ਵਿਦੇਸ਼ੋਂ ਭੇਜੇ ਸੋਨੇ ਦੇ ਬਿਸਕੁਟ ਨਾ ਪੁੱਜਦੇ ਕਰਨ ’ਤੇ ਕੇਸ ਦਰਜ

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਮਾਰਚ
ਵਿਦੇਸ਼ (ਲੈਬਨਾਨ) ’ਚ ਰਹਿੰਦੇ ਇੱੱਕ ਵਿਅਕਤੀ ਨੇ ਉਥੋਂ ਸੋਨੇ ਦੇ ਚਾਰ ਬਿਸਕੁਟ ਖਰੀਦ ਕੇ ਭਾਰਤ ਆ ਰਹੇ ਇੱਕ ਵਿਅਕਤੀ ਦੇ ਹੱਥ ਭੇਜੇ ਸਨ ਪਰ ਇਹ ਬਿਸਕੁਟ ਦੱਸੇ ਗਏ ਪਤੇ ਮੁਤਾਬਿਕ ਉਸ ਦੇ ਮਾਮੇ ਕੋਲ ਨਾ ਪੁੱਜਦੇ ਕਰਨ ਦੇ ਦੋਸ਼ ਲਾਏ ਗਏ ਹਨ। ਜਿਸ ਨੂੰ ਲੈ ਕੇ ਇਥੋਂ ਦੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਸਰਬਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਤਲਵੰਡੀ ਤਪਾ ਜ਼ਿਲ੍ਹਾ ਬਰਨਾਲਾ ਹਾਲ ਵਾਸੀ ਨਿਊ ਅਫਸਰ ਕਲੋਨੀ ਪਟਿਆਲਾ ਨੇ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਲੈਬਨਾਨ ਰਹਿੰਦਾ ਹੈ। ਇਸ ਦੌਰਾਨ ਹੀ ਉਥੋਂ ਭਾਰਤ ਆ ਰਹੇ ਜਤਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਨੂੰ ਉਸ ਨੇ ਸੋਨੇ ਦੇ ਚਾਰ ਬਿਸਕੁਟ ਇਹ ਕਹਿ ਕੇ ਫੜਾਏ ਸਨ ਕਿ ਇਹ ਬਿਸਕੁਟ ਉਹ ਉਸ ਦੇ ਮਾਮੇ ਸਵਰਨ ਸਿੰਘ ਕੋਲ ਪਹੁੰਚਾ ਦੇਵੇਗਾ। ਪਰ 19/4/19 ਨੂੰ ਭਾਰਤ ਆਉਣ ਦੇ ਬਾਵਜੂਦ ਇਸ ਵਿਅਕਤੀ ਨੇ ਅਜੇ ਤੱਕ ਵੀ ਸੋਨੇ ਦੇ ਇਹ ਬਿਸਕੁਟ, ਮੁਦਈ ਦੇ ਮਾਮੇ ਨੂੰ ਨਹੀਂ ਦਿੱਤੇ। ਹੁਣ ਗੱਲ ਕਰਨ ’ਤੇ ਉਸ ਨੇ ਇਹ ਬਿਸਕੁਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿੱਚ ਜਤਿੰਦਰ ਸਿੰਘ ਖ਼ਿਲਾਫ਼ ਧਾਰਾ 406 ਤਹਿਤ ਕੇਸ ਦਰਜ ਕੀਤਾ ਗਿਆ ਹੈ।