ਵਿਧਾਇਕਾ ਰੂਬੀ ਵੱਲੋਂ ਜਲ ਘਰ ਦਾ ਦੌਰਾ

ਸੰਗਤ ਮੰਡੀ ਦੇ ਜਲਘਰ ਵਿੱਚ ਬਣੇ ਕੂੜਾ ਡੰਪ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਦੇ ਹੋਏ ਵਿਧਾਇਕਾ ਰੂਬੀ।

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 20 ਸਤੰਬਰ
ਸੰਗਤ ਮੰਡੀ ਦੇ ਜਲਘਰ ਵਿੱਚ ਕੂੜਾ ਡੰਪ ਬਨਾਉਣ ਦੇ ਮਾਮਲੇ ਸਬੰਧੀ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਸ਼ੁੱਕਰਵਾਰ ਨੂੰ ਜਲਘਰ ਦਾ ਦੌਰਾ ਕੀਤਾ। ਵਿਧਾਇਕਾ ਵਲੋਂ ਮਾਮਲਾ ਡਿਪਟੀ ਕਮਿਸ਼ਮਰ ਬਠਿੰਡਾ ਬੀਸ੍ਰੀਨਿਵਾਸਨ ਦੇ ਧਿਆਨ ਵਿੱਚ ਲਿਆਉਣ ’ਤੇ ਨਾਇਬ ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨਿਕ ਅਮਲਾ ਮੌਕੇ ’ਤੇ ਪਹੁੰਚਿਆ, ਜਿਨ੍ਹਾਂ ਨੂੰ ਵਿਧਾਇਕਾ ਅਤੇ ਮੰਡੀ ਦੇ ਲੋਕਾਂ ਨੇ ਪਾਣੀ ਦੇ ਟੈਂਕ ਦੇ ਨਾਲ ਬਣਾਏ ਗਏ ਕੂੜੇ ਡੰਪ ਦਾ ਮੌਕਾ ਵਿਖਾਇਆ।
ਅਧਿਕਾਰੀਆਂ ਨੇ ਇਸ ਕੂੜਾ ਡੰਪ ਦੀ ਰਿਪੋਰਟ ਪ੍ਰਸ਼ਾਸਨ ਨੂੰ ਦੇਣ ਦੀ ਗੱਲ ਕਹੀ। ਵਿਧਾਇਕਾ ਰੂਬੀ ਨੇ ਕਿਹਾ ਕਿ ਗੰਦੇ ਪਾਣੀ ਦੀ ਸਪਲਾਈ ਕਾਰਣ ਬੀਤੇ ਦਿਨੀਂ ਪਿੰਡ ਹਰਰਾਏਪੁਰ ਅਤੇ ਰਾਮਾ ਮੰਡੀ ਵਿੱਚ ਲੋਕ ਕਾਲਾ ਪੀਲੀਆ ਦੇ ਸ਼ਿਕਾਰ ਹੋਏ ਹਨ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਆਗਿਆ ਦੇ ਜਲਘਰ ਵਿੱਚ ਕੂੜੇ ਦਾ ਡੰਪ ਬਣਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ ਕਿ ਕੂੜਾ ਡੰਪ ਕਿਸ ਦੇ ਕਹਿਣ ਤੇ ਬਣਾਇਆ ਗਿਆ ਅਤੇ ਕਿਹੜੇ ਫੰਡਾਂ ਵਿੱਚੋਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਮੇਂ ਵੀ ਪਾਣੀ ਦੂਸ਼ਿਤ ਹੋਣ ਨਾਲ ਇਕ ਵੀ ਨਗਰ ਨਿਵਾਸੀ ਬਿਮਾਰ ਹੋਇਆ ਤਾਂ ਸਬੰਧਿਤ ਅਧਿਕਾਰੀਆਂ ਤੇ ਤੁਰੰਤ ਮਾਮਲਾ ਦਰਜ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਨਗਰ ਕੌਂਸਲ ਦੀ ਅਜਿਹੀ ਕਿ ਮਜਬੂਰੀ ਹੋ ਗਈ ਸੀ ਕਿ ਜਲਘਰ ਨੂੰ ਕੂੜਾ ਡੰਪ ਬਣਾਉਣਾ ਪਿਆ ਹੈ, ਆਬਾਦੀ ਤੋਂ ਬਾਹਰ ਕਿਸੇ ਸਰਕਾਰੀ ਥਾਂ ਉਪਰ ਕੂੜਾ ਡੰਪ ਬਣਾਇਆ ਜਾ ਸਕਦਾ ਸੀ। ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਜ਼ਿੰਮੇਵਾਰ ਮੁਲਾਜ਼ਮਾਂ ’ਤੇ ਕਾਰਵਾਈ ਕਰਦਦਿਆਂ ਮਸਲਾ ਹੱਲ ਕਰਨ ਦੀ ਗੱਲ ਕਹੀ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਵੀ ਉਠਾਉਣਗੇ ਅਤੇ ਗੈਰ ਜਿੰਮੇਵਾਰਾਨਾ ਰਵੱਈਆ ਵਿਖਾਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ।

Tags :