠੇਕੇਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਸੜਕ ਦੇ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦਾ ਘਟੀਆ ਮਟੀਰੀਅਲ ਵਰਤਿਆ ਗਿਆ ਤਾਂ ਉਸ ਠੇਕੇਦਾਰ ਤੇ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚੋਂ ਸੜਕਾਂ ਦਾ ਨਵੀਨੀਕਰਨ ਸ਼ੁਰੂ ਹੋਣ ਜਾ ਰਿਹਾ ਹੈ, ਉਹ ਪਿੰਡਾਂ ਦੇ ਲੋਕ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਗੁਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ 77 ਲਿੰਕ ਰੋਡ ਹਨ ਜਿਨ੍ਹਾਂ ਦਾ ਲਗਭਗ ਟੈਂਡਰ ਹੋ ਚੁੱਕਾ ਹੈ, ਉਨ੍ਹਾਂ ਦੇ ਕਾਰਜ ਵੀ ਜਲਦ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਐਕਸੀਅਨ ਨਵਾਂਸ਼ਹਿਰ ਗੌਰਵ ਭੱਟੀ, ਐੱਸਡੀਓ ਜਗਜੀਤ ਰਾਣਾ, ‘ਆਪ’ ਆਗੂ ਅਸ਼ੋਕ ਕਟਾਰੀਆ, ਸੁਦੇਸ਼ ਕਟਾਰੀਆ ਕਾਲਾ, ਪਰਮਜੀਤ ਸ਼ੰਮਾ ਸਰਪੰਚ, ਰਣਵੀਰ ਜੱਟਪੁਰ ਆਦਿ ਹਾਜ਼ਰ ਸਨ।