ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂਸੰਗਰੂਰ/ਭਵਾਨੀਗੜ੍ਹ, 9 ਜੂਨਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਬਾਲੀਆਂ, ਭਿੰਡਰਾਂ ਤੇ ਕਾਲਾਝਾੜ ਵਿੱਚ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੱਕੇ ਖਾਲਾਂ ਅਤੇ ਪਾਈਆਂ ਜਾ ਰਹੀਆਂ ਪਾਈਪ ਲਾਈਨਾਂ ਦੇ ਕੰਮ ਦਾ ਜਾਇਜ਼ਾ ਲਿਆ। ਇਨ੍ਹਾਂ ਪ੍ਰਾਜੈਕਟਾਂ ਸਦਕਾ ਕਰੀਬ 1300 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ।ਵਿਧਾਇਕਾ ਨੇ ਦੱਸਿਆ ਕਿ ਕਈ ਦਹਾਕਿਆਂ ਬਾਅਦ ਨਹਿਰੀ ਪਾਣੀ ਮਿਲਣ ਸਦਕਾ ਹਲਕਾ ਸੰਗਰੂਰ ਦੇ ਕਿਸਾਨ ਬਾਗੋ-ਬਾਗ ਹਨ। ਪਿੰਡ ਬਾਲੀਆਂ ਵਿੱਚ ਓਪਨ ਪੱਕੇ ਖਾਲ ਦੀ ਉਸਾਰੀ ਉੱਤੇ ਕਰੀਬ 67 ਲੱਖ ਰੁਪਏ ਖਰਚੇ ਜਾ ਰਹੇ ਹਨ, ਜਿਸ ਦੀ ਲੰਬਾਈ ਕਰੀਬ 12 ਹਜ਼ਾਰ ਫੁੱਟ ਹੈ ਤੇ ਇਸ ਨਾਲ ਕਰੀਬ 361 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਪਿੰਡ ਵਿੱਚ ਦੂਜਾ ਓਪਨ ਪੱਕਾ ਖਾਲ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜਿਸ ਦੀ ਲੰਬਾਈ ਕਰੀਬ 4100 ਫੁੱਟ ਹੈ ਤੇ ਇਸ ਨਾਲ ਕਰੀਬ 130 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਤਰ੍ਹਾਂ ਪਿੰਡ ਭਿੰਡਰਾਂ ਵਿੱਚ 28 ਲੱਖ ਰੁਪਏ ਦੀ ਲਾਗਤ ਨਾਲ ਕਰੀਬ 3200 ਫੁੱਟ ਲੰਬਾ ਓਪਨ ਪੱਕਾ ਖਾਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕਰੀਬ 130 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸ ਤੋਂ ਇਲਾਵਾ ਪਿੰਡ ਕਾਲਾਝਾੜ ਵਿੱਚ ਲਗਪਗ 60 ਲੱਖ ਰੁਪਏ ਦੀ ਲਾਗਤ ਕਰੀਬ 5 ਕਿਲੋਮੀਟਰ ਲੰਬੀ ਅੰਡਰ-ਗਰਾਊਂਡ ਪਾਈਪਲਾਈਨ ਪਾਈ ਜਾ ਰਹੀ ਹੈ, ਜਿਸ ਨਾਲ ਕਰੀਬ 450 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।ਵਿਧਾਇਕਾ ਭਰਾਜ ਨੇ ਦੱਸਿਆ ਕਿ ਪਿੰਡ ਰੂਪਾਹੇੜੀ ਦੇ ਵੱਡੇ ਰਕਬੇ ਨੂੰ ਮਾਈਨਰ ਨਾਲ ਪਹਿਲੀ ਵਾਰ ਝੋਨੇ ਦੇ ਸੀਜ਼ਨ ਵਿੱਚ ਨਹਿਰੀ ਪਾਣੀ ਮਿਲੇਗਾ। ਇਸ ਨਾਲ ਕਰੀਬ 04 ਹਜ਼ਾਰ ਏਕੜ ਨੂੰ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਦੱਸਿਆ ਕਿ ਬੱਬਨਪੁਰ ਵਾਲੀ ਨਹਿਰ ਤੋਂ ਲੈ ਕੇ ਖੇੜੀ ਤੱਕ 35 ਕਿਲੋਮੀਟਰ ਸੂਏ ਦੀ ਕਾਇਆ ਕਲਪ ਦਾ ਪ੍ਰਾਜੈਕਟ ਪਾਸ ਹੋ ਗਿਆ ਹੈ ਅਤੇ ਪੜਾਅਵਾਰ ਇਸ ਲਈ ਪੈਸੇ ਆਉਂਦੇ ਰਹਿਣਗੇ ਜਦਕਿ ਸ਼ੁਰੂਆਤ ਵਜੋਂ 3 ਕਰੋੜ ਰੁਪਏ ਆ ਗਏ ਹਨ। ਇਸ ਮੌਕੇ ਐੱਸ.ਡੀ.ਓ. ਕਰਨ ਬਾਂਸਲ, ਮੁਹੰਮਦ ਮੁਦੱਸਰ, ਜੇ.ਈ. ਲਵਪ੍ਰੀਤ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਅਹੁਦੇਦਾਰ, ਪਿੰਡਾਂ ਦੇ ਪੰਚ ਸਰਪੰਚ, ਪਤਵੰਤੇ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।