ਪੱਤਰ ਪ੍ਰੇਰਕਜਲੰਧਰ, 30 ਮਈਵਿਜੀਲੈਂਸ ਵੱਲੋਂ ਏਟੀਪੀ ਸੁਖਦੇਵ ਵਸ਼ਿਸ਼ਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਵਿਜੀਲੈਂਸ ਨੇ ਨਗਰ ਨਿਗਮ ’ਚ ਇਕ ਹੋਰ ਕਾਰਵਾਈ ਕਰਦਿਆਂ ਨਿਗਮ ਵਿਚ ਤਾਇਨਾਤ ਇੰਸਪੈਕਟਰ ਨੂੰ ਦੇਰ ਰਾਤ ਹਿਰਾਸਤ ’ਚ ਲੈ ਲਿਆ ਹੈ। ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਲੰਧਰ ਕੇਂਦਰੀ ਹਲਕੇ ਵਿਚ ਕਈ ਗੈਰ-ਕਾਨੂੰਨੀ ਉਸਾਰੀ ਕਰਨ ਵਾਲੇ ਲੋਕਾਂ ਤੋਂ ਜਾਅਲੀ ਨੋਟਿਸਾਂ ਦੇ ਅਧਾਰ ’ਤੇ ਲੱਖਾਂ ਰੁਪਏ ਲੁੱਟੇ ਗਏ। ਜਲੰਧਰ ਪੱਛਮੀ ਵਿਚ ਵੀ ਹਾਲਾਤ ਅਜਿਹੇ ਹੀ ਹਨ, ਇਸ ਸਬੰਧੀ ਹੁਣ ਵਿਜੀਲੈਂਸ ਨੇ ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਹਿਰਾਸਤ ’ਚ ਲੈ ਲਿਆ ਹੈ। ਪਤਾ ਲੱਗਾ ਹੈ ਕਿ ਹਰਪ੍ਰੀਤ ਕੌਰ ਦਾ ਨਾਂ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਇਕ ਬੇਕਰੀ ਮਾਲਕ ਵੱਲੋਂ ਇਕ ਬਿਆਨ ਦਰਜ ਕਰਵਾਇਆ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਸ ਨੇ ਬੇਕਰੀ ਦੀ ਉਸਾਰੀ ਦੇ ਬਦਲੇ ਇੰਸਪੈਕਟਰ ਨੂੰ ਲੱਖਾਂ ਰੁਪਏ ਦਿੱਤੇ ਸਨ।