ਵਿਦਿਆਰਥੀਆਂ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਨਾਲ ਵਿਸ਼ੇਸ਼ ਮਿਲਣੀ
ਹੇਵਰਡ (ਹਰਦਮ ਮਾਨ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਦੇ ਸਨਮਾਨ ਵਿੱਚ ਮੂਨ ਰੈਸਟੋਰੈਂਟ ਹੇਵਰਡ ਵਿਖੇ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਦੇ ਪ੍ਰਬੰਧਕ ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਡਾ. ਬਰਾੜ ਬਾਰੇ ਦੱਸਿਆ ਕਿ ਮੈਡਮ ਨੇ ਅੱਧੀ ਦਰਜਨ ਤੋਂ ਵੱਧ ਕਹਾਣੀ ਸੰਗ੍ਰਹਿ, ਤਿੰਨ ਨਾਵਲ ਅਤੇ ਸਵੈ-ਜੀਵਨੀ ਨਾਲ ਪੰਜਾਬੀ ਸਾਹਿਤ ਦੀ ਝੋਲੀ ਭਰੀ ਹੈ। ਸੇਵਾਮੁਕਤੀ ਤੋਂ ਬਾਅਦ ਉਹ ਕੈਲਗਰੀ ਵਿਖੇ ਰਹਿ ਰਹੇ ਹਨ। ਜਿੱਥੇ ਉਹ ਇੱਕ ਵਿਮੈੱਨ ਐਸੋਸੀਏਸ਼ਨ ਦੇ ਸੰਚਾਲਕ ਹਨ। ਕਈ ਚੈਨਲਾਂ ਤੋਂ ਪੋਡ ਕਾਸਟਿੰਗ ਨਾਲ ਜੀਵਨ ਸੇਧ ਦੇ ਕੇ ਉਨ੍ਹਾਂ ਪੰਜਾਬੀਆਂ ਦੇ ਦਿਲ ਵਿੱਚ ਵਿਸ਼ੇਸ਼ ਥਾਂ ਬਣਾਈ ਹੈ।
ਪ੍ਰਭਸ਼ਰਨ ਸਿੰਘ ਨੇ ਕਿਹਾ ਕਿ ਡਾ. ਬਰਾੜ ਨਿੱਡਰਤਾ ਦੀ ਮਿਸਾਲ ਹਨ। ਸਦਮੇ ਵਿੱਚੋਂ ਲੰਘ ਰਹੇ ਲੋਕਾਂ ਲਈ ਰਚਿਆ ਸਾਹਿਤ ਉਨ੍ਹਾਂ ਵੱਲੋਂ ਕੀਤੀ ਵਿੱਲਖਣ ਪੇਸ਼ਕਾਰੀ ਹੈ। ਸਿਆਸਤ ਜੰਮੂ ਨੇ ਕਿਹਾ ਕਿ ਉਨ੍ਹਾਂ ਦੀ ਕਲਾਸ ਦਾ ਮਾਹੌਲ ਹਮੇਸ਼ਾਂ ਸ਼ਾਂਤੀ ਨਿਕੇਤਨ ਵਰਗਾ ਹੁੰਦਾ ਸੀ। ਸੁਖਵਿੰਦਰ ਸਿੰਘ ਨੇ ਸਿਆਸਤ ਜੰਮੂ ਦੇ ਇਸ ਕਥਨ ਦੀ ਪ੍ਰੋੜਤਾ ਕੀਤੀ।
ਡਾ. ਬਰਾੜ ਨੇ ਸਭ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਸਭ ਤੋਂ ਵੱਡਾ ਤੋਹਫ਼ਾ ਕਿਸੇ ਨੂੰ ਸਮਾਂ ਦੇਣਾ ਹੁੰਦਾ ਹੈ ਜੋ ਤੁਸੀਂ ਮੈਨੂੰ ਦੇ ਰਹੇ ਹੋ। ਸਮਾਂ, ਵਿਅਕਤੀ ਤੇ ਸਬੰਧ ਖ਼ਤਮ ਹੋਣ ਤੋਂ ਬਾਅਦ ਹੀ ਯਾਦ ਆਉਂਦੇ ਹਨ। ਭਰ ਜਵਾਨੀ ਵਿੱਚ ਜੀਵਨ ਸਾਥੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਹੁੰਗਾਰੇ ਨਾਲ ਹੀ ਆਪਣੇ ਆਪ ਨੂੰ ਜਿਊਣ ਯੋਗ ਬਣਾਇਆ ਹੈ। ਉਨ੍ਹਾਂ ਲਈ ਵਿਦਿਆਰਥੀ ਉਨ੍ਹਾਂ ਦਾ ਸਰਮਾਇਆ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੁਜ਼ਾਰੇ ਪਲਾਂ ਨੂੰ ਯਾਦ ਕਰਦਿਆਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਵੀ ਸਾਂਝੀਆਂ ਕੀਤੀਆਂ। ਇਹ ਵੀ ਦੱਸਿਆ ਕਿ ਭੀੜੀਆਂ ਗਲੀਆਂ ਵਿੱਚੋਂ ਨਿਕਲਦੇ ਹੋਏ ਮਨ ’ਤੇ ਜੋ ਝਰੀਟਾਂ ਆਉਂਦੀਆਂ ਹਨ, ਉਨ੍ਹਾਂ ਨੂੰ ਭਰਨਾ ਬਹੁਤ ਜ਼ਰੂਰੀ ਹੁੰਦਾ ਹੈ। ਹਰ ਆਦਮੀ ਦੇ ਅੰਦਰ ਕੁਝ ਵਹਿਸ਼ੀ ਆਵਾਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ।
ਅੰਤ ਵਿੱਚ ਲਾਜ ਨੀਲਮ ਸੈਣੀ ਨੇ ਇਹ ਪ੍ਰੋਗਰਾਮ ਉਲੀਕਣ ਲਈ ਪ੍ਰੋ. ਬਲਜਿੰਦਰ ਸਿੰਘ ਦਾ ਅਤੇ ਦੂਰੋਂ ਨੇੜਿਓਂ ਚੱਲ ਕੇ ਆਉਣ ਲਈ ਸਭਨਾਂ ਦਾ ਧੰਨਵਾਦ ਕੀਤਾ। ਇਸ ਮਿਲਣੀ ਵਿੱਚ ਪ੍ਰੋ. ਸੁਖਦੇਵ ਸਿੰਘ, ਦਰਸ਼ਨ ਗਿੱਲ, ਇੰਦਰਜੀਤ ਕੌਰ, ਸੋਨੀਆ ਧਾਮੀ, ਹਰਮਿੰਦਰ ਸਿੰਘ, ਸਨਾ ਗਿੱਲ, ਰਵਨੀਤ ਗਿੱਲ, ਇਕਬਾਲ ਸਿੰਘ, ਇੰਦਰਜੀਤ ਕੌਰ, ਸਤਿੰਦਰ ਕੌਰ, ਜਸਵੰਤ ਕੌਰ, ਸਤਬੀਰ ਸਿੰਘ, ਗੁਰਵਿੰਦਰ ਕੌਰ, ਸਰਬਜੀਤ ਸਿੰਘ ਗਿੱਲ, ਪਰਮਜੀਤ ਕੌਰ ਗਿੱਲ, ਲਖਵੀਰ ਸਿੰਘ, ਰਵਿੰਦਰ ਕੌਰ ਅਤੇ ਰਵਿੰਦਰ ਸਿੰਘ ਸ਼ਾਮਲ ਸਨ।
ਸੰਪਰਕ: +1 604 308 6663