ਲਿਵਰਪੂਲ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਤੋਂ ਆਪਣਾ ਪਹਿਲਾ ਵਿਦੇਸ਼ੀ ਕੈਂਪਸ ਬੰਗਲੁਰੂ ਵਿੱਚ ਸਥਾਪਿਤ ਕਰਨ ਦੀ ਰਸਮੀ ਪ੍ਰਵਾਨਗੀ ਮਿਲ ਜਾਣ ਨਾਲ ਭਾਰਤ ਦੇ ਉਚੇਰੀ ਸਿੱਖਿਆ ਖੇਤਰ ਨੂੰ ਸੁਧਾਰਨ ਤੇ ਨਿਖਾਰਨ ਦੇ ਸੱਦਿਆਂ ਦਾ ਹੁੰਗਾਰਾ ਭਰਨ ਵਾਲੀਆਂ ਕੌਮਾਂਤਰੀ ਸੰਸਥਾਵਾਂ ਦੀ ਸੂਚੀ ਲੰਮੀ ਹੋ ਰਹੀ ਹੈ। ਬਰਤਾਨੀਆ ਦੀ ਇਹ ਯੂਨੀਵਰਸਿਟੀ ਜੋ 2026-27 ਤੋਂ ਆਪਣੇ ਦਾਖ਼ਲੇ ਸ਼ੁਰੂ ਕਰ ਰਹੀ ਹੈ, ਭਾਰਤ ਵਿੱਚ ਆਪਣਾ ਕੈਂਪਸ ਸ਼ੁਰੂ ਕਰਨ ਵਾਲੇ ਵੱਕਾਰੀ ਰਸੈੱਲ ਗਰੁੱਪ ਦੀ ਦੂਜੀ ਮੈਂਬਰ ਹੈ। ਇਸ ਤੋਂ ਪਹਿਲਾਂ ਸਾਊਥੈਂਪਟਨ ਯੂਨੀਵਰਸਿਟੀ ਨੇ ਗੁਰੂਗ੍ਰਾਮ ਵਿੱਚ ਆਪਣਾ ਕੈਂਪਸ ਖੋਲ੍ਹਿਆ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਮੁਤਾਬਿਕ, 2025-26 ਵਿੱਚ 15 ਯੂਨੀਵਰਸਿਟੀਆਂ ਵੱਲੋਂ ਆਪਣੇ ਕੈਂਪਸ ਸਥਾਪਿਤ ਕੀਤੇ ਜਾਣ ਦੀ ਤਵੱਕੋ ਕੀਤੀ ਜਾਂਦੀ ਹੈ। ਆਸਟਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪਹਿਲਾਂ ਹੀ ਗੁਜਰਾਤ ਵਿੱਚ ਆਪਣਾ ਕੰਮ-ਕਾਜ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਾਖਲੇ ਵਧਾਉਣ ਅਤੇ ਦੇਸ਼ ਦੇ ਸਿੱਖਿਆ ਟੀਚਿਆਂ ਨੂੰ ਅਗਾਂਹ ਵਧਾਉਣ ਲਈ ਇਸ ਤਰ੍ਹਾਂ ਦੀਆਂ ਸਾਂਝ ਭਿਆਲੀਆਂ ਦੀ ਲੋੜ ਹੈ। ਵਿਲੱਖਣ ਸਿੱਖਿਆ ਦਾ ਤਜਰਬਾ ਮੁਹੱਈਆ ਕਰਾਉਂਦੀ ਕਿਸੇ ਵੀ ਸਥਾਪਿਤ ਸੰਸਥਾ ਦੀ ਭਾਰਤ ਵਿੱਚ ਆਮਦ ਸਵਾਗਤਯੋਗ ਹੈ ਜਿਸ ਨਾਲ ਤੇਜ਼ੀ ਨਾਲ ਫੈਲ ਰਹੇ ਹਨ ਪਰ ਪ੍ਰੇਰਨਾ ਦੇਣ ਵਿੱਚ ਨਾ-ਕਾਬਿਲ ਭਾਰਤ ਦੇ ਸਿੱਖਿਆ ਧਰਾਤਲ ਵਿੱਚ ਵਾਧਾ ਹੋਵੇਗਾ।ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਵਿਦਿਆਰਥੀਆਂ ਦੀ ਲਗਾਤਾਰ ਵਧਦੀ ਗਿਣਤੀ ਦਰਸਾਉਂਦੀ ਹੈ ਕਿ ਮਿਆਰੀ ਉੱਚ ਸਿੱਖਿਆ ਦੀ ਮੰਗ ਪੂਰਨ ਵਿਚ ਭਾਰਤ ਦੀ ਯੋਗਤਾ ’ਚ ਪਾੜਾ ਵਧਦਾ ਗਿਆ ਹੈ। ਪਿਛਲੇ 15 ਸਾਲਾਂ ਜਾਂ ਉਸ ਤੋਂ ਕੁਝ ਵੱਧ ਸਮੇਂ ਤੋਂ ਪ੍ਰਾਈਵੇਟ ਸੰਸਥਾਵਾਂ ਦੀ ਗਿਣਤੀ ਬੇਤਹਾਸ਼ਾ ਵਧੀ ਹੈ, ਪਰ ਕੁਝ ਨੂੰ ਛੱਡ ਕੇ, ਬਾਕੀਆਂ ਦੇ ਮਿਆਰ ’ਤੇ ਸਵਾਲ ਉੱਠਦੇ ਰਹੇ ਹਨ, ਜਦੋਂਕਿ ਇਨ੍ਹਾਂ ਦੀ ਫ਼ੀਸ ਕਾਫ਼ੀ ਜ਼ਿਆਦਾ ਹੈ। ਇੱਕ ਅਣਸੁਲਝਿਆ ਮੁੱਦਾ- ਸਪੱਸ਼ਟ ਤੌਰ ’ਤੇ ਇਸ ਨੂੰ ਓਨਾ ਫੌਰੀ ਧਿਆਨ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਹੈ- ਉਹ ਫੈਕਲਟੀ ਦੀ ਗੰਭੀਰ ਘਾਟ ਤੇ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਹਨ। ਮੋਹਰੀ ਕੌਮਾਂਤਰੀ ਯੂਨੀਵਰਸਿਟੀਆਂ ਨੂੰ ਕੈਂਪਸ ਸਥਾਪਤੀ ਦਾ ਸੱਦਾ ਦੇਣਾ ਸ਼ਲਾਘਾਯੋਗ ਹੈ ਪਰ ਸਿੱਖਿਆ ਖੇਤਰ ’ਚ ਆਲਮੀ ਮੁਕਾਬਲੇਬਾਜ਼ੀ ਵਧਾਉਣ ਦੇ ਇਸ ਦੇ ਨਿਸ਼ਾਨੇ ਦੀ ਪੂਰਤੀ ਲਈ, ਸਰਕਾਰੀ ਸੰਸਥਾਵਾਂ ਨੂੰ ਵੀ ਢੁੱਕਵਾਂ ਹੁਲਾਰਾ ਦੇਣ ਦੀ ਲੋੜ ਪਏਗੀ ਅਤੇ ਨਾਲ ਹੀ ਪ੍ਰਾਈਵੇਟ ਖੇਤਰ ਵਿੱਚ ਵੱਧ ਸਖ਼ਤ ਮਿਆਰ ਸਥਾਪਿਤ ਕਰਨਾ ਪਏਗਾ। ਪਿਛਲੇ ਕੁਝ ਸਾਲਾਂ ਤੋਂ ਭਾਰਤ ਦੀਆਂ ਕਈ ਨਾਮੀ ਯੂਨੀਵਰਸਿਟੀਆਂ ਅਤੇ ਹੋਰਨਾਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਰਕਾਰੀ ਤੇ ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਦਾ ਜੋ ਰੁਝਾਨ ਦੇਖਣ ਨੂੰ ਮਿਲਿਆ ਹੈ, ਉਸ ਨਾਲ ਕਈ ਗ਼ਲਤ ਸੰਦੇਸ਼ ਗਏ ਹਨ।ਜ਼ੰਜ਼ੀਬਾਰ ਵਿੱਚ ਆਈਆਈਟੀ-ਮਦਰਾਸ ਕੈਂਪਸ ਨਾਲ ਭਾਰਤ ਵੀ ਬਾਹਰ ਆਪਣੀ ਮੌਜੂਦਗੀ ਦਾ ਵਿਸਤਾਰ ਕਰ ਰਿਹਾ ਹੈ। ਘਰ ਵਿੱਚ ਵਿਆਪਕ ਪ੍ਰਤਿਭਾ ਨੂੰ ਦਿਲਚਸਪ ਮੌਕੇ ਉਪਲਬਧ ਕਰਾਉਣਾ ਪਰਿਵਰਤਨਕਾਰੀ ਕਦਮ ਸਾਬਿਤ ਹੋ ਸਕਦਾ ਹੈ। ਇਸ ਪਾਸੇ ਸੰਜੀਦਗੀ ਨਾਲ ਪਹਿਲਕਦਮੀ ਕਰਨ ਦੀ ਲੋੜ ਹੈ।