ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਜੂਨ
ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਔਰਤਾਂ ਸਮੇਤ ਛੇ ਜਣਿਆਂ ਖ਼ਿਲਾਫ਼ ਠੱਗੀ ਦੇ ਦੋਸ਼ ਹੇਠ ਕੇਸ ਦਰਜ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੂੰ ਫੀਲਡ ਗੰਜ ਵਾਸੀ ਸੰਨੀ ਕੁਮਾਰ ਨੇ ਦੱਸਿਆ ਕਿ ਉਸ ਨੂੰ ਦੋ ਹੋਰ ਜਣਿਆਂ ਸਮੇਤ ਅਸਟਰੇਲੀਆ ਭੇਜਣ ਲਈ ਮੋਹਰ ਸਿੰਘ ਨਗਰ ਦੀਆਂ ਦੋ ਔਰਤਾਂ ਨੇ 2 ਲੱਖ 50 ਹਜ਼ਾਰ ਰੁਪਏ (ਪ੍ਰਤੀ ਵਿਅਕਤੀ) ਲੈ ਕੇ ਜਾਅਲੀ ਵੀਜ਼ਾ ਅਤੇ ਟਿਕਟਾਂ ਦੇ ਕੇ ਉਨ੍ਹਾਂ ਨਾਲ ਠੱਗੀ ਕੀਤੀ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਦਸਮੇਸ਼ ਨਗਰ ਸਾਹਨੇਵਾਲ ਕਲਾਂ ਵਾਸੀ ਸੰਦੀਪ ਕੌਰ ਦੀ ਸ਼ਿਕਾਇਤ ’ਤੇ ਮਾਨਸਾ ਦੀ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਉਸ ਦੇ ਬੇਟੇ ਅਕਸ਼ਦੀਪ ਸਿੰਘ ਨੂੰ ਆਸਟ੍ਰੇਲੀਆ ਵਰਕ ਪਰਮਿਟ ’ਤੇ ਭੇਜਣ ਲਈ 34 ਲੱਖ ਰੁਪਏ ਠੱਗੇ ਹਨ।
ਥਾਣਾ ਮੇਹਰਬਾਨ ਦੀ ਪੁਲੀਸ ਨੂੰ ਪ੍ਰੇਮ ਕਲੋਨੀ, ਮੇਹਰਬਾਨ ਵਾਸੀ ਬ੍ਰਿਜ ਮੋਹਣ ਨੇ ਦੱਸਿਆ ਹੈ ਕਿ ਪਿੰਡ ਚੂਹੜਪੁਰ, ਸ਼ਹੀਦ ਭਗਤ ਸਿੰਘ ਨਗਰ ਦੇ ਟਰੈਵਲ ਏਜੰਟ ਨੇ ਉਸ ਨੂੰ ਇਟਲੀ ਵਰਕ ਪਰਮਿਟ ’ਤੇ ਭੇਜਣ ਲਈ 12 ਲੱਖ 50 ਹਜ਼ਾਰ ਰੁਪਏ ਲੈ ਕਰਕੇ ਉਸ ਨੂੰ ਇਟਲੀ ਤਾਂ ਭੇਜ ਦਿੱਤਾ, ਪਰ ਉਸ ਕੋਲ ਇਟਲੀ ਦਾ ਵਰਕ ਪਰਮਿਟ ਵੀਜ਼ਾ ਨਾ ਹੋਣ ਕਰ ਕੇ ਵਾਪਸ ਆਉਣਾ ਪਿਆ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।