ਵਿਦਿਆਰਥੀਆਂ ਦੇ ਮਾਪੇ ਤੇ ਸ਼ਹਿਰ ਵਾਸੀ ਧਰਨੇ ’ਤੇ ਡਟੇ
ਸੁਭਾਸ਼ ਚੰਦਰ
ਸਮਾਣਾ, 2 ਜੂਨ
ਟਿੱਪਰ-ਇਨੋਵਾ ਹਾਦਸੇ ’ਚ ਮਾਰੇ ਗਏ ਚਾਲਕ ਅਤੇ ਸੱਤ ਬੱਚਿਆਂ ਦੀ ਯਾਦ ’ਚ ਮਾਪਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਅੱਜ ਮੋਮਬੱਤੀ ਮਾਰਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਹਾਦਸੇ ਨੂੰ ਵਾਪਰਿਆਂ 25 ਦਿਨ ਬੀਤਣ ਦੇ ਬਾਵਜੂਦ ਟਿੱਪਰ ਮਾਲਕ ਨੂੰ ਹਿਰਾਸਤ ਵਿੱਚ ਨਾ ਲਏ ਜਾਣ ਕਾਰਨ ਬੱਚਿਆਂ ਦੇ ਮਾਪਿਆਂ ਅਤੇ ਸ਼ਹਿਰ ਵਾਸੀਆਂ ਵਿੱਚ ਰੋਸ ਹੈ। ਇਸ ਦੇ ਵਿਰੋਧ ਵਿੱਚ ਅਤੇ ਇਨਸਾਫ਼ ਦੀ ਮੰਗ ਲਈ ਤਹਿਸੀਲ ਕੰਪਲੈਕਸ ਦੇ ਬਾਹਰ ਮਾਤਾ ਰਾਣੀ ਚੌਕ ’ਚ ਧਰਨਾ ਸ਼ੁਰੂ ਕੀਤਾ ਹੋਇਆ ਹੈ ਜੋ ਅੱਜ ਚੌਥੇ ਦਿਨ ਵੀ ਜਾਰੀ ਰਿਹਾ।
ਇੱਥੇ ਬਾਜ਼ਾਰ ਵਿੱਚ ਕੱਢੇ ਮੋਮਬੱਤੀ ਮਾਰਚ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ ਸਣੇ ਵੱਖ-ਵੱਖ ਰਾਜਨੀਤਕ ਦਲਾਂ ਅਤੇ ਕਿਸਾਨ ਸੰਗਠਨਾਂ ਦੇ ਆਗੂਆਂ ਤੋਂ ਇਲਾਵਾ ਹਜ਼ਾਰਾਂ ਔਰਤਾਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕਰ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਨਸਾਫ਼ ਦੀ ਮੰਗ ਅਤੇ ਟਿੱਪਰ ਮਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਕੀਤਾ ਇਹ ਮੋਮਬੱਤੀ ਮਾਰਚ ਸ਼ਹਿਰ ਦੇ ਬੱਸ-ਸਟੈਂਡ ਰੋਡ, ਕ੍ਰਿਸ਼ਨਾ ਮਾਰਕੀਟ, ਗਾਂਧੀ ਗਰਾਊਂਡ, ਸਰਾਫ਼ਾ ਬਾਜ਼ਾਰ ਸਣੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘਿਆ। ਇਸ ਮਾਰਚ ਦੌਰਾਨ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੇ ਮ੍ਰਿਤਕ ਬੱਚਿਆਂ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਮ੍ਰਿਤਕ ਮਾਸੂਮਾਂ ਨੂੰ ਸ਼ਰਧਾਂਜਲੀ ਦਿੱਤੀ।